UK ਪੁਲਸ ਵਿਭਾਗ 'ਚੋਂ ਰਿਕਾਰਡ ਗੁੰਮ ਹੋਣ 'ਤੇ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਘਿਰੀ

01/16/2021 11:48:01 PM

ਲੰਡਨ- ਪੁਲਸ ਵਿਭਾਗ ਵਿਚ ਕਈ ਅਪਰਾਧੀਆਂ ਨਾਲ ਸਬੰਧਤ ਰਿਕਾਰਡ ਗੁੰਮ ਹੋਣ ਕਾਰਨ ਪ੍ਰੀਤੀ ਪਟੇਲ 'ਤੇ ਇਸ ਦਾ ਪੂਰਾ ਹਿਸਾਬ ਦੇਣ ਲਈ ਭਾਰੀ ਦਬਾਅ ਵੱਧ ਰਿਹਾ ਹੈ। ਕਿਹਾ ਜਾ ਰਿਹਾ ਹੈ ਪੁਲਸ ਵਿਭਾਗ ਦੇ ਕੰਪਿਊਟਰ ਸਿਸਟਮ ਵਿਚ ਤਕਨੀਕੀ ਵਜ੍ਹਾ ਨਾਲ 4 ਲੱਖ ਤੋਂ ਵੱਧ ਅਪਰਾਧੀਆਂ ਦਾ ਰਿਕਾਰਡ ਪ੍ਰਭਾਵਿਤ ਹੋਇਆ ਹੈ ਪਰ ਇਸ ਦੇ ਜਵਾਬ ਲਈ ਗ੍ਰਹਿ ਮੰਤਰੀ ਪ੍ਰੀਤੀ ਪਟੇਲ 'ਤੇ ਤਲਵਾਰ ਲਟਕ ਗਈ ਹੈ। ਲੇਬਰ ਨੇਤਾ ਕੈਰ ਸਟਾਰਮਰ ਨੇ ਸ਼ਨੀਵਾਰ ਨੂੰ ਇਸ ਮੁੱਦੇ ਦੀ ਗੰਭੀਰਤਾ ਦੱਸਦੇ ਹੋਏ ਕਿਹਾ ਕਿ ਕੁਝ ਗੁੰਮੀਆਂ ਫਾਈਲਾਂ ਚੱਲ ਰਹੀਆਂ ਜਾਂਚਾਂ ਨਾਲ ਸਬੰਧਤ ਹਨ। ਉਨ੍ਹਾਂ ਗ੍ਰਹਿ ਮੰਤਰੀ ਨੂੰ ਇਸ ਬਲੰਡਰ ਦੀ ਜ਼ਿੰਮੇਵਾਰੀ ਲੈਣ ਦੀ ਮੰਗ ਕੀਤੀ ਹੈ।

ਪਟੇਲ ਨੇ ਇਸ ਬਾਰੇ ਅਜੇ ਕੋਈ ਟਿੱਪਣੀ ਨਹੀਂ ਕੀਤੀ ਹੈ। ਲੇਬਰ ਪਾਰਟੀ ਦੇ ਨੇਤਾ ਸਟਾਰਮਰ ਨੇ ਕਿਹਾ ਕਿ ਜਦੋਂ ਵੀ ਕੋਈ ਸਮੱਸਿਆ ਹੁੰਦੀ ਹੈ ਤਾਂ ਇਹ ਸਰਕਾਰ ਕਿਸੇ ਦੂਜੇ 'ਤੇ ਗੱਲ ਸੁੱਟਣ ਵਿਚ ਬਹੁਤ ਹਿੰਮਤ ਦਿਖ਼ਾਉਂਦੀ ਹੈ। ਉਨ੍ਹਾਂ ਕਿਹਾ ਇਸ ਸਮੇਂ ਜੋ ਹੋਇਆ ਹੈ ਉਸ ਦੀ ਜ਼ਿੰਮੇਵਾਰੀ ਖ਼ੁਦ ਗ੍ਰਹਿ ਮੰਤਰੀ ਨੂੰ ਲੈਣੀ ਚਾਹੀਦੀ ਹੈ।

ਸਟਾਰਮਰ ਨੇ ਕਿਹਾ ਕਿ ਹੋਰ ਨਹੀਂ ਤਾਂ ਘੱਟੋ-ਘੱਟ ਪ੍ਰੀਤੀ ਪਟੇਲ ਨੂੰ ਸੋਮਵਾਰ ਨੂੰ ਸੰਸਦ ਵਿਚ ਆ ਕੇ ਇਸ ਬਾਰੇ ਪੂਰੇ ਤੱਥਾਂ ਨਾਲ ਸੰਸਦ ਮੈਂਬਰਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ। ਸ਼ੈਡੋ ਹੋਮ ਸੈਕਟਰੀ ਨਿਕ ਥਾਮਸ ਨੇ ਵੀ ਕਿਹਾ ਕਿ ਗ੍ਰਹਿ ਮੰਤਰੀ ਨੂੰ ਸਾਨੂੰ ਡਾਟਾ ਨੂੰ ਮੁੜ ਪ੍ਰਾਪਤ ਕਰਨ ਲਈ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਦੁਬਾਰਾ ਹੋਣ ਤੋਂ ਰੋਕਣ ਲਈ ਕੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਬਹੁਤ ਗੰਭੀਰ ਹੈ। ਕਿਹਾ ਜਾ ਰਿਹਾ ਹੈ ਕਿ ਇਸ ਨਾਲ ਫਿੰਗਰ ਪ੍ਰਿੰਟ, ਡੀ. ਐੱਨ. ਏ. ਅਤੇ ਗ੍ਰਿਫ਼ਤਾਰੀ ਸੰਬੰਧੀ ਰਿਕਾਰਡ ਆਦਿ ਪ੍ਰਭਾਵਿਤ ਹੋਏ ਹਨ। ਰਿਕਾਰਡ ਡਿਲੀਟ ਹੋਣ ਨਾਲ ਵੀਜ਼ਾ ਪ੍ਰਕਿਰਿਆ ਵਿਚ ਵੀ ਹਫੜਾ-ਦਫੜੀ ਪੈਦਾ ਹੋਈ। ਇਸ ਨਾਲ ਪੁਲਸ ਨੂੰ ਜਾਂਚ ਅਤੇ ਅਪਰਾਧੀ ਪਛਾਣਨ ਵਿਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


Sanjeev

Content Editor

Related News