ਭਾਰਤ ਤੋਂ 1,50,000 ਟਨ ਚਾਵਲ ਖ਼ਰੀਦ ਸਕਦਾ ਹੈ ਬੰਗਲਾਦੇਸ਼

12/24/2020 4:55:29 PM

ਨਵੀਂ ਦਿੱਲੀ- ਬੰਗਲਾਦੇਸ਼ ਭਾਰਤ ਤੋਂ 1,50,000 ਟਨ ਚਾਵਲ ਦੀ ਖ਼ਰੀਦ ਕਰ ਸਕਦਾ ਹੈ। ਰਾਈਟਰ ਦੀ ਖ਼ਬਰ ਮੁਤਾਬਕ, ਭਾਰਤ-ਬੰਗਲਾਦੇਸ਼ ਵਿਚਕਾਰ ਤਿੰਨ ਸਾਲਾਂ ਵਿਚ ਇਹ ਪਹਿਲਾ ਦੋ-ਪੱਖੀ ਸਮਝੌਤਾ ਹੋਵੇਗਾ। ਇਸ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।

ਭਾਰਤ ਵਿਸ਼ਵ ਦਾ ਸਭ ਤੋਂ ਵੱਡਾ ਚਾਵਲ ਬਰਾਮਦਕਾਰ ਹੈ। ਇਸ ਵਾਰ ਬੰਪਰ ਉਤਪਾਦਨ ਹੋਇਆ ਹੈ ਅਤੇ ਬੰਗਲਾਦੇਸ਼ ਨਾਲ ਸਮਝੌਤਾ ਹੋਣ ਨਾਲ ਵਾਧੂ ਸਟਾਕ ਕੱਢਣ ਵਿਚ ਮਦਦ ਮਿਲੇਗੀ। ਭਾਰਤ, ਬੰਗਲਾਦੇਸ਼ ਨੂੰ ਥਾਈਲੈਂਡ ਅਤੇ ਵੀਅਤਨਾਮ ਦੇ ਮੁਕਾਬਲੇ ਕੀਮਤਾਂ ਵਿਚ ਛੋਟ ਦੀ ਪੇਸ਼ਕਸ਼ ਕਰ ਰਿਹਾ ਹੈ।

ਨਾਫੇਡ ਦੇ ਇਕ ਬੁਲਾਰੇ ਨੇ ਕਿਹਾ, “ਅਸੀਂ ਬੰਗਲਾਦੇਸ਼ ਨਾਲ ਗੱਲਬਾਤ ਕਰ ਰਹੇ ਹਾਂ। ਨਾਫੇਡ ਬੰਗਲਾਦੇਸ਼ ਨੂੰ 5,00,000 ਟਨ ਚਾਵਲ ਸਪਲਾਈ ਕਰਨ ਦੀ ਸਥਿਤੀ ਵਿਚ ਹੈ।" ਬੰਗਲਾਦੇਸ਼ ਖੁਰਾਕ ਮੰਤਰਾਲਾ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਰਕਾਰ ਤੋਂ ਸਰਕਾਰ ਸਮਝੌਤੇ ਤਹਿਤ ਅਸੀਂ 1,50,000 ਟਨ ਚਾਵਲ ਖਰੀਦ ਸਕਦੇ ਹਾਂ। ਰਿਪੋਰਟ ਮੁਤਾਬਕ, ਇਸ ਸਮਝੌਤੇ ਤਹਿਤ ਪਹਿਲੀ ਸਪਲਾਈ ਅਗਲੇ ਸਾਲ ਦੀ ਪਹਿਲੀ ਤਿਮਾਹੀ ਵਿਚ ਭਾਰਤ ਦੇ ਪੱਛਮੀ ਬੰਗਾਲ ਦੀ ਹਲਦੀਆ ਬੰਦਰਗਾਹ ਤੋਂ ਕੀਤੇ ਜਾਣ ਦੀ ਸੰਭਾਵਨਾ ਹੈ। ਬੰਗਲਾਦੇਸ਼, ਹਰ ਸਾਲ ਤਕਰੀਬਨ 3.5 ਕਰੋੜ ਟਨ ਝੋਨੇ ਦੀ ਪੈਦਾਵਾਰ ਨਾਲ ਵਿਸ਼ਵ ਦਾ ਤੀਜਾ ਸਭ ਤੋਂ ਵੱਡਾ ਝੋਨਾ ਉਤਪਾਦਕ ਹੈ। ਹਾਲਾਂਕਿ, ਸਮੇਂ-ਸਮੇਂ 'ਤੇ ਹੜ੍ਹਾਂ ਜਾਂ ਸੋਕੇ ਵਰਗੀਆਂ ਕੁਦਰਤੀ ਆਫ਼ਤਾਂ ਕਾਰਨ ਆਈ ਕਮੀ ਨਾਲ ਸਿੱਝਣ ਲਈ ਦਰਾਮਦ 'ਤੇ ਨਿਰਭਰ ਕਰਦਾ ਹੈ।


Sanjeev

Content Editor

Related News