ਮੁੜ ਸਦਮੇ 'ਚ ਫ਼ਿਲਮੀ ਸਿਤਾਰੇ, ਹੁਣ ਇਸ ਅਦਾਕਾਰ ਨੇ ਫ਼ਾਹਾ ਲੈ ਕੇ ਕੀਤੀ ਖ਼ੁਦਕੁਸ਼ੀ
Thursday, Jul 30, 2020 - 10:14 AM (IST)

ਨਵੀਂ ਦਿੱਲੀ (ਬਿਊਰੋ) — ਇਨ੍ਹੀਂ ਦਿਨੀਂ ਭਾਰਤੀ ਫ਼ਿਲਮ ਜਗਤ ਤੋਂ ਲਗਾਤਾਰ ਬੁਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਹ ਸਿਲਸਿਲਾ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ ਹੈ। ਅੱਜ ਸਵੇਰੇ ਮਸ਼ਹੂਰ ਮਰਾਠੀ ਅਭਿਨੇਤਾ ਆਸ਼ੁਤੋਸ਼ ਭਾਕਰੇ ਨੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਨੇ ਮਹਾਰਾਸ਼ਟਰ ਦੇ ਨਾਂਦੇੜ ਸਥਿਤ ਆਪਣੇ ਘਰ 'ਚ ਖ਼ੁਦ ਨੂੰ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ।
ਨਾਂਦੇੜ ਸਥਿਤ ਘਰ 'ਚ ਲਟਕਦੀ ਮਿਲੀ ਲਾਸ਼
ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ, ਆਸ਼ੁਤੋਸ਼ ਦਾ ਮ੍ਰਿਤਕ ਸਰੀਰ ਨਾਂਦੇੜ ਸਥਿਤ ਘਰ 'ਚ ਲਟਕਦੀ ਮਿਲੀ। ਇਸ ਖ਼ਬਰ ਨਾਲ ਪੂਰੇ ਫ਼ਿਲਮ ਜਗਤ 'ਚ ਸੋਗ ਦੀ ਲਹਿਰ ਛਾ ਗਈ। ਫਿਲਹਾਲ ਉਨ੍ਹਾਂ ਦੇ ਇਹ ਕਦਮ ਚੁੱਕਣ ਪਿੱਛੇ ਕੀ ਕਾਰਨ ਸੀ, ਇਸ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ। ਪੁਲਸ ਇਸ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਕਰ ਰਹੀ ਹੈ।
ਦੱਸਣਯੋਗ ਹੈ ਕਿ ਆਸ਼ੁਤੋਸ਼ ਫ਼ਿਲਮ ਅਤੇ ਟੀ. ਵੀ. ਦੀ ਮਸ਼ਹੂਰ ਅਦਾਕਾਰਾ ਮਯੁਰੀ ਦੇਸ਼ਮੁਖ ਦੇ ਪਤੀ ਸਨ। ਇਸ ਜੋੜੀ ਨੇ ਸਾਲ 2016 'ਚ ਵਿਆਹ ਕਰਵਾਇਆ ਸੀ। ਦੋਵਾਂ 'ਚ ਅਕਸਰ ਜ਼ਬਰਦਸਤ ਬਾਂਡਿੰਗ ਦੇਖਣ ਨੂੰ ਮਿਲਦੀ ਸੀ। ਆਸ਼ੁਤੋਸ਼ ਮਰਾਠੀ ਫ਼ਿਲਮ ਉਦਯੋਗ ਦਾ ਚਰਚਿਤ ਅਦਾਕਾਰ ਸੀ। ਉਨ੍ਹਾਂ ਨੇ ਸੀਰੀਅਲ 'Khulta Kali Khulena' ਨਾਲ ਘਰ-ਘਰ 'ਚ ਪਛਾਣ ਹਾਸਲ ਕੀਤੀ ਸੀ। ਟੀ. ਵੀ. ਤੋਂ ਇਲਾਵਾ ਆਸ਼ੁਤੋਸ਼ ਕਈ ਸੁਪਰਸਟਾਰ ਫ਼ਿਲਮਾਂ 'ਚ ਵੀ ਨਜ਼ਰ ਆ ਚੁੱਕਾ ਸੀ।