‘ਆਜਾ ਮੈਕਸੀਕੋ ਚੱਲੀਏ’ ਪੰਜਾਬੀ ਫ਼ਿਲਮ ਦਾ ਪਹਿਲਾ ਗੀਤ ‘ਸਫ਼ਰਾਂ ’ਤੇ’ ਰਿਲੀਜ਼ (ਵੀਡੀਓ)

02/17/2022 1:32:48 PM

ਚੰਡੀਗੜ੍ਹ (ਬਿਊਰੋ)– 12 ਫਰਵਰੀ ਨੂੰ ਹੀ ਐਮੀ ਵਿਰਕ ਦੀ ਪੰਜਾਬੀ ਫ਼ਿਲਮ ‘ਆਜਾ ਮੈਕਸੀਕੋ ਚੱਲੀਏ’ ਦਾ ਟਰੇਲਰ ਲਾਂਚ ਹੋਇਆ ਸੀ, ਜਿਸ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਤੇ ਅੱਜ ਇਸੇ ਫ਼ਿਲਮ ਦਾ ਪਹਿਲਾ ਗੀਤ ‘ਸਫ਼ਰਾਂ ’ਤੇ’ ਰਿਲੀਜ਼ ਹੋਇਆ ਹੈ, ਜੋ ਕਿ ਬੀਰ ਸਿੰਘ ਵਲੋਂ ਲਿਖਿਆ ਤੇ ਗਾਇਆ ਗਿਆ ਹੈ। ਇਹ ਗੀਤ ਉਨ੍ਹਾਂ ਲੋਕਾਂ ਨੂੰ ਭਾਵੁਕ ਕਰ ਦੇਵੇਗਾ, ਜੋ ਰੋਜ਼ੀ-ਰੋਟੀ ਕਮਾਉਣ ਤੇ ਇਕ ਬਿਹਤਰੀਨ ਜ਼ਿੰਦਗੀ ਲਈ ਆਪਣਾ ਘਰ-ਬਾਰ ਛੱਡ ਕੇ ਵਿਦੇਸ਼ਾਂ ’ਚ ਹੱਡ-ਤੋੜਵੀਂ ਮਿਹਨਤ ਕਰਨ ਲਈ ਨਿਕਲੇ ਹੋਏ ਹਨ ਤੇ ਆਪਣੇ ਪਰਿਵਾਰਾਂ ਤੋਂ ਕੋਹਾਂ ਦੂਰ ਹਨ। ਇਸ ਗੀਤ ਦਾ ਮਿਊਜ਼ਿਕ ਮੰਨਾ ਸਿੰਘ ਨੇ ਕੀਤਾ ਹੈ, ਇਸ ਨੂੰ ਕੋ-ਪ੍ਰੋਗ੍ਰੈਮਡ ਰਿਸ਼ਭ ਸ਼ਰਮਾ ਤੇ ਮਿਕਸ ਮਾਸਟਰਡ ਸੰਨੀ ਸੈਵਨ ਨੇ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਦੀਪ ਸਿੱਧੂ ਦੀ ਮੌਤ ਤੋਂ ਬਾਅਦ ਗਰਲਫਰੈਂਡ ਰੀਨਾ ਰਾਏ ਨੇ ਸਾਂਝੀ ਕੀਤੀ ਪਹਿਲੀ ਪੋਸਟ, ਲਿਖਿਆ, ‘ਮੈਂ ਮਰ ਤੇ ਟੁੱਟ ਚੁੱਕੀ ਹਾਂ...’

