ਵੱਡੇ ਭਰਾ ਦਾ ਕਤਲ ਕਰਨ ਵਾਲਾ ਛੋਟਾ ਭਰਾ ਗ੍ਰਿਫ਼ਤਾਰ, ਪੁਲਸ ਨੇ ਲਿਆ ਰਿਮਾਂਡ ''ਤੇ
Friday, Mar 15, 2024 - 02:40 PM (IST)
ਗੜ੍ਹਦੀਵਾਲਾ (ਮੁਨਿੰਦਰ)- ਪਿੰਡ ਰਮਦਾਸਪੁਰ ਵਿਖੇ ਬੀਤੀ ਰਾਤ ਜ਼ਮੀਨ ਦੇ ਪੈਸਿਆਂ ਦੇ ਵਿਵਾਦ ਨੂੰ ਲੈ ਕੇ ਵੱਡੇ ਭਰਾ ਦਾ ਤੇਜ਼ਧਾਰ ਹਥਿਆਰ ਨਾਲ ਕੀਤੇ ਗਏ ਕਤਲ ਦੇ ਮਾਮਲੇ ਵਿਚ ਪੁਲਸ ਨੇ ਦਾਦੀ ਦੇ ਬਿਆਨਾਂ ਦੇ ਆਧਾਰ 'ਤੇ ਮ੍ਰਿਤਕ ਦੇ ਛੋਟੇ ਭਰਾ 'ਤੇ ਮਾਮਲਾ ਦਰਜ ਕੀਤਾ ਹੈ। ਇਸ ਹੱਤਿਆਕਾਂਡ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਕਥਿਤ ਦੋਸ਼ੀ ਮਨਪ੍ਰੀਤ ਸਿੰਘ ਨੂੰ ਬੀਤੇ ਦਿਨ ਪੁਲਸ ਵੱਲੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਸਬੰਧੀ ਪੁਲਸ ਨੂੰ ਦਿੱਤੇ ਗਏ ਬਿਆਨਾਂ ਵਿੱਚ ਮ੍ਰਿਤਕ ਮਨਜੋਤ ਸਿੰਘ ਦੀ ਦਾਦੀ ਨਿਰੰਜਨ ਕੌਰ 73 (ਸਾਲ) ਪਤਨੀ ਭਜਨ ਸਿੰਘ ਨੇ ਦੱਸਿਆ ਕਿ ਉਸ ਦੇ ਦੋ ਪੁੱਤਰ ਸਨ, ਜਿਨਾਂ ਦੀ ਮੌਤ ਹੋ ਚੁੱਕੀ ਹੈ।
ਉਸ ਨੇ ਦੱਸਿਆ ਕਿ ਉਸ ਦੇ ਵੱਡੇ ਪੁੱਤਰ ਬਲਵਿੰਦਰ ਸਿੰਘ ਦੇ ਅਗੇ ਦੋ ਲੜਕੇ ਹਨ। ਜਿਨ੍ਹਾਂ ਵਿੱਚੋਂ ਵੱਡਾ ਮਨਜੋਤ ਸਿੰਘ ਅਤੇ ਛੋਟਾ ਮਨਪ੍ਰੀਤ ਸਿੰਘ ਹੈ ਜੋਕਿ ਮੇਰੇ ਨਾਲ ਘਰ ਵਿੱਚ ਹੀ ਰਹਿੰਦੇ ਹਨ। ਉਸ ਨੇ ਦੱਸਿਆ ਕਿ ਬੀਤੀ 12 ਮਾਰਚ ਦੀ ਰਾਤ ਨੂੰ ਉਸ ਦੇ ਦੋਨੋਂ ਪੋਤਰੇ ਮਨਜੋਤ ਸਿੰਘ ਅਤੇ ਮਨਪ੍ਰੀਤ ਸਿੰਘ ਰਾਤ ਦਾ ਖਾਣਾ ਖਾਣ ਤੋਂ ਬਾਅਦ ਆਪੋ ਆਪਣੇ ਕਮਰਿਆਂ ਵਿੱਚ ਜਾ ਕੇ ਸੌਂ ਗਏ ਸੀ। ਦਾਦੀ ਨੇ ਦੱਸਿਆ ਕਿ ਉਹ ਘਰ ਦੀ ਲੌਬੀ ਵਿੱਚ ਮੰਜੇ 'ਤੇ ਸੁੱਤੀ ਹੋਈ ਸੀ ਅਤੇ ਲੌਬੀ ਦੇ ਨਾਲ ਦੇ ਕਮਰੇ ਵਿੱਚ ਉਸ ਦਾ ਵੱਡਾ ਪੋਤਰਾ ਮਨਜੋਤ ਸਿੰਘ (22) ਉਰਫ਼ ਸੋਨੂ ਆਪਣੇ ਬੈਡ 'ਤੇ ਸੁੱਤਾ ਸੀ ਅਤੇ ਉਸ ਦਾ ਛੋਟਾ ਪੋਤਰਾ (20) ਮਨਪ੍ਰੀਤ ਸਿੰਘ ਚੁਬਾਰੇ ਵਾਲੇ ਕਮਰੇ ਵਿੱਚ ਸੌਣ ਚਲਾ ਗਿਆ ਸੀ।
ਇਹ ਵੀ ਪੜ੍ਹੋ: ਹੁਣ ਜਲੰਧਰ 'ਚ ਦੂਜੇ ਸ਼ਹਿਰਾਂ ਤੋਂ ਆਉਣ ਵਾਲੀਆਂ ਗੱਡੀਆਂ ਦੇ ਨਹੀਂ ਕੱਟੇ ਜਾਣਗੇ ਚਲਾਨ, ਖ਼ਾਸ ਹਦਾਇਤਾਂ ਜਾਰੀ
