World Heart Day ਸਪੈਸ਼ਲ- ਜਾਣੋ ਕਿਵੇਂ ਕਰੀਏ ਦਿਲ ਦੀ ਸੰਭਾਲ
Friday, Sep 29, 2023 - 03:17 PM (IST)

ਜਲੰਧਰ (ਬਿਊਰੋ) : ਦਿਲ ਮਨੁੱਖੀ ਸਰੀਰ ਦੇ ਸਭ ਤੋਂ ਮਹੱਤਵਪੂਰਨ ਅੰਗਾਂ ਵਿਚੋਂ ਇਕ ਹੈ ਤੇ ਇਸਦੇ ਖ਼ਰਾਬ ਹੋਣ ’ਤੇ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ। ਇਸ ਲਈ ਦਿਲ ਦਾ ਸਹੀ ਢੰਗ ਨਾਲ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਦਿਲ ਛਾਤੀ ਦੇ ਖੱਬੇ ਪਾਸੇ ਧੜਕਦਾ ਪਾਨ ਦੇ ਆਕਾਰ ਦਾ ਇਕ ਉਹ ਛੋਟਾ ਜਿਹਾ ਅੰਗ ਹੈ, ਜਿਹੜਾ ਸਰੀਰ ਵਿਚ ਖੂਨ ਸਾਫ਼ ਕਰਨ ਦਾ ਕੰਮ ਕਰਦਾ ਹੈ।
ਦਿਲ ਦਾ ਧਿਆਨ ਰੱਖਣ ਦੀ ਲੋੜ ਨੂੰ ਵੈਸੇ ਤਾਂ ਹਰ ਕੋਈ ਸਮਝਦਾ ਹੈ ਪਰ ਇਸਦੇ ਲਈ ਕੋਸ਼ਿਸ਼ ਕਰਨ ਵਾਲੇ ਬਹੁਤ ਘੱਟ ਲੋਕ ਹੁੰਦੇ ਹਨ ਅਤੇ ਸ਼ਾਇਦ ਇਹੀ ਮੁੱਖ ਕਾਰਨ ਹੈ ਕਿ ਪਹਿਲਾਂ ਜਿੱਥੇ ਦਿਲ ਦੀ ਬੀਮਾਰੀ ਬੁਢਾਪੇ ਵਿਚ ਹੁੰਦੀ ਸੀ, ਉਥੇ ਹੀ ਹੁਣ ਇਹ ਛੋਟੀ ਉਮਰ ਦੇ ਲੋਕਾਂ ਨੂੰ ਵੀ ਆਪਣਾ ਸ਼ਿਕਾਰ ਬਣਾ ਰਹੀ ਹੈ। ਲੋਕਾਂ ਨੂੰ ਦਿਲ ਦੀਆਂ ਬੀਮਾਰੀਆਂ ਬਾਰੇ ਜਾਗਰੂਕ ਕਰਨ ਦੇ ਮੰਤਵ ਨਾਲ ਵਿਸ਼ਵ ਸਿਹਤ ਸੰਗਠਨ ਨੇ ਸੰਨ 2000 ਵਿਚ 'ਵਰਲਡ ਹਾਰਟ ਡੇਅ' ਮਨਾਉਣ ਦੀ ਸ਼ੁਰੂਆਤ ਕੀਤੀ ਸੀ ਅਤੇ ਉਦੋਂ ਤੋਂ ਇਸ ਨੂੰ ਹਰ ਸਾਲ ਸਤੰਬਰ ਮਹੀਨੇ ਦੇ ਆਖਰੀ ਐਤਵਾਰ ਨੂੰ ਮਨਾਇਆ ਜਾਂਦਾ ਸੀ। ਸੰਨ 2014 ਵਿਚ ਵਰਲਡ ਹਾਰਟ ਡੇਅ ਮਨਾਉਣ ਦੀ ਤਰੀਕ 29 ਸਤੰਬਰ ਤੈਅ ਕੀਤੀ ਗਈ ਅਤੇ ਉਦੋਂ ਤੋਂ ਇਹ ਹਰ ਸਾਲ 29 ਸਤੰਬਰ ਨੂੰ ਮਨਾਇਆ ਜਾਂਦਾ ਹੈ।‘ਵਰਲਡ ਹਾਰਟ ਡੇਅ’ ਲਈ ਇਸ ਸਾਲ ਦਾ ਥੀਮ ‘ਦਿਲ ਦੀ ਵਰਤੋਂ ਕਰੋ, ਦਿਲ ਨੂੰ ਜਾਣੋ’ ਹੈ। ਇਸ ਨਾਲ ਸਾਨੂੰ ਸਿਹਤਮੰਦ ਦਿਲ ਦੇ ਮਹੱਤਵ ਬਾਰੇ ਗੱਲ ਕਰਨ ਵਿਚ ਮਦਦ ਮਿਲਦੀ ਹੈ।
ਦਿਲ ਦੀਆਂ ਬੀਮਾਰੀਆਂ ਤੋਂ ਬਚਾਅ ਲਈ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
