ਵੱਡੀ ਖ਼ਬਰ: ਪੰਜਾਬ-ਹਰਿਆਣਾ ਪੁਲਸ ਨੂੰ ਲੋੜੀਂਦਾ ਖ਼ਤਰਨਾਕ ਗੈਂਗਸਟਰ ਗ੍ਰਿਫ਼ਤਾਰ, ਪੁਲਸ ਨੂੰ ਕੀਤਾ ਸੀ ਚੈਲੰਜ
Sunday, Feb 16, 2025 - 01:10 PM (IST)
![ਵੱਡੀ ਖ਼ਬਰ: ਪੰਜਾਬ-ਹਰਿਆਣਾ ਪੁਲਸ ਨੂੰ ਲੋੜੀਂਦਾ ਖ਼ਤਰਨਾਕ ਗੈਂਗਸਟਰ ਗ੍ਰਿਫ਼ਤਾਰ, ਪੁਲਸ ਨੂੰ ਕੀਤਾ ਸੀ ਚੈਲੰਜ](https://static.jagbani.com/multimedia/2025_2image_13_10_4819643774.jpg)
ਫਿਲੌਰ (ਭਾਖੜੀ)-ਪੰਜਾਬ-ਹਰਿਆਣਾ ਦੋ ਪ੍ਰਦੇਸ਼ਾਂ ਦੀ ਪੁਲਸ ਨੂੰ ਲੋੜੀਂਦੇ ਗੈਂਗਸਟਰ ਅਤੇ ਨਸ਼ਾ ਸਮੱਗਲਰ ਕਾਲੀ ਨੂੰ ਪੁਲਸ ਨੇ ਨਸ਼ੀਲੇ ਪਦਾਰਥਾਂ ਨਾਲ ਗ੍ਰਿਫ਼ਤਾਰ ਕੀਤਾ ਹੈ, ਜੋ ਆਪਣੇ ਗੈਂਗ ਨੂੰ ਚਲਾਉਣ ਲਈ ਖੁੱਲ੍ਹ ਕੇ ਨਸ਼ਾ ਸਮੱਗਲਿੰਗ ਦਾ ਧੰਦਾ ਕਰਵਾਉਂਦਾ ਸੀ ਅਤੇ ਹਰਿਆਣਾ ਪੁਲਸ ਨੂੰ ਰਸਤੇ ਵਿਚ ਲੱਗੇ ਨਾਕਾ ਹਟਾਉਣ ਲਈ ਚੈਲੰਜ ਵੀ ਕਰਦਾ ਸੀ। ਗੈਂਗਸਟਰ ਕਾਲੀ ਨੇ ਅੰਬਾਲਾ ਵਿਚ ਆਪਣੇ ਸਾਥੀਆਂ ਨਾਲ ਮਿਲ ਕੇ ਨਾਕੇ ’ਤੇ ਖੜ੍ਹੀ ਪੁਲਸ ਪਾਰਟੀ ਦੇ ਮੁਲਾਜ਼ਮਾਂ ਨੂੰ ਜਾਨ ਤੋਂ ਮਾਰਨ ਲਈ ਹਮਲਾ ਕਰ ਦਿੱਤਾ ਸੀ, ਜਿੱਥੇ ਇਸ ਦੇ ਵਿਰੁੱਧ ਇਰਾਦਾ-ਏ-ਕਤਲ ਦਾ ਕੇਸ ਦਰਜ ਹਨ।
ਗੈਂਗਸਟਰ ਕਾਲੀ ’ਤੇ ਪਹਿਲਾਂ ਵੀ ਦਰਜ ਹਨ ਕਈ ਕੇਸ
ਜਾਣਕਾਰੀ ਦਿੰਦੇ ਡੀ. ਐੱਸ. ਪੀ. ਸਬ ਡਿਵੀਜ਼ਨ ਫਿਲੌਰ ਸਰਵਨ ਸਿੰਘ ਬਲ ਨੇ ਦੱਸਿਆ ਕਿ ਐੱਸ. ਐੱਸ. ਪੀ. ਜਲੰਧਰ ਹਰਕਮਲਪ੍ਰੀਤ ਸਿੰਘ ਖੱਖ ਵੱਲੋਂ ਗੈਂਗਸਟਰਾਂ ਅਤੇ ਨਸ਼ਾ ਸਮੱਗਲਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਵਿਚ ਥਾਣਾ ਮੁਖੀ ਇੰਸਪੈਕਟਰ ਸੰਜੀਵ ਕਪੂਰ ਅਤੇ ਉਨ੍ਹਾਂ ਦੀ ਪੁਲਸ ਪਾਰਟੀ ਦੇ ਹੱਥ ਵੱਡੀ ਸਫ਼ਲਤਾ ਲੱਗੀ ਜਦੋਂ ਉਨ੍ਹਾਂ ਨੇ ਦੋ ਪ੍ਰਦੇਸ਼ਾਂ ਦੀ ਪੁਲਸ ਨੂੰ ਲੋੜੀਂਦੇ ਗੈਂਗਸਟਰ ਅਤੇ ਨਸ਼ਾ ਸਮੱਗਲਰ ਸੰਦੀਪ ਕੁਮਾਰ ਕਾਲੀ ਪੁੱਤਰ ਰਾਧੇ ਸ਼ਾਮ ਵਾਸੀ ਪੰਜਢੇਰਾ, ਫਿਲੌਰ ਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕਰ ਲਈ। ਕਾਲੀ ਨੇ ਹਰਿਆਣਾ ਪੁਲਸ ਨੂੰ ਆਪਣੇ ਗਿਰੋਹ ਦੇ ਲੋਕਾਂ ਦੇ ਨਿਕਲਣ ਲਈ ਨਾਕਾ ਹਟਾਉਣ ਲਈ ਚੈਲੰਜ ਕੀਤਾ ਸੀ ਅਤੇ ਜਦੋਂ ਪੁਲਸ ਨੇ ਨਾ ਹਟਾਇਆ ਤਾਂ ਇਸ ਨੇ ਪਾਰਟੀ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਡੀ. ਐੱਸ. ਪੀ. ਬਲ ਨੇ ਦੱਸਿਆ ਕਿ ਕਾਲੀ ਆਪਣੇ ਗਿਰੋਹ ਨੂੰ ਮਜ਼ਬੂਤ ਕਰਨ ਲਈ ਨਸ਼ਾ ਸਮੱਗÇਲੰਗ ਦਾ ਵੱਡੇ ਪੱਧਰ ’ਤੇ ਧੰਦਾ ਚਲਾ ਰਿਹਾ ਸੀ। ਗੈਂਗਸਟਰ ਕਾਲੀ ਦਾ ਗਿਰੋਹ ਪੰਜਾਬ ਅਤੇ ਹਰਿਆਣਾ ਵਿਚ ਪੂਰੀ ਤਰ੍ਹਾਂ ਸਰਗਰਮ ਸੀ।
ਇਹ ਵੀ ਪੜ੍ਹੋ : ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਵਾਪਰੀ ਘਟਨਾ 'ਤੇ ਸੁਖਬੀਰ ਬਾਦਲ ਨੇ ਜਤਾਇਆ ਦੁੱਖ਼, ਕੀਤੀ ਇਹ ਮੰਗ
ਹਰਿਆਣਾ ਪੁਲਸ ਨੇ ਇਸ ਦੇ ਗਿਰੋਹ ਦੀਆਂ ਗਤੀਵਿਧੀਆਂ ਰੋਕਣ ਲਈ ਅੰਬਾਲਾ ਮੰਡੀ ਵਿਚ ਨਾਕਾਬੰਦੀ ਕਰਨੀ ਸ਼ੁਰੂ ਕਰ ਦਿੱਤੀ ਜਿਸ ਨੇ ਇਸ ਗਿਰੋਹ ਨੂੰ ਨਸ਼ਾ ਲਿਆਉਣ ਅਤੇ ਵੇਚਣ ਵਿਚ ਮੁਸ਼ਕਲ ਆਉਣੀ ਸ਼ੁਰੂ ਹੋ ਗਈ ਤਾਂ ਕਾਲੀ ਨੇ ਅੰਬਾਲਾ ਪੁਲਸ ਨੂੰ ਆਪਣੇ ਇਲਾਕੇ ਤੋਂ ਨਾਕਾ ਹਟਾਉਣ ਲਈ ਖੁੱਲ੍ਹਾ ਚੈਲੰਜ ਕੀਤਾ। ਜਦੋਂ ਪੁਲਸ ਨੇ ਉਸ ਦੀ ਪਰਵਾਹ ਨਾ ਕੀਤੀ ਤਾਂ ਕਾਲੀ ਆਪਣੇ 4 ਸਾਥੀਆਂ ਦੁਕਸ਼ ਅਤੇ ਕੁੱਕੜ ਲਾਲ ਅੰਬਾਲਾ ਮੰਡੀ ਨਾਕੇ ’ਤੇ ਪੁੱਜੇ ਅਤੇ ਮੌਜੂਦ ਪੁਲਸ ਮੁਲਾਜ਼ਮ ਸੰਜੀਵ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਆਪਣੇ ਸਾਥੀ ਨੂੰ ਬਚਾਉਣ ਲਈ ਜਦੋਂ ਉਥੇ ਮੌਜੂਦ ਦੂਜੇ ਪੁਲਸ ਮੁਲਾਜ਼ਮ ਕੰਵਲਜੀਤ ਨੇ ਪੁਲਸ ਪਾਰਟੀ ਨੂੰ ਸੂਚਨਾ ਦੇ ਕੇ ਉਥੇ ਬੁਲਾਇਆ ਤਾਂ ਕਾਲੀ ਨੇ ਵੀ ਆਪਣੇ ਗਿਰੋਹ ਦੇ ਦੋ ਦਰਜਨ ਤੋਂ ਵੱਧ ਸਾਥੀਆਂ ਨੂੰ ਫੋਨ ਕਰਕੇ ਉਥੇ ਬੁਲਾ ਲਿਆ। ਇਸ ਤੋਂ ਪਹਿਲਾਂ ਅੰਬਾਲਾ ਪੁਲਸ ਕਾਲੀ ਨੂੰ ਫੜ ਸਕਦੀ, ਉਸ ਦੇ ਗਿਰੋਹ ਦੇ ਲੋਕਾਂ ਨੇ ਪੁਲਸ ’ਤੇ ਇੱਟਾਂ ਪੱਥਰਾਂ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਕਾਲੀ ਉਥੋਂ ਆਪਣੇ ਸਾਥੀਆਂ ਨਾਲ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ।
ਇਹ ਵੀ ਪੜ੍ਹੋ : ਜ਼ੰਜੀਰਾਂ ’ਚ ਬੰਨ੍ਹੇ ਭਾਰਤੀਆਂ ਨੂੰ ਦੇਸ਼ ਨਿਕਾਲਾ ਦੇ ਕੇ ਟਰੰਪ ਨੇ PM ਮੋਦੀ ਨੂੰ ਦਿੱਤਾ ਤੋਹਫ਼ਾ : ਭਗਵੰਤ ਮਾਨ
ਹਰਿਆਣਾ ਪੁਲਸ ਦੇ ਮੁਲਾਜ਼ਮ ਸੰਜੀਵ ਦੇ ਅਨੁਸਾਰ ਜੇਕਰ ਮੌਕੇ ’ਤੇ ਪੁਲਸ ਦੀ ਮਦਦ ਨਾ ਪੁੱਜਦੀ ਤਾਂ ਉਸ ਨੂੰ ਮੌਤ ਦੇ ਘਾਟ ਉਤਾਰ ਦੇਣਾ ਸੀ। ਮੁਲਾਜ਼ਮ ਦੀ ਸ਼ਿਕਾਇਤ ’ਤੇ ਕਾਲੀ ਅਤੇ ਇਸ ਦੇ ਸਾਥੀਆਂ ਵਿਰੁੱਧ ਇਰਾਦਾ ਏ ਕਤਲ ਦਾ ਕੇਸ ਦਰਜ ਕੀਤਾ ਗਿਆ ਜਿਸ ਵਿਚ ਉਹ ਫਰਾਰ ਚੱਲ ਰਿਹਾ ਸੀ। ਡੀ. ਐੱਸ. ਪੀ. ਬਲ ਨੇ ਦੱਸਿਆ ਕਿ ਕਾਲੀ ’ਤੇ ਥਾਣਾ ਫਿਲੌਰ ਵਿਚ 6 ਮੁਕੱਦਮੇ ਇਰਾਦਾ-ਏ-ਕਤਲ, ਨਸ਼ਾ ਅਤੇ ਹਥਿਆਰਾਂ ਦੀ ਸਮੱਗਲਿੰਗ ਦੇ ਦਰਜ ਹਨ, ਜਦਕਿ ਇਕ ਕੇਸ ਲੁਧਿਆਣਾ ਵਿਚ ਅਤੇ ਹਰਿਆਣਾ ਵਿਚ ਦਰਜ ਹੈ। ਉਨ੍ਹਾਂ ਦੱਸਿਆ ਕਿ ਕਾਲੀ ਦੀ ਗ੍ਰਿਫ਼ਤਾਰੀ ਦੀ ਸੂਚਨਾ ਹਰਿਆਣਾ ਪੁਲਸ ਨੂੰ ਵੀ ਕਰ ਦਿੱਤੀ ਗਈ ਹੈ। ਆਉਣ ਵਾਲੇ ਦਿਨਾਂ ਵਿਚ ਪੁੱਛਗਿੱਛ ਦੌਰਾਨ ਹੋਰ ਵੀ ਵੱਡੇ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਬਦਲਿਆ ਮੌਸਮ ਨੇ ਮਿਜਾਜ਼, ਹੋ ਗਈ ਵੱਡੀ ਭਵਿੱਖਬਾਣੀ, ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e