ਐਕਸ਼ਨ ਸੀਰੀਜ਼ ਹੈ ‘ਸਿਟਾਡੇਲ’, ਜੋ ਨਾਨ-ਐਕਸ਼ਨ ਪ੍ਰਸ਼ੰਸਕਾਂ ਨੂੰ ਵੀ ਪਸੰਦ ਆਵੇਗੀ : ਰਾਜ ਤੇ ਡੀ. ਕੇ.

Tuesday, Oct 29, 2024 - 02:47 PM (IST)

ਐਕਸ਼ਨ ਸੀਰੀਜ਼ ਹੈ ‘ਸਿਟਾਡੇਲ’, ਜੋ ਨਾਨ-ਐਕਸ਼ਨ ਪ੍ਰਸ਼ੰਸਕਾਂ ਨੂੰ ਵੀ ਪਸੰਦ ਆਵੇਗੀ : ਰਾਜ ਤੇ ਡੀ. ਕੇ.

ਵਰੁਣ ਧਵਨ ਅਤੇ ਸਾਮੰਥਾ ਦੀ ਜੋੜੀ ‘ਸਿਟਾਡੇਲ : ਹਨੀ ਬਨੀ’ ’ਚ ਨਜ਼ਰ ਆਵੇਗੀ, ਜੋ ਐਕਸ਼ਨ ਨਾਲ ਭਰਪੂਰ ਹੈ। ਵੈੱਬ ਸੀਰੀਜ਼ ਦਾ ਨਿਰਦੇਸ਼ਨ ਰਾਜ ਤੇ ਡੀ.ਕੇ. (ਰਾਜ ਨਿਦਿਮੋਰੂ ਤੇ ਕ੍ਰਿਸ਼ਨਾ ਡੀ.ਕੇ.) ਨੇ ਕੀਤਾ ਹੈ ਅਤੇ ਇਸ ਨੂੰ ਸੀਤਾ ਆਰ. ਮੈਨਨ ਨਾਲ ਮਿਲ ਕੇ ਲਿਖਿਆ ਹੈ। ਇਹ ਸੀਰੀਜ਼ ਰੂਸੋ ਬ੍ਰਦਰਜ਼ ਨਾਲ ਮਿਲ ਕੇ ਬਣਾਈ ਗਈ ਹੈ। 7 ਨਵੰਬਰ ਤੋਂ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ ਪ੍ਰਸਾਰਿਤ ਹੋਣ ਵਾਲੀ ਇਸ ਸੀਰੀਜ਼ ਦੇ ਕੁੱਲ 6 ਸੀਜ਼ਨ ਹੋਣਗੇ। ਇਸ ਬਾਰੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਰਾਜ ਤੇ ਡੀ.ਕੇ. ਨੇ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ :
ਰਾਜ (ਰਾਜ ਨਿਦਿਮੋਰੂ)

ਸੀਰੀਜ਼ ਦਾ ਟ੍ਰੇਲਰ ਕਾਫ਼ੀ ਧਮਾਕੇਦਾਰ ਸੀ, ਕੀ ਤੁਸੀਂ ਪਹਿਲਾਂ ਤੋਂ ਅੰਦਾਜ਼ਾ ਲਾਇਆ ਸੀ ਕਿ ਇਹ ਇੰਨਾ ਪ੍ਰਭਾਵਸ਼ਾਲੀ ਹੋਵੇਗਾ?
ਜਦੋਂ ਟ੍ਰੇਲਰ ਦੀ ਤਿਆਰੀ ਹੋ ਰਹੀ ਸੀ ਤਾਂ ਸਾਨੂੰ ਦੱਸਿਆ ਗਿਆ ਕਿ ਇਸ ਨੂੰ ਦੋ ਵਾਰ ਹੀ ਚਲਾਉਣਾ ਹੈ। ਮੈਂ ਪ੍ਰਾਈਮ ਵੀਡੀਓ ਦੀ ਟੀਮ ਨੂੰ ਬੇਨਤੀ ਕੀਤੀ ਕਿ ਟ੍ਰੇਲਰ ਨੂੰ ਦੋ ਵਾਰ ਨਾ ਚਲਾਉਣ ਕਿਉਂਕਿ ਪਹਿਲੀ ਵਾਰ ’ਚ ਉਹ ਨਵਾਂ ਲੱਗਦਾ ਹੈ ਪਰ ਦੂਜੀ ਵਾਰ ਇੰਨਾ ਪ੍ਰਭਾਵੀ ਨਹੀਂ ਹੁੰਦਾ।

