ਯੂਥ ਕਾਂਗਰਸ ਪ੍ਰਧਾਨਗੀ ਲਈ ਆਨਲਾਈਨ ਨਾਮਜ਼ਦਗੀ ਰਾਤ 12 ਵਜੇ ਤਕ ਹੋਈ

11/18/2019 10:20:30 AM

ਜਲੰਧਰ (ਚੋਪੜਾ)— ਯੂਥ ਕਾਂਗਰਸ ਦੀਆਂ ਸੰਗਠਨਾਤਮਕ ਚੋਣਾਂ ਸਬੰਧੀ ਬੀਤੇ ਦਿਨ ਨਾਮਜ਼ਦ ਕਰਨ ਦੇ ਆਖਰੀ ਦਿਨ ਆਨਲਾਈਨ ਦਾਅਵੇਦਾਰੀਆਂ ਕਰਨ ਦਾ ਦੌਰ ਪੂਰਾ ਦਿਨ ਚੱਲਿਆ। ਨਾਮਜ਼ਦਗੀ ਦੇ ਆਖਰੀ ਦਿਨ ਰਾਤ 12 ਵਜੇ ਤਕ ਆਨਲਾਈਨ ਨਾਮਜ਼ਦਗੀ ਭਰਨ ਦੀ ਸਮਾਂ ਸੀਮਾ ਨਿਰਧਾਰਤ ਕੀਤੀ ਗਈ ਹੈ। ਯੂਥ ਕਾਂਗਰਸ ਜ਼ਿਲਾ ਪ੍ਰਧਾਨਗੀ ਦੀ ਪਰਫਾਰਮੈਂਸ ਲਿਸਟ ਦੇ ਨਿਯਮਾਂ 'ਚ ਬਦਲਾਅ ਕਰਨ ਤੋਂ ਬਾਅਦ ਹਾਈ ਕਮਾਨ ਨੇ ਫਾਈਨਲ ਕੀਤਾ ਕਿ ਯੂਥ ਕਾਂਗਰਸ ਦਾ ਕੋਈ ਵੀ ਐਕਟਿਵ ਮੈਂਬਰ ਚੋਣਾਂ ਲੜ ਸਕਦਾ ਹੈ। ਜਦ ਕਿ ਪਹਿਲਾਂ ਯੂਥ ਕਾਂਗਰਸ ਸ਼ਹਿਰੀ ਦੀ ਪ੍ਰਧਾਨਗੀ ਲਈ ਸਿਰਫ 4 ਨਾਂ ਸਾਹਮਣੇ ਆ ਰਹੇ ਸਨ ਅਤੇ ਦਿਹਾਤੀ ਦੀ ਪ੍ਰਧਾਨਗੀ ਸਬੰਧੀ ਦੋ ਨੌਜਵਾਨਾਂ ਵਿਚ ਮੁਕਾਬਲਾ ਦਿਸ ਰਿਹਾ ਸੀ ਪਰ ਹੁਣ ਕਿਸੇ ਵੀ ਐਕਟਿਵ ਮੈਂਬਰ ਦੇ ਚੋਣਾਂ ਲੜਨ ਦੇ ਨਿਯਮ ਤੋਂ ਬਾਅਦ ਆਨਲਾਈਨ ਨਾਮਜ਼ਦਗੀ ਕਰਨ ਵਾਲਿਆਂ ਦੀ ਗਿਣਤੀ ਵਧ ਗਈ ਹੈ। ਹੁਣ ਸ਼ਹਿਰੀ ਅਤੇ ਦਿਹਾਤੀ ਪ੍ਰਧਾਨ ਬਣਨ ਦੇ ਇੱਛੁਕ ਦਾਅਵੇਦਾਰਾਂ ਦੀ ਲਿਸਟ 'ਚ ਦਰਜਨ ਦੇ ਕਰੀਬ ਨੌਜਵਾਨ ਸ਼ਾਮਲ ਹੋ ਸਕਦੇ ਹਨ। ਰਾਤ 10 ਵਜੇ ਤਕ ਦਿਹਾਤੀ ਖੇਤਰ ਨਾਲ ਸਬੰਧਤ 9 ਦਾਅਵੇਦਾਰਾਂ ਵਲੋਂ ਨਾਮਜ਼ਦਗੀ ਕਰਨ ਦੀ ਪੁਸ਼ਟੀ ਹੋਈ ਹੈ ਅਤੇ ਸ਼ਹਿਰੀ ਖੇਤਰ 'ਚ ਵੀ 10 ਨੌਜਵਾਨਾਂ ਦੇ ਨਾਮਜ਼ਦਗੀ ਕਰਨ ਦੇ ਆਸਾਰ ਦਿਸ ਰਹੇ ਹਨ।

ਇਸ ਸਬੰਧੀ ਜ਼ਿਲਾ ਯੂਥ ਕਾਂਗਰਸ ਦਿਹਾਤੀ ਦੇ ਰਿਟਰਨਿੰਗ ਅਧਿਕਾਰੀ ਪ੍ਰਮੋਦ ਬਿਸ਼ਟ ਅਤੇ ਸ਼ਹਿਰੀ ਦੇ ਰਿਟਰਨਿੰਗ ਅਧਿਕਾਰੀ ਮਨੀਸ਼ ਟੈਗੋਰ ਨੇ ਦੱਸਿਆ ਕਿ ਆਨਲਾਈਨ ਨਾਮਜ਼ਦਗੀ ਦੀ ਪ੍ਰਕਿਰਿਆ ਰਾਤ 12 ਵਜੇ ਤਕ ਚੱਲੇਗੀ, ਜਿਸ ਕਾਰਨ ਹੁਣ ਉਹ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਣਗੇ ਕਿ ਕਿੰਨੇ ਨੌਜਵਾਨਾਂ ਨੇ ਦਿਹਾਤੀ ਅਤੇ ਸ਼ਹਿਰੀ ਪ੍ਰਧਾਨ ਦੇ ਅਹੁਦੇ ਲਈ ਆਪਣੀ ਨਾਮਜ਼ਦਗੀ ਭਰੀ ਹੈ। ਉਨ੍ਹਾਂ ਦੱਸਿਆ ਕਿ ਕਲ ਤਕ ਸਾਰੀ ਸਥਿਤੀ ਸਾਫ ਹੋ ਜਾਵੇਗੀ ਕਿ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਵਿਚ ਕਿੰਨੇ ਦਾਅਵੇਦਾਰਾਂ ਨੇ ਆਪਣੀ ਆਨਲਾਈਨ ਨਾਮਜ਼ਦਗੀ ਭਰੀ ਹੈ।


shivani attri

Content Editor

Related News