*ਬਲੱਡ ਪ੍ਰੈਸ਼ਰ ਅਤੇ ਸ਼ੂਗਰ ਨੂੰ ਕੰਟਰੋਲ ਰੱਖੋ
*ਜ਼ਿਆਦਾ ਚਰਬੀ ਵਾਲੇ ਭੋਜਨ ਤੋਂ ਪ੍ਰਹੇਜ਼ ਕਰੋ
*ਸਿਗਰਟਨੋਸ਼ੀ ਤੇ ਸ਼ਰਾਬ ਦਾ ਜ਼ਿਆਦਾ ਸੇਵਨ ਨਾ ਕਰੋ
*ਰੈਗੂਲਰ ਸੈਰ ਅਤੇ ਕਸਰਤ ਜ਼ਰੂਰ ਕਰੋ
*ਜੰਕ ਫੂਡ ਦੀ ਜਗ੍ਹਾ ਪੌਸ਼ਟਿਕ ਖਾਣਾ ਖਾਓ
*ਛਾਤੀ ਵਿਚ ਦਰਦ ਅਤੇ ਚੱਲਣ ’ਤੇ ਸਾਹ ਫੁੱਲਣ ’ਤੇ ਤੁਰੰਤ ਮਾਹਿਰ ਡਾਕਟਰ ਦੀ ਸਲਾਹ ਲਓ
ਛਾਤੀ ’ਚ ਹੋਣ ਵਾਲੇ ਦਰਦ ਨੂੰ ਅਣਡਿੱਠਾ ਨਾ ਕਰੋ
ਟੈਗੋਰ ਹਸਪਤਾਲ ਅਤੇ ਹਾਰਟ ਕੇਅਰ ਸੈਂਟਰ ਦੇ ਸੀਨੀਅਰ ਕਾਰਡੀਓਲਾਜਿਸਟ ਡਾ. ਨਿਪੁਨ ਮਹਾਜਨ ਦਾ ਕਹਿਣਾ ਹੈ ਕਿ ਦਿਲ ਦੀਆਂ ਬੀਮਾਰੀਆਂ ਤੋਂ ਪੀੜਤ ਕਈ ਮਰੀਜ਼ ਹਾਰਟ ਅਟੈਕ ਦੇ ਸਮੇਂ ਪਹਿਲੇ 'ਗੋਲਡਨ ਆਵਰਸ' ਨੂੰ ਗੁਆ ਦਿੰਦੇ ਹਨ, ਜਿਸ ਨਾਲ ਸਥਿਤੀ ਗੰਭੀਰ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਛਾਤੀ ਵਿਚ ਹੋਣ ਵਾਲੇ ਦਰਦ ਨੂੰ ਅਣਡਿੱਠਾ ਨਾ ਕਰਦੇ ਹੋਏ ਡਾਕਟਰ ਨਾਲ ਸਲਾਹ-ਮਸ਼ਵਰਾ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ- ਸਿਆਸਤ ਦੀ ਲੜਾਈ : ਪਾਰਟੀ ਵਿਸ਼ੇਸ਼ 'ਚ ਲੰਬੇ ਸਮੇਂ ਲਈ ਸ਼ਾਹ-ਸਵਾਰ ਬਣਨਾ ਟੇਢੀ ਖੀਰ
ਔਰਤਾਂ ਵਿਚ ਵੀ ਵਧ ਰਹੇ ਹਨ ਦਿਲ ਦੀਆਂ ਬੀਮਾਰੀਆਂ ਦੇ ਮਾਮਲੇ
ਕੇਅਰ ਮੈਕਸ ਸੁਪਰਸਪੈਸ਼ਲਿਟੀ ਹਸਪਤਾਲ ਦੇ ਚੀਫ ਕਾਰਡੀਓਲਾਜਿਸਟ ਡਾ. ਰਮਨ ਚਾਵਲਾ ਦਾ ਕਹਿਣਾ ਹੈ ਕਿ ਦਿਲ ਦੀਆਂ ਬੀਮਾਰੀਆਂ ਸਬੰਧੀ ਪੂਰੀ ਜਾਣਕਾਰੀ ਅਤੇ ਜਾਗਰੂਕਤਾ ਨਾ ਹੋਣ ਕਾਰਨ ਆਮ ਤੌਰ ’ਤੇ ਔਰਤਾਂ ਦਿਲ ਦੀਆਂ ਬੀਮਾਰੀਆਂ ਬਾਰੇ ਡਾਕਟਰ ਨਾਲ ਸਲਾਹ-ਮਸ਼ਵਰਾ ਨਹੀਂ ਕਰਦੀਆਂ, ਜਿਸ ਕਾਰਨ ਔਰਤਾਂ ਵਿਚ ਵੀ ਦਿਲ ਦੀਆਂ ਬੀਮਾਰੀਆਂ ਵਧ ਰਹੀਆਂ ਹਨ। ਇਸ ਦਾ ਇਕ ਕਾਰਨ ਇਹ ਵੀ ਹੈ ਕਿ ਔਰਤਾਂ ਆਪਣੀ ਸਿਹਤ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੀਆਂ।
ਇਹ ਵੀ ਪੜ੍ਹੋ- ਜ਼ਿੰਦਗੀ ਦੀ ਆਖਰੀ ਰੀਲ ਨਾ ਸਾਬਤ ਹੋ ਜਾਵੇ ਐਲੀਵੇਟਿਡ ਰੋਡ ’ਤੇ ਕੀਤਾ ਸਟੰਟ!