ਉਸ ਨੇ ਦੱਸਿਆ ਕਿ 12 ਮਾਰਚ ਦੀ ਦਰਮਿਆਨੀ ਰਾਤ ਵਕਤ ਕਰੀਬ 1 ਵਜੇ ਉਸ ਦੇ ਵੱਡੇ ਪੋਤਰੇ ਮਨਜੋਤ ਸਿੰਘ ਉਰਫ਼ ਸੋਨੂ ਦੇ ਕਮਰੇ ਵਿੱਚੋਂ ਖੜਕੇ ਦੀ ਆਵਾਜ਼ ਸੁਣੀ। ਜਦੋਂ ਉਸ ਨੇ ਉੱਠ ਕੇ ਵੇਖਿਆ ਤਾਂ ਉਸ ਦਾ ਛੋਟਾ ਪੋਤਰਾ ਮਨਪ੍ਰੀਤ ਸਿੰਘ ਜਿਸ ਨੇ ਆਪਣੇ ਹੱਥ ਵਿੱਚ ਗੰਨੇ ਵੱਢਣ ਵਾਲਾ ਦਾਤਰਾ ਫੜਿਆ ਹੋਇਆ ਸੀ ਅਤੇ ਮੇਰੇ ਵੇਖਦਿਆਂ ਹੀ ਉਸ ਨੇ ਬੈਡ ਤੇ ਸੁੱਤੇ ਪਏ ਵੱਡੇ ਪੋਤਰੇ ਮਨਜੋਤ ਸਿੰਘ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਉਸ ਦੀ ਗਰਦਨ 'ਤੇ ਦਾਤਰਾ ਮਾਰ ਦਿੱਤਾ। ਉਸ ਨੇ ਦੱਸਿਆ ਕਿ ਦਾਤਰਾ ਲੱਗਣ ਨਾਲ ਮਨਜੋਤ ਸਿੰਘ ਦੇ ਗਲੇ ਚੋਂ ਕਾਫ਼ੀ ਖ਼ੂਨ ਨਿਕਲਣ ਨਾਲ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਉਸਨੇ ਦੱਸਿਆ ਮੇਰੇ ਵੱਲੋਂ ਰੌਲਾ ਪਾਉਣ ਅਤੇ ਮਨਪ੍ਰੀਤ ਸਿੰਘ ਉਥੋਂ ਭੱਜ ਗਿਆ।
ਦਾਦੀ ਨੇ ਇਸ ਵਿਵਾਦ ਦੀ ਵਜਹਾ ਦੱਸਦੇ ਹੋਏ ਕਿਹਾ ਕਿ ਮੇਰੇ ਵੱਡੇ ਪੋਤਰੇ ਮਨਜੋਤ ਸਿੰਘ ਦੇ ਨਾਂ ਤੇ ਇੱਕ ਕਿਲਾ ਜ਼ਮੀਨ ਸੀ। ਜਿਸ ਨੇ ਵਿਦੇਸ਼ ਜਾਣ ਦੇ ਮਕਸਦ ਨਾਲ ਇਕ ਮਹੀਨਾ ਪਹਿਲਾਂ ਮੇਰੇ ਛੋਟੇ ਪੋਤਰੇ ਦੀ ਸਹਿਮਤੀ ਨਾਲ ਕਰੀਬ 21-22 ਲੱਖ ਰੁਪਏ ਦੀ ਵੇਚੀ ਸੀ ਅਤੇ ਮੇਰਾ ਛੋਟਾ ਪੋਤਰਾ ਮਨਪ੍ਰੀਤ ਸਿੰਘ ਆਪਣੇ ਵੱਡੇ ਭਰਾ ਮਨਜੋਤ ਸਿੰਘ ਤੋਂ ਪੈਸਿਆਂ ਦੀ ਮੰਗ ਕਰਦਾ ਸੀ। ਪੈਸਿਆਂ ਦੇ ਵਿਵਾਦ ਨੂੰ ਲੈ ਕੇ ਹੀ ਮੇਰੇ ਛੋਟੇ ਪੋਤਰੇ ਮਨਪ੍ਰੀਤ ਸਿੰਘ ਨੇ ਆਪਣੇ ਵੱਡੇ ਭਰਾ ਮਨਜੋਤ ਸਿੰਘ ਦਾ ਕਤਲ ਕਰ ਦਿੱਤਾ। ਇਸ ਹੱਤਿਆਕਾਂਡ ਦੇ ਮਾਮਲੇ ਚ ਗ੍ਰਿਫ਼ਤਾਰ ਕੀਤੇ ਗਏ ਕਥਿਤ ਦੋਸ਼ੀ ਮਨਪ੍ਰੀਤ ਸਿੰਘ ਨੂੰ ਪੁਲਸ ਵੱਲੋਂ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿੱਛ ਲਈ ਰਿਮਾਂਡ 'ਤੇ ਲਿਆ ਗਿਆ ਹੈ।
ਇਹ ਵੀ ਪੜ੍ਹੋ: ਕਾਂਗਰਸ 'ਚੋਂ ਆਏ ਗੁਰਪ੍ਰੀਤ ਸਿੰਘ ਜੀਪੀ 'ਤੇ 'ਆਪ' ਨੇ ਖੇਡਿਆ ਦਾਅ, ਫਤਿਹਗੜ੍ਹ ਸਾਹਿਬ ਤੋਂ ਐਲਾਨਿਆ ਉਮੀਦਵਾਰ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8