ਅਭਿਸ਼ੇਕ ਬੱਚਨ ਨੇ ਯਾਦ ਕੀਤਾ ਮਾੜਾ ਸਮਾਂ, ਖਾਣ ਲਈ ਨਹੀਂ ਸਨ ਪੈਸੇ, ਸਟਾਫ ਤੋਂ ਉਧਾਰ ਲੈ ਕੇ ਚਲਾਇਆ ਸੀ ਕੰਮ

12/10/2021 2:53:23 PM

ਮੁੰਬਈ (ਬਿਊਰੋ)– ਅੱਜ ਅਮਿਤਾਭ ਬੱਚਨ ਜਿਸ ਉਚਾਈ ’ਤੇ ਹਨ, ਉਸ ਤੋਂ ਉਨ੍ਹਾਂ ਦੀ ਸਫਲਤਾ ਦਿਖਾਈ ਦਿੰਦੀ ਹੈ। ਅੱਜ ਅਮਿਤਾਭ ਬੱਚਨ ਕੋਲ ਸਭ ਕੁਝ ਹੈ। ਪੋਤੇ-ਪੋਤੀਆਂ, ਦੌਲਤ, ਪ੍ਰਸਿੱਧੀ ਪਰ ਉਨ੍ਹਾਂ ਦੀ ਜ਼ਿੰਦਗੀ ’ਚ ਇਕ ਅਜਿਹਾ ਦੌਰ ਆਇਆ, ਜਦੋਂ ਉਨ੍ਹਾਂ ਨੂੰ ਖਾਣ ਦੇ ਲਾਲੇ ਪੈ ਗਏ ਸਨ। ਉਨ੍ਹਾਂ ਦੇ ਘਰ ’ਚ ਇੰਨੇ ਪੈਸੇ ਵੀ ਨਹੀਂ ਸਨ ਕਿ ਸਾਰੇ ਇਕੱਠੇ ਰਾਤ ਦਾ ਖਾਣਾ ਖਾ ਸਕਣ। ਇਹ ਉਹ ਦੌਰ ਸੀ, ਜਦੋਂ ਅਮਿਤਾਭ ਬੱਚਨ ਮਾੜੇ ਵਿੱਤੀ ਦੌਰ ’ਚੋਂ ਲੰਘ ਰਹੇ ਸਨ। ਹਾਲ ਹੀ ’ਚ ਅਭਿਸ਼ੇਕ ਬੱਚਨ ਨੇ ਉਸ ਦੌਰ ਨੂੰ ਯਾਦ ਕੀਤਾ।

ਇਕ ਇੰਟਰਵਿਊ ’ਚ ਅਭਿਸ਼ੇਕ ਬੱਚਨ ਨੇ ਦੱਸਿਆ ਕਿ ਉਸ ਸਮੇਂ ਉਨ੍ਹਾਂ ਦੇ ਪਿਤਾ ਕੋਲ ਪਰਿਵਾਰ ਦਾ ਢਿੱਡ ਭਰਨ ਦੇ ਪੈਸੇ ਨਹੀਂ ਸਨ। ਇਸ ਲਈ ਉਨ੍ਹਾਂ ਸਟਾਫ਼ ਤੋਂ ਵੀ ਪੈਸੇ ਮੰਗੇ ਤੇ ਪਰਿਵਾਰ ਦਾ ਢਿੱਡ ਭਰਿਆ। ਉਸ ਸਮੇਂ ਅਭਿਸ਼ੇਕ ਬੋਸਟਨ ’ਚ ਅਦਾਕਾਰੀ ਦੇ ਗੁਰ ਸਿੱਖ ਰਹੇ ਸਨ ਪਰ ਜਦੋਂ ਉਨ੍ਹਾਂ ਨੂੰ ਪਰਿਵਾਰ ਦੀ ਅਜਿਹੀ ਹਾਲਤ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਕੋਰਸ ਅੱਧ ਵਿਚਾਲੇ ਛੱਡਣ ਦਾ ਫ਼ੈਸਲਾ ਕਰ ਲਿਆ ਸੀ।