ਜਦੋਂ ਮੈਂ ਟੀਜ਼ਰ ਦੇਖਿਆ ਤਾਂ ਮਹਿਸੂਸ ਕੀਤਾ ਕਿ ਇਸ ਨੂੰ ਬਹੁਤ ਵਧੀਆ ਢੰਗ ਨਾਲ ਐਡਿਟ ਕੀਤਾ ਗਿਆ ਹੈ, ਜਿਸ ਦਾ ਸਿਹਰਾ ਐਡੀਟਰ ਨੂੰ ਜਾਂਦਾ ਹੈ। ਟ੍ਰੇਲਰ ਤੋਂ ਹੀ ਲੋਕ ਤੈਅ ਕਰ ਲੈਂਦੇ ਹਨ ਕਿ ਸੀਰੀਜ਼ ਕਿਸ ਤਰ੍ਹਾਂ ਦੀ ਹੋਵੇਗੀ, ਇਸ ਲਈ ਇਹ ਬਹੁਤ ਮਹੱਤਵਪੂਰਨ ਹੁੰਦਾ ਹੈ।

‘ਸਿਟਾਡੇਲ: ਹਨੀ ਬਨੀ’ ਲਈ ਤੁਹਾਡੇ ਤੱਕ ਪਹਿਲੀ ਵਾਰ ਪਹੁੰਚ ਕਿਵੇਂ ਕੀਤੀ ਗਈ?
ਜਦੋਂ ਜੈਨੀਫਰ ਸਰਚੀ ਇੰਡੀਆ ਆ ਰਹੀ ਸੀ ਤਾਂ ਐਮਾਜ਼ੋਨ ਟੀਮ ਨੇ ਦੱਸਿਆ ਕਿ ਉਨ੍ਹਾਂ ਕੋਲ ਇਕ ਆਈਡੀਆ ਹੈ ਤੇ ਉਹ ਸਾਨੂੰ ਮਿਲਣਾ ਚਾਹੁੰਦੀ ਹੈ। ਅਸੀਂ ਪਹਿਲਾਂ ਤੋਂ ਹੀ ਐਮਾਜ਼ੋਨ ਨਾਲ ਤਿੰਨ ਸ਼ੋਅਜ਼ ’ਤੇ ਕੰਮ ਕਰ ਰਹੇ ਸੀ, ਜੋ ਵੱਖ-ਵੱਖ ਪੜਾਵਾਂ ’ਤੇ ਸਨ, ਇਸ ਲਈ ਅਸੀਂ ਸੋਚਿਆ ਕਿ ਇਕ ਹੋਰ ਸੀਰੀਜ਼ ਨਹੀਂ ਲੈਣੀ ਚਾਹੀਦੀ ਪਰ ਜਦੋਂ ਉਨ੍ਹਾਂ ਨੇ ‘ਸਿਟਾਡੇਲ’ ਦਾ ਪ੍ਰਸਤਾਵ ਰੱਖਿਆ ਤੇ ਦੱਸਿਆ ਕਿ ਇਹ ਇਕ ਗਲੋਬਲ ਈਵੈਂਟ ਸੀਰੀਜ਼ ਹੈ, ਜਿਸ ’ਚ ਰੂਸੋ ਬ੍ਰਦਰਜ਼ ਵੀ ਸ਼ਾਮਲ ਸਨ ਤਾਂ ਅਸੀਂ ਇਸ ਲਈ ਮਨਾ ਨਹੀਂ ਕਰ ਸਕੇ।

