ਸ਼ਮਿਤਾ ਸ਼ੈੱਟੀ ਨਾਲ ਲੜਾਈ ਤੋਂ ਬਾਅਦ ਅਫਸਾਨਾ ਖ਼ਾਨ ਦਾ ਫੁੱਟਿਆ ਗੁੱਸਾ, ਖ਼ੁਦ ਨੂੰ ਮਾਰੇ ਥੱਪੜ, ਪਾੜੀ ਪ੍ਰੇਮੀ ਦੀ ਤਸਵੀਰ
Sunday, Oct 17, 2021 - 12:50 PM (IST)

ਮੁੰਬਈ (ਬਿਊਰੋ)– ‘ਬਿੱਗ ਬੌਸ 15’ ’ਚ ਇਸ ਹਫਤੇ ‘ਵੀਕੈਂਡ ਕਾ ਵਾਰ’ ਐਪੀਸੋਡ ਕਾਫੀ ਧਮਾਕੇਦਾਰ ਰਿਹਾ। ਸਲਮਾਨ ਖ਼ਾਨ ਨੇ ਮੁਕਾਬਲੇਬਾਜ਼ਾਂ ਨੂੰ ਉਨ੍ਹਾਂ ਦੀਆਂ ਗਲਤੀਆਂ ਲਈ ਝਾੜ ਪਾਈ ਹੈ। ਹਾਲਾਂਕਿ ਸਭ ਤੋਂ ਜ਼ਿਆਦਾ ਝਾੜ ਇਸ ਵਾਰ ਅਫਸਾਨਾ ਖ਼ਾਨ ਨੂੰ ਪਈ। ਸਲਮਾਨ ਖ਼ਾਨ ਨੇ ‘ਵੀਕੈਂਡ ਕਾ ਵਾਰ’ ਐਪੀਸੋਡ ’ਚ ਅਫਸਾਨਾ ਖ਼ਾਨ ਦੀ ਇਕ ਵੀਡੀਓ ਕਲਿੱਪ ਦਿਖਾਈ, ਜਿਸ ’ਚ ਉਹ ਸ਼ਮਿਤਾ ਸ਼ੈੱਟੀ ਨਾਲ ਬੁਰੀ ਤਰ੍ਹਾਂ ਲੜਦੀ ਦਿਖਾਈ ਦਿੱਤੀ। ਅਫਸਾਨਾ ਨੇ ਸ਼ਮਿਤਾ ਸ਼ੈੱਟੀ ਲਈ ਬੁੱਢੀ, ਗੰਦੀ ਔਰਤ ਸਮੇਤ ਕਈ ਅਪਸ਼ਬਦਾਂ ਦੀ ਵਰਤੋਂ ਕੀਤੀ।
ਇਹ ਖ਼ਬਰ ਵੀ ਪੜ੍ਹੋ : ਭਾਰਤੀ ਫ਼ਿਲਮ ਜਗਤ ਦੇ ਮਸ਼ਹੂਰ ਪ੍ਰੋਡਕਸ਼ਨ ਹਾਊਸਿਜ਼ ਲਈ ਸਖ਼ਤ ਮੁਕਾਬਲੇਬਾਜ਼ ਦੇ ਰੂਪ ’ਚ ਉੱਭਰ ਰਹੇ ਨੇ ਦਲਜੀਤ ਥਿੰਦ
ਸ਼ਮਿਤਾ ਸ਼ੈੱਟੀ ਵੀ ਗੁੱਸੇ ’ਚ ਅਫਸਾਨਾ ਨੂੰ ਕਹਿੰਦੀ ਹੈ ਕਿ ਉਹ ਸ਼ੋਅ ’ਚ ਸਭ ਤੋਂ ਵੱਡੀ ਝੂਠੀ ਹੈ। ਸ਼ਮਿਤਾ ਦੀ ਇਸ ਗੱਲ ’ਤੇ ਅਫਸਾਨਾ ਉਸ ’ਤੇ ਹੋਰ ਭੜਕ ਜਾਂਦੀ ਹੈ ਤੇ ਗੁੱਸੇ ’ਚ ਕਹਿੰਦੀ ਹੈ ਕਿ ਤੂੰ ਹੈ ਕੌਣ ਤੇ ਇਸ ਤੋਂ ਬਾਅਦ ਆਪਣੀ ਚੱਪਲ ਸ਼ਮਿਤਾ ਸ਼ੈੱਟੀ ਵੱਲ ਸੁੱਟ ਦਿੰਦੀ ਹੈ। ਅਫਸਾਨਾ ਸ਼ਮਿਤਾ ਨੂੰ ਏਜ ਸ਼ੇਮ ਵੀ ਕਰਦੀ ਹੈ ਤੇ ਘਟੀਆ ਔਰਤ ਕਹਿੰਦੀ ਹੈ। ਇਸ ਤੋਂ ਬਾਅਦ ਅਫਸਾਨਾ ਵਿਸ਼ਾਲ ਨੂੰ ਵੀ ਮਰਦਾਨਾ ਕਹਿ ਕੇ ਗਲਤ-ਗਲਤ ਗੱਲਾਂ ਬੋਲਦੀ ਹੈ। ਇੰਨਾ ਹੀ ਨਹੀਂ, ਅਫਸਾਨਾ ਸ਼ਮਿਤਾ ਤੇ ਵਿਸ਼ਾਲ ਨੂੰ ਮਰਨ ਦੀ ਗੱਲ ਕਹਿ ਦਿੰਦੀ ਹੈ।
