ਇਨਕਮ ਟੈਕਸ ਮਹਿਕਮੇ 'ਚ 291 ਅਹੁਦਿਆਂ 'ਤੇ ਨਿਕਲੀ ਭਰਤੀ, ਜਾਣੋ ਪੂਰਾ ਵੇਰਵਾ
Tuesday, Jan 09, 2024 - 01:39 PM (IST)
ਨਵੀਂ ਦਿੱਲੀ- ਇਨਕਮ ਟੈਕਸ ਵਿਭਾਗ 'ਚ ਨੌਕਰੀ ਕਰਨ ਦੇ ਚਾਹਵਾਨ ਉਮੀਦਵਾਰਾਂ ਲਈ ਚੰਗੀ ਖ਼ਬਰ ਹੈ। ਇਨਕਮ ਟੈਕਸ ਸਪੋਰਟਸ ਕੋਟੇ ਦੀ ਭਰਤੀ ਦਾ ਅਧਿਕਾਰਤ ਨੋਟੀਫਿਕੇਸ਼ਨ 291 ਅਸਾਮੀਆਂ 'ਤੇ ਜਾਰੀ ਕੀਤਾ ਗਿਆ ਹੈ। ਜਿਸ ਰਾਹੀਂ ਇੰਸਪੈਕਟਰ, ਸਟੈਨੋਗ੍ਰਾਫਰ, ਟੈਕਸ ਅਸਿਸਟੈਂਟ, ਮਲਟੀਟਾਸਕਿੰਗ ਸਟਾਫ ਅਤੇ ਕੰਟੀਨ ਅਟੈਂਡੈਂਟ ਦੀਆਂ ਅਸਾਮੀਆਂ 'ਤੇ ਭਰਤੀ ਕੀਤੀ ਜਾਵੇਗੀ। ਇਨਕਮ ਟੈਕਸ ਸਪੋਰਟਸ ਕੋਟਾ ਭਰਤੀ 2024 ਲਈ ਆਨਲਾਈਨ ਅਰਜ਼ੀ 22 ਦਸੰਬਰ 2023 ਤੋਂ ਸ਼ੁਰੂ ਹੋ ਗਈ ਹੈ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ http://www.incometaxrajasthan.gov.in. 'ਤੇ ਜਾ ਸਕਦੇ ਹਨ ਅਤੇ 19 ਜਨਵਰੀ, 2024 ਤੱਕ ਅਪਲਾਈ ਕਰ ਸਕਦੇ ਹਨ।
ਅਰਜ਼ੀ ਫੀਸ
ਭਰਤੀ ਲਈ ਅਰਜ਼ੀ ਫੀਸ 200 ਰੁਪਏ ਰੱਖੀ ਗਈ ਹੈ। ਉਮੀਦਵਾਰ ਆਨਲਾਈਨ ਮੋਡ ਰਾਹੀਂ ਫੀਸ ਦਾ ਭੁਗਤਾਨ ਕਰਨ ਦੇ ਯੋਗ ਹੋਣਗੇ।
ਉਮਰ ਹੱਦ
ਇਨਕਮ ਟੈਕਸ ਸਪੋਰਟਸ ਕੋਟਾ ਭਰਤੀ 2024 ਵਿਚ ਮਲਟੀਟਾਸਕਿੰਗ ਸਟਾਫ ਅਤੇ ਕੰਟੀਨ ਅਟੈਂਡੈਂਟ ਦੀ ਉਮਰ ਹੱਦ 18 ਤੋਂ 25 ਸਾਲ ਤੱਕ ਰੱਖੀ ਗਈ ਹੈ। ਇਸ ਦੇ ਨਾਲ ਹੀ ਸਟੈਨੋਗ੍ਰਾਫਰ ਅਤੇ ਟੈਕਸ ਅਸਿਸਟੈਂਟ ਦੇ ਅਹੁਦੇ ਲਈ ਉਮਰ ਹੱਦ 18 ਤੋਂ 27 ਸਾਲ ਰੱਖੀ ਗਈ ਹੈ। ਇਸ ਤੋਂ ਇਲਾਵਾ ਇਨਕਮ ਟੈਕਸ ਇੰਸਪੈਕਟਰ ਲਈ ਉਮਰ ਹੱਦ 18 ਤੋਂ 30 ਸਾਲ ਰੱਖੀ ਗਈ ਹੈ। ਸੂਚਨਾ ਮੁਤਾਬਕ ਭਰਤੀ ਵਿਚ ਉਮਰ ਦੀ ਗਣਨਾ 1 ਜਨਵਰੀ, 2023 ਨੂੰ ਅਧਾਰ ਵਜੋਂ ਕੀਤੀ ਜਾਵੇਗੀ। ਹਾਲਾਂਕਿ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਵੀ ਭਾਰਤ ਸਰਕਾਰ ਦੇ ਨਿਯਮਾਂ ਅਨੁਸਾਰ ਛੋਟ ਦਿੱਤੀ ਜਾਵੇਗੀ।
ਵਿੱਦਿਅਕ ਯੋਗਤਾ
ਇਨਕਮ ਟੈਕਸ ਸਪੋਰਟਸ ਕੋਟਾ ਭਰਤੀ 2024 ਵਿਚ ਮਲਟੀ ਟਾਸਕਿੰਗ ਸਟਾਫ ਅਤੇ ਕੰਟੀਨ ਅਟੈਂਡੈਂਟ ਦੇ ਅਹੁਦੇ ਲਈ ਯੋਗਤਾ 10ਵੀਂ ਪਾਸ ਰੱਖੀ ਗਈ ਹੈ। ਇਸ ਦੇ ਨਾਲ ਹੀ ਹੋਰ ਅਹੁਦਿਆਂ ਲਈ ਯੋਗਤਾ ਗ੍ਰੈਜੂਏਸ਼ਨ ਰੱਖੀ ਗਈ ਹੈ। ਉਮੀਦਵਾਰ ਅਧਿਕਾਰਤ ਵੈਬਸਾਈਟ 'ਤੇ ਜਾ ਕੇ ਵਿੱਦਿਅਕ ਯੋਗਤਾ ਨਾਲ ਸਬੰਧਤ ਵੇਰਵਿਆਂ ਦੀ ਜਾਂਚ ਕਰ ਸਕਦੇ ਹਨ।
ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਖੇਡ ਯੋਗਤਾ ਦੇ ਆਧਾਰ 'ਤੇ ਕੀਤੀ ਜਾਵੇਗੀ। ਇਸ ਤੋਂ ਬਾਅਦ ਉਨ੍ਹਾਂ ਨੂੰ ਦਸਤਾਵੇਜ਼ਾਂ ਦੀ ਤਸਦੀਕ ਲਈ ਬੁਲਾਇਆ ਜਾਵੇਗਾ ਅਤੇ ਉਸ ਤੋਂ ਬਾਅਦ ਮੈਡੀਕਲ ਟੈਸਟ ਹੋਵੇਗਾ ਅਤੇ ਅੰਤਿਮ ਨਤੀਜਾ ਜਾਰੀ ਕੀਤਾ ਜਾਵੇਗਾ।