‘ਲਾਲ ਸਿੰਘ ਚੱਢਾ’ ਦੇ ਬਾਈਕਾਟ ਦੀ ਉਠੀ ਮੰਗ, ਕਰੀਨਾ ਕਪੂਰ ਤੇ ਆਮਿਰ ਖ਼ਾਨ ਨੇ ਦਿੱਤੀ ਇਹ ਪ੍ਰਤੀਕਿਰਿਆ

08/02/2022 10:21:24 AM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਦੀ ਆਗਾਮੀ ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਰਿਲੀਜ਼ ’ਚ ਕੁਝ ਦਿਨ ਹੀ ਰਹਿ ਗਏ ਹਨ। ਫ਼ਿਲਮ ’ਚ ਆਮਿਰ ਖ਼ਾਨ ਨਾਲ ਕਰੀਨਾ ਕਪੂਰ ਖ਼ਾਨ, ਚੈਤਨਿਆ ਅੱਕੀਨੇਨੀ ਤੇ ਮੋਨਾ ਸਿੰਘ ਵੀ ਅਹਿਮ ਕਿਰਦਾਰਾਂ ’ਚ ਨਜ਼ਰ ਆਉਣਗੇ। ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਸਿਤਾਰੇ ਪ੍ਰਮੋਸ਼ਨ ਲਈ ਮੈਦਾਨ ’ਚ ਉਤਰ ਗਏ ਹਨ ਤੇ ਹਰ ਮੁੱਦੇ ’ਤੇ ਗੱਲਬਾਤ ਕਰ ਰਹੇ ਹਨ। ਹਾਲ ਹੀ ’ਚ ਆਮਿਰ ਖ਼ਾਨ ਨੇ ‘ਲਾਲ ਸਿੰਘ ਚੱਢਾ’ ਦੇ ਬਾਈਕਾਟ ’ਤੇ ਪ੍ਰਤੀਕਿਰਿਆ ਦਿੱਤੀ ਸੀ। ਇਸ ਤੋਂ ਬਾਅਦ ਹੁਣ ਕਰੀਨਾ ਨੇ ਵੀ ਇਸ ’ਤੇ ਆਪਣੀ ਰਾਏ ਰੱਖੀ ਹੈ।

ਕਰੀਨਾ ਨੇ ਇੰਡੀਆ ਟੁਡੇ ਨਾਲ ਗੱਲਬਾਤ ਦੌਰਾਨ ਕਿਹਾ, ‘‘ਅੱਜ ਹਰ ਕੋਈ ਬੋਲਣ ਦਾ ਹੱਕ ਰੱਖਦਾ ਹੈ, ਅੱਜ ਢੇਰ ਸਾਰੇ ਪਲੇਟਫਾਰਮਜ਼ ਮੌਜੂਦ ਹਨ, ਹਰ ਕਿਸੇ ਦੇ ਆਪਣੇ ਵਿਚਾਰ ਵੀ ਹਨ। ਜੇਕਰ ਅਜਿਹਾ ਹੋਵੇਗਾ ਤਾਂ ਤੁਹਾਨੂੰ ਕੁਝ ਚੀਜ਼ਾਂ ਅਣਗੌਲਿਆਂ ਕਰਨੀਆਂ ਸਿੱਖਣੀਆਂ ਹੋਣਗੀਆਂ, ਨਹੀਂ ਤਾਂ ਤੁਹਾਨੂੰ ਆਪਣੀ ਜ਼ਿੰਦਗੀ ਜਿਊਣਾ ਮੁਸ਼ਕਿਲ ਹੋ ਜਾਵੇਗਾ। ਇਸ ਲਈ ਮੈਂ ਅਜਿਹੀਆਂ ਚੀਜ਼ਾਂ ਨੂੰ ਸੀਰੀਅਸਲੀ ਨਹੀਂ ਲੈਂਦੀ ਹਾਂ। ਮੈਂ ਉਹ ਪੋਸਟ ਕਰਦੀ ਹਾਂ, ਜੋ ਮੈਂ ਕਰਨਾ ਚਾਹੁੰਦੀ ਹਾਂ।’’