ਰੂਸੋ ਬ੍ਰਦਰਜ਼ ਨਾਲ ਮੁਲਾਕਾਤ ਕਿਵੇਂ ਰਹੀ? ਕੀ ਉਨ੍ਹਾਂ ਨੇ ਤੁਹਾਨੂੰ ਕੋਈ ਸੁਝਾਅ ਦਿੱਤਾ?
ਪਹਿਲੀ ਮੁਲਾਕਾਤ ’ਚ ਅਸੀਂ ਰੂਸੋ ਬ੍ਰਦਰਜ਼ ਤੇ ਹੋਰ ਲੇਖਕਾਂ ਨੂੰ ਮਿਲੇ। ਮਾਹੌਲ ਬਿਲਕੁਲ ਹਾਲੀਵੁੱਡ ਵਰਗਾ ਸੀ। ਜਦੋਂ ਮੈਂ ਰੂਸੋ ਬ੍ਰਦਰਜ਼ ਨੂੰ ਮਿਲਿਆ ਤਾਂ ਮੈਨੂੰ ਉਨ੍ਹਾਂ ਦੀ ਪਹਿਲੀ ਫਿਲਮ ‘ਵੈੱਲਕਮ ਟੂ ਕੋਲਿਨਵੁੱਡ’ ਯਾਦ ਆਈ, ਜੋ ਮੈਂ ਬਹੁਤ ਸਮਾਂ ਪਹਿਲਾਂ ਦੇਖੀ ਸੀ। ਹੁਣ ਉਹ ਬਾਕਸ ਆਫਿਸ ’ਤੇ ਦੋ ਬਿਲੀਅਨ ਡਾਲਰ ਦੀ ਕਮਾਈ ਕਰ ਚੁੱਕੇ ਹਨ ਤੇ ਉਨ੍ਹਾਂ ਨਾਲ ਕੰਮ ਕਰਨਾ ਇਕ ਰੋਮਾਂਚਕ ਅਨੁਭਵ ਸੀ।

ਅੱਜ ਦੇ ਨੌਜਵਾਨ ਲੇਖਕਾਂ ਕੋਲ ਕਹਾਣੀਆਂ ਤਾਂ ਹਨ ਪਰ ਉਹ ਤੁਹਾਡੇ ਤੱਕ ਕਿਵੇਂ ਪਹੁੰਚ ਸਕਦੇ ਹਨ?
ਜੇ ਉਨ੍ਹਾਂ ਕੋਲ ਕੋਈ ਚੰਗੀ ਕਹਾਣੀ ਹੈ ਤਾਂ ਉਹ ਸਾਨੂੰ ਮੇਲ ਕਰ ਸਕਦੇ ਹਨ। ਮੈਂ ਹਰ ਰੋਜ਼ ਬਹੁਤ ਸਾਰੀਆਂ ਈ-ਮੇਲ ਦੇਖਦਾ ਹਾਂ ਪਰ ਉਨ੍ਹਾਂ ਨੂੰ ਪੜ੍ਹਨ ਲਈ ਸਮਾਂ ਨਹੀਂ ਮਿਲਦਾ, ਇਸ ਲਈ ਜੇ ਕੋਈ ਲੇਖਕ ਆਪਣੀ ਕਹਾਣੀ ਦਾ ਇਕ ਸਫ਼ੇ ਦਾ ਸਿਨੋਪਸਿਸ ਭੇਜੇ ਤੇ ਉਹ ਸਾਨੂੰ ਪਸੰਦ ਆਵੇ ਤਾਂ ਅਸੀਂ ਉਨ੍ਹਾਂ ਨੂੰ ਜ਼ਰੂਰ ਬੁਲਾਵਾਂਗੇ।

ਡੀ.ਕੇ. (ਕ੍ਰਿਸ਼ਨਾ ਡੀ.ਕੇ.)
ਵਰੁਣ ਧਵਨ ਤੇ ਸਾਮੰਥਾ ਦੀ ਕਾਸਟਿੰਗ ਕਿਵੇਂ ਹੋਈ? ਇਹ ਕਿਸ ਦਾ ਆਇਡੀਆ ਸੀ?

ਵਰੁਣ ਧਵਨ ਨੇ ‘ਫੈਮਿਲੀ ਮੈਨ 2’ ਤੋਂ ਬਾਅਦ ਸਾਨੂੰ ਫੋਨ ਕੀਤਾ ਤੇ ਕਿਹਾ ਕਿ ਉਨ੍ਹਾਂ ਨੂੰ ਸਾਡਾ ਕੰਮ ਬਹੁਤ ਪਸੰਦ ਆਇਆ ਤੇ ਉਹ ਸਾਡੇ ਨਾਲ ਕੰਮ ਕਰਨਾ ਚਾਹੁੰਦੇ ਹਨ। ਉਸ ਸਮੇਂ ਅਸੀਂ ‘ਸਿਟਾਡੇਲ’ ’ਤੇ ਕੰਮ ਕਰ ਰਹੇ ਸੀ ਤੇ ਵਰੁਣ ਬਹੁਤ ਪਹਿਲਾਂ ਤੋਂ ਹੀ ਇਸ ਪ੍ਰਾਜੈਕਟ ਲਈ ਤਿਆਰ ਸਨ। ਸਾਮੰਥਾ ਨੇ ਵੀ ‘ਫੈਮਿਲੀ ਮੈਨ’ ’ਚ ਵੀ ਸ਼ਾਨਦਾਰ ਕੰਮ ਕੀਤਾ ਸੀ, ਇਸ ਲਈ ਸਾਨੂੰ ਪਤਾ ਸੀ ਕਿ ਉਹ ਇਸ ਨੂੰ ਵਧੀਆ ਤਰੀਕੇ ਨਾਲ ਨਿਭਾਅ ਲਵੇਗੀ।

