ਸੁਸ਼ਾਂਤ ਦੀ ਮੌਤ ਨੂੰ ਲੈ ਕੇ ਸਭ ਤੋਂ ਵੱਡਾ ਖ਼ੁਲਾਸਾ, ਏਮਜ਼ ਦੀ ਫੋਰੈਂਸਿਕ ਟੀਮ ਨੇ ਕਤਲ ਤੋਂ ਕੀਤਾ ਇਨਕਾਰ

10/03/2020 4:27:57 PM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਸਾਢੇ ਤਿੰਨ ਮਹੀਨਿਆਂ ਬਾਅਦ ਹੁਣ ਤਕ ਦਾ ਸਭ ਤੋਂ ਵੱਡਾ ਖ਼ੁਲਾਸਾ ਹੋਇਆ ਹੈ। ਦਰਅਸਲ, ਖ਼ੁਦਕੁਸ਼ੀ ਅਤੇ ਕਤਲ ਵਿਚਕਾਰ ਉਲਝੀ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਲੈ ਕੇ ਫਿਰ ਨਵਾਂ ਮੋੜ ਆ ਗਿਆ ਹੈ। ਫ਼ਿਲਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਮਾਮਲੇ ’ਚ ਏਮਜ਼ ਦੀ ਫੋਰੈਂਸਿਕ ਡਾਕਟਰਾਂ ਦੀ ਟੀਮ ਨੇ ਸੀ. ਬੀ. ਆਈ. ਨੂੰ ਫਾਈਨਲ ਰਿਪੋਰਟ ਸੌਂਪ ਦਿੱਤੀ ਹੈ। ਸੂਤਰਾਂ ਮੁਤਾਬਕ ਏਮਜ਼ ਨੇ ਆਪਣੀ ਇਸ ਰਿਪੋਰਟ ਵਿਚ ਸੁਸ਼ਾਂਤ ਦੇ ਕਤਲ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਮੌਤ ਹੋਣ ਦਾ ਕਾਰਨ ਖ਼ੁਦਕੁਸ਼ੀ ਦੱਸਿਆ ਹੈ। ਏਮਜ਼ ਦੇ ਪੈਨਲ ਨੇ ਇਹ ਖ਼ੁਲਾਸਾ, ਕਤਲ ਦੀ ਥਿਓਰੀ ਨੂੰ ਲੈ ਕੇ ਲਗਾਤਾਰ ਆਪਣੀ ਗੱਲ ਰੱਖਣ ਵਾਲੇ ਸੁਸ਼ਾਂਤ ਸਿੰਘ ਰਾਜਪੂਤ ਦੇ ਪਰਿਵਾਰ ਨੂੰ ਵੱਡਾ ਝਟਕਾ ਹੈ। ਉਥੇ ਏਮਜ਼ ਦੀ ਪੰਜ ਮੈਂਬਰੀ ਫੋਰੈਂਸਿਕ ਟੀਮ ਦੇ ਚੇਅਰਮੈਨ ਡਾ. ਸੁਧੀਰ ਗੁਪਤਾ ਨੇ ਅਜੇ ਤਕ ਇਸ ਮਾਮਲੇ ਵਿਚ ਕੋਈ ਵੀ ਅਧਿਕਾਰਿਤ ਬਿਆਨ ਨਹੀਂ ਦਿੱਤਾ ਹੈ।

ਪਿਛਲੇ ਹਫ਼ਤੇ ਸੌਂਪੀ ਸੀ ਰਿਪੋਰਟ
ਦੱਸ ਦਈਏ ਕਿ ਪਿਛਲੇ ਹਫਤੇ 28 ਸਤੰਬਰ ਨੂੰ ਏਮਜ਼ ਅਤੇ ਸੀ. ਬੀ. ਆਈ. ਦੇ ਫੋਰੈਂਸਿਕ ਡਾਕਟਰਾਂ ਦੀ ਟੀਮ ਦੇ ਵਿਚਕਾਰ ਇਕ ਮਹੱਤਵਪੂਰਨ ਮੀਟਿੰਗ ਹੋਈ ਸੀ, ਜਿਸ ਵਿਚ ਏਮਜ਼ ਨੇ ਵਿਸਰਾ ਟੈਸਟ ਦੀ ਰਿਪੋਰਟ ਸੀ. ਬੀ. ਆਈ. ਨੂੰ ਸੌਂਪੀ ਸੀ। ਵਿਸਰਾ ਜਾਂਚ ਵਿਚ ਕਿਸੇ ਜ਼ਹਿਰ ਦੀ ਪੁਸ਼ਟੀ ਨਹੀਂ ਹੋਈ ਹੈ। ਇਸ 'ਤੇ ਡਾ: ਸੁਧੀਰ ਗੁਪਤਾ ਨੇ ਕਿਹਾ ਕਿ ਏਮਜ਼ ਦੀ ਟੀਮ ਜਾਂਚ ਦੇ ਨਤੀਜੇ 'ਤੇ ਪਹੁੰਚ ਗਈ ਹੈ। ਏਮਜ਼ ਦੀ ਫੋਰੈਂਸਿਕ ਟੀਮ ਅਤੇ ਸੀ. ਬੀ. ਆਈ. ਇਕ ਦੂਜੇ ਦੇ ਨਤੀਜਿਆਂ ਨਾਲ ਸਹਿਮਤ ਹਨ ਪਰ ਕੁਝ ਕਾਨੂੰਨੀ ਪਹਿਲੂਆਂ ਨੂੰ ਤਰਕਪੂਰਨ ਸਿੱਟੇ ਉੱਤੇ ਪਹੁੰਚਣ ਲਈ ਵਿਚਾਰਨ ਦੀ ਲੋੜ ਹੈ। ਇਸ ਤੋਂ ਬਾਅਦ ਏਮਜ਼ ਦੀ ਫੋਰੈਂਸਿਕ ਟੀਮ ਨੇ ਪੂਰੀ ਜਾਂਚ ਕਰਨ ਤੋਂ ਬਾਅਦ ਅੰਤਮ ਰਿਪੋਰਟ ਸੀ. ਬੀ. ਆਈ. ਨੂੰ ਸੌਂਪ ਦਿੱਤੀ ਹੈ। 
ਸੂਤਰਾਂ ਅਨੁਸਾਰ ਨਵੀਂ ਦਿੱਲੀ ਸਥਿਤ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਦੇ ਡਾਕਟਰਾਂ ਦੇ ਪੈਨਲ ਨੇ ਕੇਂਦਰੀ ਜਾਂਚ ਬਿਊਰੋ (CBO) ਨੂੰ ਆਪਣੀ ਰਾਏ ਦਿੰਦਿਆਂ ਕਿਹਾ ਹੈ ਕਿ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਮਾਰਿਆ ਨਹੀਂ ਗਿਆ ਹੈ ਸਗੋਂ ਇਹ ਖ਼ੁਦਕੁਸ਼ੀ ਦਾ ਮਾਮਲਾ ਹੈ।


sunita

Content Editor

Related News