ਬੀਰ ਸਿੰਘ ਦੀ ਰੂਹਾਨੀ ਆਵਾਜ਼ ਤੇ ਬੋਲ ਤੁਹਾਨੂੰ ਅੰਦਰ ਤੱਕ ਝੰਜੋੜ ਕੇ ਰੱਖ ਦੇਣਗੇ ਕਿਉਂਕਿ ਇਹ ਗੀਤ ਹਰ ਉਸ ਸ਼ਖ਼ਸ ਦੀ ਜ਼ਿੰਦਗੀ ਨਾਲ ਜੁੜਿਆ ਹੈ, ਜੋ ਪ੍ਰਵਾਸੀ ਹੋ ਗਏ ਹਨ ਤੇ ਆਪਣੇ ਪਰਿਵਾਰਾਂ ਤੋਂ ਦੂਰ ਹਨ। ਬੀਰ ਸਿੰਘ ਨੇ ਹਮੇਸ਼ਾ ਦੀ ਤਰ੍ਹਾਂ ਦਿਲ ਟੁੰਬਵੇਂ ਸ਼ਬਦ ਪਿਰੋ ਕੇ ਅਸਲ ਜ਼ਿੰਦਗੀ ’ਤੇ ਆਧਾਰਿਤ ਗੀਤ ਲਿਖ ਕੇ ਉਸ ਨੂੰ ਆਪਣੀ ਆਵਾਜ਼ ’ਚ ਗਾਇਆ ਹੈ, ਜੋ ਫ਼ਿਲਮ ਦਾ ਅਹਿਮ ਹਿੱਸਾ ਹੈ।

ਰਾਕੇਸ਼ ਧਵਨ ਦੁਆਰਾ ਲਿਖੀ ਤੇ ਨਿਰਦੇਸ਼ਿਤ ਕੀਤੀ ‘ਆਜਾ ਮੈਕਸੀਕੋ ਚੱਲੀਏ’ ਫ਼ਿਲਮ 25 ਫਰਵਰੀ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ, ਜਿਸ ’ਚ ਮੁੱਖ ਕਿਰਦਾਰ ’ਚ ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਹਨ ਤੇ ਉਨ੍ਹਾਂ ਨਾਲ ਅਦਾਕਾਰ ਨਾਸਿਰ ਚਿਣੌਟੀ, ਜ਼ਫ਼ਰੀ ਖ਼ਾਨ, ਸੁਖਵਿੰਦਰ ਚਾਹਲ, ਹਨੀ ਮੱਟੂ, ਬਲਜਿੰਦਰ ਕੌਰ, ਮਿੰਟੂ ਕੱਪਾ, ਇਰਾਨੀ ਕੁੜੀ ਯਸਾਮਨ ਮੋਹਸਾਨੀ, ਸਿਕੰਦਰ ਘੁੰਮਣ, ਸ਼ਹਿਬਾਜ਼ ਘੁੰਮਣ ਤੇ ਹੋਰ ਵੀ ਫ਼ਿਲਮ ’ਚ ਨਜ਼ਰ ਆ ਰਹੇ ਹਨ।

ਫ਼ਿਲਮ ਉਨ੍ਹਾਂ ਪੰਜਾਬੀਆਂ ਦੀ ਜ਼ਿੰਦਗੀ ’ਤੇ ਆਧਾਰਿਤ ਹੈ, ਜੋ ਕਿਸੇ ਨਾ ਕਿਸੇ ਤਰੀਕੇ ਨਾਲ ਵਿਦੇਸ਼ਾਂ ’ਚ ਜਾ ਕੇ ਰੋਜ਼ੀ-ਰੋਟੀ ਕਮਾਉਣਾ ਚਾਹੁੰਦੇ ਹਨ, ਭਾਵੇਂ ਉਹ ਰਸਤਾ ਸਹੀ ਹੋਵੇ ਜਾਂ ਫਿਰ ਗਲਤ। ਇਸ ਰੋਜ਼ੀ-ਰੋਟੀ ਕਮਾਉਣ ਦੇ ਚੱਕਰ ’ਚ ਪੰਜਾਬ ਦੇ ਕਿੰਨੇ ਹੀ ਨੌਜਵਾਨ ਮੈਕਸੀਕੋ ਦੇ ਜੰਗਲਾਂ ’ਚ ਫੱਸ ਗਏ ਤੇ ਕਿੰਨਿਆਂ ਨੇ ਹੀ ਆਪਣੀ ਜ਼ਿੰਦਗੀ ਗਵਾ ਲਈ, ਕੁਝ ਆਪਣੇ ਘਰਾਂ ਨੂੰ ਵਾਪਸ ਮੁੜ ਸਕੇ ਤੇ ਕੁਝ ਕਦੇ ਮੁੜ ਕੇ ਵਾਪਸ ਨਹੀਂ ਆਏ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News