ਹਾਰਟ ਫੇਲੀਅਰ ਨਾਲ ਮਰੀਜ਼ਾਂ ਦੀ ਮੌਤ ਦੇ ਮਾਮਲੇ ਭਾਰਤ ਵਿਚ ਜ਼ਿਆਦਾ
ਕੈਪੀਟੋਲ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਅਤੇ ਕਾਰਡੀਓਲਾਜਿਸਟ ਡਾ. ਹਰਨੂਰ ਸਿੰਘ ਪਰੂਥੀ ਦਾ ਕਹਿਣਾ ਹੈ ਕਿ ਹਾਰਟ ਫੇਲੀਅਰ ਭਾਰਤ ਵਿਚ ਦਿਲ ਦੀਆਂ ਬੀਮਾਰੀਆਂ ਦੀਆਂ ਪ੍ਰਮੁੱਖ ਉਲਝਣਾਂ ਵਿਚੋਂ ਇਕ ਹੈ ਅਤੇ ਇਹੀ ਕਾਰਨ ਹੈ ਕਿ ਭਾਰਤ ਵਿਚ ਇਸ ਨਾਲ ਹੋਣ ਵਾਲੀ ਮੌਤ ਦਰ ਹੋਰਨਾਂ ਦੇਸ਼ਾਂ ਤੋਂ ਕਿਤੇ ਜ਼ਿਆਦਾ ਹੈ। ਉਨ੍ਹਾਂ ਦੱਸਿਆ ਕਿ ਦਿਲ ਦੀਆਂ ਬੀਮਾਰੀਆਂ ਤੋਂ ਬਚਾਅ ਲਈ ਜਾਗਰੂਕਤਾ ਬਹੁਤ ਜ਼ਰੂਰੀ ਹੈ।
ਇਹ ਵੀ ਪੜ੍ਹੋ- ਕੇਂਦਰੀ ਮੰਤਰੀ ਹਰਦੀਪ ਪੁਰੀ ਦਾ ਬਿਆਨ, ਕਿਹਾ- ਦੇਸ਼ 'ਚ ਚੱਲਣਗੀਆਂ 10,000 ਇਲੈਕਟ੍ਰਿਕ ਬੱਸਾਂ
ਸਿਗਰਟਨੋਸ਼ੀ, ਸ਼ਰਾਬ ਦਾ ਸੇਵਨ, ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦਿਲ ਦੀਆਂ ਬੀਮਾਰੀਆਂ ਦੇ ਮੁੱਖ ਕਾਰਨ
ਸ਼੍ਰੀਮਨ ਸੁਪਰਸਪੈਸ਼ਲਿਟੀ ਹਸਪਤਾਲ ਦੇ ਸੀਨੀਅਰ ਕਾਰਡੀਓਲਾਜਿਸਟ ਤੇ ਡਾਇਰੈਕਟਰ ਡਾ. ਵੀ. ਪੀ. ਸ਼ਰਮਾ ਦਾ ਕਹਿਣਾ ਹੈ ਕਿ ਸਿਗਰਟਨੋਸ਼ੀ, ਸ਼ਰਾਬ ਦੀ ਜ਼ਿਆਦਾ ਵਰਤੋਂ, ਹਾਈ ਬਲੱਡ ਪ੍ਰੈਸ਼ਰ ਤੇ ਸ਼ੂਗਰ ਵੀ ਦਿਲ ਦੀਆਂ ਬੀਮਾਰੀਆਂ ਦੇ ਮੁੱਖ ਕਾਰਨ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਪਰਿਵਾਰ ਵਿਚ ਦਿਲ ਦੀ ਬੀਮਾਰੀ ਤੋਂ ਪੀੜਤ ਕੋਈ ਮੈਂਬਰ ਹੋਵੇ ਤਾਂ ਬਾਕੀ ਮੈਂਬਰਾਂ ਨੂੰ ਵੀ ਦਿਲ ਦੀ ਬੀਮਾਰੀ ਹੋਣ ਦੀ ਸੰਭਾਵਨਾ ਆਮ ਲੋਕਾਂ ਤੋਂ ਜ਼ਿਆਦਾ ਇਸ ਲਈ ਹੁੰਦੀ ਹੈ ਕਿਉਂਕਿ ਇਹ ਖਾਨਦਾਨੀ ਬੀਮਾਰੀ ਵੀ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8