ਗਲਾਸਗੋ ''ਚ ਪਹਿਲੀ ਵਾਰ ਗੁਰਪੁਰਬ ''ਤੇ ਸਜਾਇਆ ਗਿਆ ਨਗਰ ਕੀਰਤਨ, ਹਜ਼ਾਰਾਂ ਸੰਗਤਾਂ ਨੇ ਭਰੀ ਹਾਜ਼ਰੀ

Monday, Nov 27, 2023 - 03:53 AM (IST)

ਗਲਾਸਗੋ (ਮਨਦੀਪ ਖੁਰਮੀ) : ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਖੇ ਪਹਿਲੀ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ਸਜਾਇਆ ਗਿਆ। ਐਲਬਰਟ ਡਰਾਈਵ ਗੁਰੂਘਰ ਤੋਂ ਨਗਰ ਕੀਰਤਨ ਦੀ ਸ਼ੁਰੂਆਤ ਕੀਤੀ ਗਈ, ਜਿਸ ਦੀ ਅਗਵਾਈ ਪੰਜ ਪਿਆਰਿਆਂ ਵੱਲੋਂ ਕੀਤੀ ਗਈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਹੋਏ ਇਸ ਨਗਰ ਕੀਰਤਨ ਦੌਰਾਨ ਜਿੱਥੇ ਸਥਾਨਕ ਪੁਲਸ ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ, ਉੱਥੇ ਸੰਗਤਾਂ ਵੱਲੋਂ ਵੀ ਅਨੁਸ਼ਾਸਿਤ ਹੋਣ ਦਾ ਸਬੂਤ ਦਿੱਤਾ ਗਿਆ। ਨਗਾਰੇ ਦੀ ਚੋਟ ਦੂਰ-ਦੂਰ ਤੱਕ ਸੁਣਾਈ ਦੇ ਰਹੀ ਸੀ। ਸੁੰਦਰ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ-ਨਾਲ ਕੀਰਤਨੀਏ ਸਿੰਘ ਨਿਰੰਤਰ ਕੀਰਤਨ ਕਰ ਰਹੇ ਸਨ। ਪਿੱਛੇ ਚੱਲ ਰਹੀਆਂ ਸੰਗਤਾਂ ਕਿਧਰੇ ਜਾਪ ਕਰ ਰਹੀਆਂ ਸਨ, ਕਿਧਰੇ ਸ਼ਬਦ ਗਾਇਨ ਕਰ ਰਹੀਆਂ ਸਨ।

ਇਹ ਵੀ ਪੜ੍ਹੋ : ਪੁਨਤੀਨੀਆ ਵਿਖੇ ਗੁਰਪੁਰਬ ਨੂੰ ਸਮਰਪਿਤ ਸਜਿਆ ਵਿਸ਼ਾਲ ਨਗਰ ਕੀਰਤਨ

ਬੇਸ਼ੱਕ ਮੌਸਮ ਦਾ ਮਿਜ਼ਾਜ ਕੁਝ ਬਹੁਤਾ ਵਧੀਆ ਨਹੀਂ ਸੀ, ਹੱਡ ਜੋੜਨ ਵਾਲੀ ਠੰਢ ਦਾ ਮਾਹੌਲ ਸੀ ਪਰ ਦੁੱਧ ਚੁੰਘਦੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਨੇ ਬਹੁਤ ਹੀ ਉਤਸ਼ਾਹ ਨਾਲ ਇਸ ਨਗਰ ਕੀਰਤਨ ਵਿੱਚ ਹਾਜ਼ਰੀ ਭਰੀ ਗਈ। ਗੱਲਬਾਤ ਦੌਰਾਨ ਬਾਬਾ ਬੁੱਢਾ ਦਲ ਗਲਾਸਗੋ ਦੇ ਮੁੱਖ ਸੇਵਾਦਾਰ ਹਰਜੀਤ ਸਿੰਘ ਖਹਿਰਾ, ਕਾਰੋਬਾਰੀ ਰੇਸ਼ਮ ਸਿੰਘ ਕੂਨਰ, ਜਿੰਦਰ ਸਿੰਘ ਚਾਹਲ, ਲਖਵੀਰ ਸਿੰਘ ਸਿੱਧੂ, ਤਜਿੰਦਰ ਸਿੰਘ ਭੁੱਲਰ, ਦੀਪ ਗਿੱਲ, ਤਰਸੇਮ ਕੁਮਾਰ, ਸਰਦਾਰ ਲਾਲੀ, ਇਕਬਾਲ ਸਿੰਘ ਕਲੇਰ, ਕੁਲਬੀਰ ਸਿੰਘ ਚੱਬੇਵਾਲ ਆਦਿ ਨੇ ਸੰਗਤਾਂ ਦੇ ਇਸ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ, ਜਿਨ੍ਹਾਂ ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਨਗਰ ਕੀਰਤਨ ਸਜਾਉਣ ਦਾ ਮੁੱਢ ਬੰਨ੍ਹਿਆ ਗਿਆ ਹੈ।


Mukesh

Content Editor

Related News