ਇਹ ਖ਼ਬਰ ਵੀ ਪੜ੍ਹੋ : ਜਾਨੋਂ ਮਾਰਨ ਦੀ ਧਮਕੀ ਮਿਲਣ ਮਗਰੋਂ ਸਲਮਾਨ ਖ਼ਾਨ ਨੂੰ ਮਿਲਿਆ ਬੰਦੂਕ ਦਾ ਲਾਇਸੰਸ, ਗੱਡੀ ਵੀ ਕਰਵਾਈ ਬੁਲੇਟ ਪਰੂਫ

ਕਰੀਨਾ ਕਪੂਰ ਖ਼ਾਨ ਨੇ ਅੱਗੇ ਕਿਹਾ, ‘‘ਇਹ ਇਕ ਫ਼ਿਲਮ ਹੈ, ਜੋ ਰਿਲੀਜ਼ ਹੋਣ ਵਾਲੀ ਹੈ ਤੇ ਇਸ ’ਤੇ ਸਾਰਿਆਂ ਦੀ ਆਪਣੀ ਵੱਖਰੀ ਰਾਏ ਹੋਵੇਗੀ। ਜੇਕਰ ਇਹ ਫ਼ਿਲਮ ਚੰਗੀ ਹੋਵੇਗੀ ਤਾਂ ਇਹ ਹਰ ਚੀਜ਼ ਤੋਂ ਅੱਗੇ ਨਿਕਲ ਜਾਵੇਗੀ ਤੇ ਹੁੰਗਾਰਾ ਚੰਗਾ ਮਿਲੇਗਾ। ਮੈਨੂੰ ਲੱਗਦਾ ਹੈ ਕਿ ਚੰਗੀਆਂ ਫ਼ਿਲਮਾਂ ਹਰ ਚੀਜ਼ ਤੋਂ ਪਾਰ ਹੋ ਜਾਂਦੀਆਂ ਹਨ।’’

ਦੱਸ ਦੇਈਏ ਕਿ ਸਿਰਫ ‘ਲਾਲ ਸਿੰਘ ਚੱਢਾ’ ਹੀ ਨਹੀਂ, ਕਰੀਨਾ ਦੇ ਕੁਝ ਪੁਰਾਣੇ ਬਿਆਨਾਂ ਦੇ ਚਲਦਿਆਂ ਉਨ੍ਹਾਂ ਨੂੰ ਬਾਈਕਾਟ ਕਰਨ ਦੇ ਹੈਸ਼ਟੈਗ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਚੁੱਕੇ ਹਨ।

ਕਰੀਨਾ ਕਪੂਰ ਤੋਂ ਪਹਿਲਾਂ ਆਮਿਰ ਖ਼ਾਨ ਨੇ ਵੀ ਇਸ ਬਾਈਕਾਟ ’ਤੇ ਆਪਣਾ ਪੱਖ ਰੱਖਿਆ ਸੀ। ਆਮਿਰ ਨੇ ਕਿਹਾ ਸੀ, ‘‘ਬਾਈਕਾਟ ਬਾਲੀਵੁੱਡ, ਬਾਈਕਾਟ ਆਮਿਰ ਖ਼ਾਨ, ਬਾਈਕਾਟ ‘ਲਾਲ ਸਿੰਘ ਚੱਢਾ’ ਹੈਸ਼ਟੈਗ ਚਲਾਏ ਜਾਣ ਕਾਰਨ ਮੈਂ ਦੁਖੀ ਮਹਿਸੂਸ ਕਰ ਰਿਹਾ ਹਾਂ। ਬਹੁਤ ਸਾਰੇ ਲੋਕ ਜੋ ਆਪਣੇ ਦਿਲ ਤੋਂ ਅਜਿਹਾ ਕਰ ਰਹੇ ਹਨ, ਉਨ੍ਹਾਂ ਦਾ ਮੰਨਣਾ ਹੈ ਕਿ ਮੈਂ ਅਜਿਹਾ ਵਿਅਕਤੀ ਹਾਂ, ਜੋ ਭਾਰਤ ਨੂੰ ਪਸੰਦ ਨਹੀਂ ਕਰਦਾ। ਕੁਝ ਲੋਕ ਅਜਿਹਾ ਮੰਨਦੇ ਹਨ ਪਰ ਇਹ ਬਿਲਕੁਲ ਵੀ ਸੱਚ ਨਹੀਂ ਹੈ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News