ਅਫਸਾਨਾ ਦੀ ਵਧਦੀ ਬਦਤਮੀਜ਼ੀ ਨੂੰ ਦੇਖ ਕੇ ਸ਼ਮਿਤਾ ਸ਼ੈੱਟੀ, ਵਿਸ਼ਾਲ ਕੋਟੀਅਨ ਤੇ ਜੈ ਭਾਨੂਸ਼ਾਲੀ ਉਸ ’ਤੇ ਕਾਫੀ ਗੁੱਸਾ ਹੋ ਜਾਂਦੇ ਹਨ। ਸ਼ਮਿਤਾ ਕਹਿੰਦੀ ਹੈ ਕਿ ਅਫਸਾਨਾ ਪਹਿਲੇ ਹਫਤੇ ਤੋਂ ਹੀ ਉਸ ਨੂੰ ਟਾਰਗੇਟ ਕਰ ਰਹੀ ਹੈ ਤੇ ਉਹ ਕਾਫੀ ਬਰਦਾਸ਼ਤ ਕਰ ਰਹੀ ਹੈ। ਇਸ ਤੋਂ ਬਾਅਦ ਜੈ ਵੀ ਅਫਸਾਨਾ ਨੂੰ ਕਹਿੰਦੇ ਹਨ, ‘ਜਿੰਨੀ ਖੂਬਸੂਰਤ ਇਸ ਦੀ ਆਵਾਜ਼ ਹੈ, ਉਨੀਆਂ ਹੀ ਘਟੀਆ ਗੱਲਾਂ ਕਰਦੀ ਹੈ।’
ਲੜਾਈ ’ਚ ਘਰ ਦਾ ਮਾਹੌਲ ਕਾਫੀ ਖਰਾਬ ਹੋ ਜਾਂਦਾ ਹੈ ਤੇ ਅਫਸਾਨਾ ਖ਼ੁਦ ’ਤੇ ਆਪਣਾ ਕੰਟਰੋਲ ਗੁਆ ਦਿੰਦੀ ਹੈ ਤੇ ਆਪਣੇ ਮੂੰਹ ’ਤੇ ਜ਼ੋਰ-ਜ਼ੋਰ ਨਾਲ ਥੱਪੜ ਮਾਰਨ ਲੱਗਦੀ ਹੈ। ਅਫਸਾਨਾ ਖ਼ੁਦ ਨੂੰ ਕੁੱਟਣ ਤੋਂ ਬਾਅਦ ਘਰ ਦਾ ਸਾਮਾਨ ਵੀ ਸੁੱਟਣ ਲੱਗਦੀ ਹੈ। ਪਹਿਲਾਂ ਉਹ ਪਾਣੀ ਦੀ ਬੋਤਲ ਜ਼ੋਰ ਨਾਲ ਸੁੱਟਦੀ ਹੈ ਤੇ ਫਿਰ ਆਪਣੇ ਕੋਲ ਰੱਖੇ ਲੈਂਪ ਨੂੰ ਚੁੱਕ ਕੇ ਵੀ ਉਸ ਨੂੰ ਜ਼ੋਰ ਨਾਲ ਜ਼ਮੀਨ ’ਤੇ ਸੁੱਟਦੀ ਹੈ।
ਅਫਸਾਨਾ ਦਾ ਗੁੱਸਾ ਇਥੇ ਹੀ ਸ਼ਾਂਤ ਨਹੀਂ ਹੁੰਦਾ ਹੈ, ਉਹ ਜੰਗਲ ਏਰੀਆ ’ਚ ਜਾਂਦੀ ਹੈ ਤੇ ਕੰਧ ’ਤੇ ਲੱਗੀ ਆਪਣੇ ਬੁਆਏਫਰੈਂਡ ਦੀ ਤਸਵੀਰ ਵੀ ਪਾੜ ਦਿੰਦੀ ਹੈ। ਇਸ ਤੋਂ ਬਾਅਦ ਅਫਸਾਨਾ ਕੰਧ ’ਚ ਸਿਰ ਮਾਰਨ ਲੱਗਦੀ ਹੈ। ਉਦੋਂ ਪ੍ਰਤੀਕ, ਮਾਇਸ਼ਾ ਤੇ ਨਿਸ਼ਾਂਤ ਉਸ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੇ ਹਨ ਪਰ ਅਫਸਾਨਾ ਕਿਸੇ ਦੇ ਕੰਟਰੋਲ ’ਚ ਨਹੀਂ ਆਉਂਦੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।