ਇਹ ਖ਼ਬਰ ਵੀ ਪੜ੍ਹੋ : ਅਨੁਸ਼ਕਾ ਸ਼ਰਮਾ ਨੇ ਨਵੇਂ ਗੁਆਂਢੀਆਂ ਵਿੱਕੀ-ਕੈਟਰੀਨਾ ਨੂੰ ਇੰਝ ਦਿੱਤੀ ਵਿਆਹ ਦੀ ਵਧਾਈ

ਉਸ ਸਮੇਂ ਅਭਿਸ਼ੇਕ ਨੂੰ ਲੱਗਾ ਕਿ ਉਨ੍ਹਾਂ ਦੇ ਪਿਤਾ ਨੂੰ ਇਸ ਸਮੇਂ ਉਨ੍ਹਾਂ ਦੀ ਜ਼ਿਆਦਾ ਲੋੜ ਹੈ। ਭਾਵੇਂ ਉਹ ਕੁਝ ਨਾ ਕਰ ਸਕੇ ਪਰ ਉਹ ਆਪਣੇ ਪਿਤਾ ਦਾ ਸਮਰਥਨ ਕਰਨ ਲਈ ਬੋਸਟਨ ਤੋਂ ਭਾਰਤ ਵਾਪਸ ਆ ਗਏ ਸਨ।

ਹਾਲ ਹੀ ’ਚ ‘ਕੇ. ਬੀ. ਸੀ.’ ਦੇ 1000 ਐਪੀਸੋਡ ਪੂਰੇ ਹੋਣ ’ਤੇ ਭਾਵੁਕ ਹੋਏ ਅਮਿਤਾਭ ਬੱਚਨ ਨੇ ਖ਼ੁਲਾਸਾ ਕੀਤਾ ਸੀ ਕਿ ਉਨ੍ਹਾਂ ਨੇ ‘ਕੇ. ਬੀ. ਸੀ.’ ਦੀ ਸ਼ੁਰੂਆਤ ਕਿਵੇਂ ਕੀਤੀ ਸੀ। ਜਿਸ ਸਮੇਂ ਉਨ੍ਹਾਂ ਨੂੰ ‘ਕੇ. ਬੀ. ਸੀ.’ ਦਾ ਆਫਰ ਮਿਲਿਆ, ਉਹ ਬਹੁਤ ਮੁਸ਼ਕਿਲ ਦੌਰ ’ਚ ਸਨ। ਨਾ ਹੀ ਉਨ੍ਹਾਂ ਨੂੰ ਇੰਡਸਟਰੀ ’ਚ ਕੰਮ ਮਿਲ ਰਿਹਾ ਸੀ, ਨਾ ਹੀ ਉਨ੍ਹਾਂ ਕੋਲ ਪੈਸੇ ਸਨ। ਫਿਰ ਜਦੋਂ ਉਨ੍ਹਾਂ ਨੂੰ ਟੈਲੀਵਿਜ਼ਨ ਤੋਂ ਇਸ ਸ਼ੋਅ ਦਾ ਆਫਰ ਆਇਆ ਤਾਂ ਉਹ ਹਾਂ ਕਹਿਣ ਲਈ ਮਜਬੂਰ ਹੋ ਗਏ ਪਰ ਹੌਲੀ-ਹੌਲੀ ਇਸ ਸ਼ੋਅ ਦੀ ਪ੍ਰਸਿੱਧੀ ਨੇ ਉਨ੍ਹਾਂ ਨੂੰ ਫਿਰ ਤੋਂ ਫਰਸ਼ ਤੋਂ ਅਰਸ਼ ’ਤੇ ਬਿਠਾ ਦਿੱਤਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News