EU ਦੀ ਸੰਸਦ ਨੇ ਬ੍ਰੈਗਜ਼ਿਟ ਵਾਰਤਾਕਾਰਾਂ ਨੂੰ 3 ਦਿਨਾਂ ਦਾ ਅਲਟੀਮੇਟਮ ਦਿੱਤਾ
Thursday, Dec 17, 2020 - 10:11 PM (IST)
ਬ੍ਰਸਲਜ਼- ਯੂਰਪੀਅਨ ਯੂਨੀਅਨ (ਈ. ਯੂ.) ਦੀ ਸੰਸਦ ਨੇ ਬ੍ਰੈਗਜ਼ਿਟ ਵਾਰਤਾਕਾਰਾਂ ਨੂੰ ਵਪਾਰ ਸਮਝੌਤੇ ਲਈ ਤਿੰਨ ਦਿਨਾਂ ਦਾ ਅਲਟੀਮੇਟਮ ਦਿੱਤਾ ਹੈ। ਸੰਸਦ ਨੇ ਕਿਹਾ ਹੈ ਕਿ ਜੇਕਰ ਐਤਵਾਰ ਦੀ ਰਾਤ ਤਕ ਇਹ ਸਮਝੌਤਾ ਨਹੀਂ ਹੋਇਆ ਤਾਂ ਇਸ ਦੇ ਮੈਂਬਰਾਂ ਕੋਲ ਇਸ ਸਾਲ ਇਸ ਨੂੰ ਮਨਜ਼ੂਰੀ ਦੇਣ ਦਾ ਸਮਾਂ ਨਹੀਂ ਹੋਵੇਗਾ।
ਸਮਝੌਤੇ ਨੂੰ ਪੂਰਾ ਕਰਨ ਦੇ ਯਤਨਾਂ ਲਈ ਯੂਰਪੀ ਸੰਘ ਅਤੇ ਬ੍ਰਿਟੇਨ ਦੇ ਵਾਰਤਾਕਾਰਾਂ ਦੀ ਟੀਮ ਇਸ ਸਮੇਂ ਬ੍ਰਸਲਜ਼ ਵਿਚ ਹੈ। ਇਸ ਕਰਾਰ ਨੂੰ ਲਾਗੂ ਕਰਨ ਲਈ ਈ. ਯੂ. ਸੰਸਦ ਦੀ ਮਨਜ਼ੂਰੀ ਦੀ ਜ਼ਰੂਰਤ ਹੋਵੇਗੀ।
ਈ. ਯੂ. ਦੇ ਮੁੱਖ ਵਾਰਤਾਕਾਰ ਮਿਸ਼ੇਲ ਬਾਰਨੀਅਰ ਨੇ ਵੀਰਵਾਰ ਨੂੰ ਉਨ੍ਹਾਂ ਨੂੰ ਗੱਲਬਾਤ ਦੀ ਪ੍ਰਗਤੀ ਬਾਰੇ ਜਾਣਕਾਰੀ ਦਿੱਤੀ। ਸੰਸਦ ਦੇ ਰਾਜਨੀਤਕ ਸਮੂਹਾਂ ਦੇ ਮੁਖੀਆਂ ਦੇ ਸੰਮੇਲਨ ਨੇ ਕਿਹਾ ਕਿ ਇਸ ਮਹੀਨੇ ਦੇ ਅੰਤ ਤੱਕ ਪੂਰਨ ਇਜਲਾਸ ਬੁਲਾਉਣ ਲਈ ਤਿਆਰ ਹਾਂ, ਬਸ਼ਰਤੇ ਐਤਵਾਰ ਯਾਨੀ 20 ਦਸੰਬਰ ਦੀ ਅੱਧੀ ਰਾਤ ਤੱਕ ਸਮਝੌਤਾ ਹੋ ਜਾਵੇ। ਜੇਕਰ ਇਹ ਕਰਾਰ 20 ਦਸੰਬਰ ਤੋਂ ਬਾਅਦ ਹੁੰਦਾ ਹੈ ਤਾਂ 2021 ਵਿਚ ਹੀ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ ਕਿਉਂਕਿ ਸੰਸਦ ਵਿਚ ਸਮਝੌਤੇ 'ਤੇ ਬਹਿਸ ਕਰਨ ਲਈ ਲੋੜੀਂਦਾ ਸਮਾਂ ਨਹੀਂ ਹੋਵੇਗਾ।
ਗੌਰਤਲਬ ਹੈ ਕਿ ਪਿਛਲੀ ਦਿਨੀਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਨੇ ਆਪਣੇ ਮੰਤਰੀ ਮੰਡਲ ਨੂੰ ਕਿਹਾ ਸੀ ਕਿ ਯੂ. ਕੇ. ਯੂਰਪੀ ਸੰਘ (ਈ. ਯੂ.) ਨਾਲ ਵਪਾਰ ਸਮਝੌਤਾ ਚਾਹੁੰਦਾ ਹੈ ਪਰ ਕਿਸੇ ਵੀ ਕੀਮਤ 'ਤੇ ਨਹੀਂ। ਜਾਨਸਨ ਨੇ ਸੀਨੀਅਰ ਮੰਤਰੀਆਂ ਨੂੰ ਇਹ ਵੀ ਦੱਸਿਆ ਕਿ ਵਾਰਤਾ ਅਜੇ ਵੀ ਬਿਨਾਂ ਸਮਝੌਤੇ ਦੇ ਸਮਾਪਤ ਹੋਣ ਦੀ ਸੰਭਾਵਨਾ ਹੈ। ਬ੍ਰਿਟੇਨ-ਈ. ਯੂ. ਦੇ ਅਧਿਕਾਰੀ 31 ਦਸੰਬਰ ਤੱਕ ਵਪਾਰ ਸਮਝੌਤੇ 'ਤੇ ਸਹਿਮਤ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਜੇਕਰ ਕੋਈ ਡੀਲ ਨਾ ਹੋਈ ਤਾਂ ਯੂ. ਕੇ ਅਤੇ ਯੂਰਪੀ ਸੰਘ ਵਿਸ਼ਵ ਵਪਾਰ ਸੰਗਠਨ (ਡਬਲਿਊ. ਟੀ. ਓ.) ਦੇ ਵਪਾਰ ਨਿਯਮਾਂ ਤਹਿਤ ਵਪਾਰ ਕਰਨਗੇ। ਇਸ ਦੇ ਫਲਸਰੂਪ ਦੋਹਾਂ ਪਾਸਿਓਂ ਦਰਾਮਦ ਸਾਮਾਨਾਂ 'ਤੇ ਟੈਰਿਫ, ਟੈਕਸ ਲਾਗੂ ਹੋ ਜਾਣਗੇ।