ਪਹਿਲੀ ਛਿਮਾਹੀ ’ਚ ਵੀ ਵਿੱਤੀ ਘਾਟਾ ਬਜਟ ਦੇ ਸਾਲਾਨਾ ਅਨੁਮਾਨ ਤੋਂ ਉੱਪਰ ਨਿਕਲਿਆ

10/30/2020 2:37:30 PM

ਨਵੀਂ ਦਿੱਲੀ– ਕੇਂਦਰ ਦਾ ਵਿੱਤੀ ਘਾਟਾ ਪਹਿਲੀ ਛਿਮਾਹੀ ’ਚ ਹੀ ਸਾਲਾਨਾ ਅਨੁਮਾਨ ਤੋਂ ਉੱਪਰ ਨਿਕਲ ਗਿਆ ਹੈ। ਮਾਲੀਆ ਪ੍ਰਾਪਤੀ ਘੱਟ ਰਹਿਣ ਨਾਲ ਸਤੰਬਰ ’ਚ ਸਮਾਪਤ ਛੇ ਮਹੀਨੇ ’ਚ ਵਿੱਤੀ ਘਾਟਾ ਬਜਟ ਅਨੁਮਾਨ ਦੇ 114.8 ਫੀਸਦੀ ਤੱਕ ਪਹੁੰਚ ਗਿਆ। ਕੋਰੋਨਾ ਵਾਇਰਸ ਮਹਾਮਾਰੀ ਅਤੇ ਲਾਕਡਾਊਨ ਪਹਿਲੀ ਤਿਮਾਹੀ ’ਚ ਆਰਥਿਕ ਸਰਗਰਮੀਆਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ।

ਇਹੀ ਕਾਰਣ ਹੈ ਕਿ ਪਹਿਲੀ ਛਿਮਾਹੀ ’ਚ ਮਾਲੀਆ ਪ੍ਰਾਪਤੀ ਵੀ ਪ੍ਰਭਾਵਿਤ ਹੋਈ ਅਤੇ ਵਿੱਤੀ ਘਾਟਾ 9.14 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ। ਸਰਕਾਰ ਦੇ ਕੰਟਰੋਲਰ ਜਨਰਲ ਆਫ ਅਕਾਊਂਟਸ (ਸੀ. ਜੀ. ਏ.) ਵਲੋਂ ਜਾਰੀ ਅੰਕੜਿਆਂ ਮੁਤਾਬਕ ਚਾਲੂ ਵਿੱਤੀ ਸਾਲ 2020-21 ਦੀ ਅਪ੍ਰੈਲ ਤੋਂ ਸਤੰਬਰ ਮਿਆਦ ਦੌਰਾਨ ਕੇਂਦਰ ਸਰਕਾਰ ਦਾ ਵਿੱਤੀ ਘਾਟਾ 9,13,993 ਕਰੋੜ ਰੁਪਏ ਰਿਹਾ ਹੈ।

ਇਸ ਤੋਂ ਪਿਛਲੇ ਵਿੱਤੀ ਸਾਲ ’ਚ ਇਸ ਮਿਆਦ ’ਚ ਵਿੱਤੀ ਘਾਟਾ ਬਜਟ ਅਨੁਮਾਨ ਦਾ 92.6 ਫੀਸਦੀ ’ਤੇ ਰਿਹਾ ਸੀ ਜਦੋਂ ਕਿ ਇਸ ਸਾਲ ਇਹ 114.8 ਫੀਸਦੀ ’ਤੇ ਪਹੁੰਚ ਗਿਆ। ਸਰਕਾਰ ਨੂੰ ਮਿਲਣ ਵਾਲੇ ਕੁਲ ਮਾਲੀਏ ਅਤੇ ਉਸ ਦੇ ਕੁਲ ਖਰਚੇ ਦਰਮਿਆਨ ਦੇ ਅੰਤਰ ਨੂੰ ਵਿੱਤੀ ਘਾਟਾ ਕਿਹਾ ਜਾਂਦਾ ਹੈ। ਸੀ. ਜੀ. ਏ. ਦੇ ਅੰਕੜਿਆਂ ਮੁਤਾਬਕ ਸਤੰਬਰ ਤੱਕ ਪ੍ਰਾਪਤ ਮਾਲੀਏ ’ਚ ਕੇਂਦਰ ਨੂੰ ਸ਼ੁੱਧ ਰੂਪ ਨਾਲ 4,58,508 ਕਰੋੜ ਰੁਪਏ ਦੀ ਪ੍ਰਾਪਤੀ ਹੋਈ। ਇਸ ’ਚ 92,274 ਕਰੋੜ ਰੁਪਏ ਗੈਰ-ਟੈਕਸ ਮਾਲੀਆ ਅਤੇ 14,635 ਕਰੋੜ ਰੁਪਏ ਗੈਰ-ਕਰਜ਼ਾ ਪੂੰਜੀ ਪ੍ਰਾਪਤੀ ਰਹੀ।
ਗੈਰ-ਕਰਜ਼ਾ ਪੂੰਜੀ ਪ੍ਰਾਪਤੀ ’ਚ 8,854 ਕਰੋੜ ਰੁਪਏ ਕਰਜ਼ਾ ਵਸੂਲੀ ਅਤੇ 5,781 ਕਰੋੜ ਰੁਪਏ ਨਿਵੇਸ਼ ਪ੍ਰਾਪਤੀ ਦੇ ਰੂਪ ’ਚ ਪ੍ਰਾਪਤ ਹੋਏ।


Sanjeev

Content Editor

Related News