ਵੱਖ-ਵੱਖ ਥਾਵਾਂ ਦੇ ਐਕਟਰਾਂ ਨੂੰ ਇਕੱਠੇ ਲਿਆਉਣ ਨਾਲ ਤੁਹਾਨੂੰ ਆਮਦਨ ਵਧਣ ਦੀ ਉਮੀਦ ਹੈ?
ਸਾਨੂੰ ਸੀਕਵਲ ਬਣਾਉਣ ’ਚ ਜ਼ਿਆਦਾ ਮਜ਼ਾ ਨਹੀਂ ਆਉਂਦਾ ਕਿਉਂਕਿ ਸਾਡੇ ਕੋਲ ਹੋਰ ਬਹੁਤ ਸਾਰੀਆਂ ਕਹਾਣੀਆਂ ਹਨ, ਜੋ ਅਸੀਂ ਦੱਸਣਾ ਚਾਹੁੰਦੇ ਹਾਂ। ‘ਫੈਮਿਲੀ ਮੈਨ’ ਸਾਡਾ ਪਹਿਲਾ ਸੀਕਵਲ ਸੀ। ਜੇ ਅਸੀਂ ਸਾਰਿਆਂ ਨੂੰ ਇਕ ਪਰਦੇ ’ਤੇ ਲਿਆਉਂਦੇ ਹਾਂ ਤਾਂ ਸਾਨੂੰ ਹਰ ਚੀਜ਼ ਨੂੰ ਸੰਤੁਲਿਤ ਕਰਨਾ ਹੋਵੇਗਾ ਪਰ ਅਸੀਂ ਅਜਿਹਾ ਪਹਿਲਾਂ ਕਦੇ ਨਹੀਂ ਕੀਤਾ ।

ਤੁਸੀਂ ‘ਇਸਤਰੀ’ ਵਰਗੀ ਡਰਾਉਣੀ ਕਾਮੇਡੀ ਬਣਾਈ ਸੀ। ਕੀ ਤੁਸੀਂ ਇਕ ਪੂਰੀ ਤਰ੍ਹਾਂ ਦੀ ਡਰਾਉਣੀ ਫਿਲਮ ਬਣਾਉਣ ਦੀ ਯੋਜਨਾ ਬਣਾ ਰਹੇ ਹੋ?
ਹਾਂ, ਅਸੀਂ ਹਰ ਤਰ੍ਹਾਂ ਦੀਆਂ ਸ਼ੈਲੀਆਂ ’ਤੇ ਕੰਮ ਕਰਨ ਲਈ ਤਿਆਰ ਹਾਂ। ਭਵਿੱਖ ’ਚ ਅਸੀਂ ਇਕ ਲਵ ਸਟੋਰੀ, ਡਰਾਉਣੀ, ਸਾਇਫਾਈ ਵਰਗੀਆਂ ਕਹਾਣੀਆਂ ’ਤੇ ਵੀ ਕੰਮ ਕਰਾਂਗੇ। ‘ਇਸਤਰੀ’ ਇਕ ਅਜਿਹਾ ਪ੍ਰਾਜੈਕਟ ਸੀ, ਜਿਸ ਵਿਚ ਸਾਨੂੰ ਡਰਾਉਣ ਦੇ ਨਾਲ-ਨਾਲ ਕਾਮੇਡੀ ਦਾ ਟੱਚ ਦੇਣਾ ਸੀ ਤੇ ‘ਸਿਟਾਡੇਲ’ ਵੀ ਇਕ ਐਕਸ਼ਨ ਸੀਰੀਜ਼ ਹੈ, ਜੋ ਕਿ ਨਾਨ-ਐਕਸ਼ਨ ਪ੍ਰਸ਼ੰਸਕਾਂ ਨੂੰ ਵੀ ਪਸੰਦ ਆਵੇਗੀ। ਡਰਾਉਣੀ ਫਿਲਮ ਜ਼ਰੂਰ ਬਣਾਵਾਂਗੇ ਪਰ ਅਜਿਹੀ ਫਿਲਮ ਜਿਸ ਨੂੰ ਦੇਖ ਕੇ ਲੋਕ ਹੱਸਣ ਨਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News