ਠੱਗ ਸੁਕੇਸ਼ ਚੰਦਰਸ਼ੇਖਰ ਮਾਮਲੇ ’ਚ 82 ਜੇਲ ਅਧਿਕਾਰੀਆਂ ਦੀ ਹੋਵੇਗੀ ਜਾਂਚ
Friday, Oct 21, 2022 - 09:57 AM (IST)
ਨਵੀਂ ਦਿੱਲੀ (ਭਾਸ਼ਾ)– ਦਿੱਲੀ ਦੇ ਉਪ ਰਾਜਪਾਲ ਵੀ. ਕੇ. ਸਕਸੈਨਾ ਨੇ ਠੱਗ ਸੁਕੇਸ਼ ਚੰਦਰਸ਼ੇਖਰ ਵਲੋਂ ਰੋਹਿਣੀ ਜੇਲ ਤੋਂ ਚਲਾਏ ਜਾ ਰਹੇ ਸੰਗਠਿਤ ਅਪਰਾਧ ਗਿਰੋਹ ਵਿਚ ਦਿੱਲੀ ਜੇਲ ਵਿਭਾਗ ਦੇ 82 ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਲਈ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ (ਈ. ਓ. ਡਬਲਊ.) ਨੂੰ ਇਜਾਜ਼ਤ ਦੇ ਦਿੱਤੀ ਹੈ।
ਉਪ ਰਾਜਪਾਲ ਨੇ ਇਹ ਵੀ ਗੌਰ ਕੀਤਾ ਹੈ ਕਿ ਜੇਲ ਵਿਭਾਗ ਮੌਜੂਦਾ ’ਚ ਜੇਲ ’ਚ ਬੰਦ ਆਮ ਆਦਮੀ ਪਾਰਟੀ (ਆਪ) ਨੇਤਾ ਤੇ ਮੰਤਰੀ ਸਤੇਂਦਰ ਜੈਨ ਦੇ ਅਧੀਨ ਸੀ ਤੇ ਉਸ ਦੌਰਾਨ ਕੈਦੀਆਂ ਕੋਲੋਂ ਮੋਬਾਇਲ ਫੋਨ ਜ਼ਬਤ ਕੀਤੇ ਜਾਣ ਸਮੇਤ ਕਈ ਗੰਭੀਰ ਵਿਵਾਦ ਹੋਏ।
ਪੜ੍ਹੋ ਇਹ ਅਹਿਮ ਖ਼ਬਰ- ਮਾਣ ਵਾਲੀ ਗੱਲ, ਹਾਊਸ ਆਫ ਲਾਰਡਜ਼ 'ਚ ਪਹਿਲੇ ਦਸਤਾਰਧਾਰੀ ਸਿੱਖ ਕੁਲਦੀਪ ਸਿੰਘ ਨਿਯੁਕਤ
ਇਸ ਤੋਂ ਬਾਅਦ ਹਾਲ ਹੀ ’ਚ ਵੱਖ-ਵੱਖ ਜੇਲ ਕੰਪਲੈਕਸਾਂ ’ਚ ਤੇ ਨੇੜੇ-ਤੇੜੇ ‘ਜੈਮਿੰਗ’ ਉਪਕਰਣ ਲਾਏ ਗਏ। ਇਹ ਮਾਮਲਾ ਜੇਲ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਚੰਦਰਸ਼ੇਖਰ ਵਲੋਂ 200 ਕਰੋੜ ਰੁਪਏ ਦੀ ਧੋਖਾਦੇਹੀ ਨਾਲ ਸੰਬੰਧਤ ਹੈ। ਘਟਨਾ ਦੇ ਸਮੇਂ ਚੰਦਰਸ਼ੇਖਰ ਨੂੰ ਰੋਹਿਣੀ ਜੇਲ ਦੀ ਬੈਰਕ ਨੰਬਰ 10 ’ਚ ਰੱਖਿਆ ਗਿਆ ਸੀ।
ਈ. ਓ. ਡਬਲਊ. ਨੇ ਦੱਸਿਆ ਸੀ ਕਿ ਮਾਮਲੇ ’ਚ ਜਾਂਚ ਦੌਰਾਨ ਦੋਸ਼ੀ ਵਲੋਂ ਚਲਾਏ ਜਾ ਰਹੇ ਗਿਰੋਹ ਨੂੰ ਮਦਦ ਪਹੁੰਚਾਉਣ ਦੇ ਦੋਸ਼ ਹੇਠ 7 ਅਧਿਕਾਰੀਆਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਜਾਂਚ ਦੌਰਾਨ ਪਤਾ ਲੱਗਾ ਕਿ 82 ਹੋਰਨਾਂ ਅਧਿਕਾਰੀਆਂ ਦੀ ਵੀ ਇਸ ਮਾਮਲੇ ’ਚ ਭੂਮਿਕਾ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।