8 ਮਹੀਨਿਆਂ ਤੋਂ ਤਨਖਾਹ ਨਾ ਮਿਲਣ 'ਤੇ ਮੁਲਾਜ਼ਮਾਂ 'ਚ ਪਾਇਆ ਗਿਆ ਰੋਸ

01/15/2020 4:23:09 PM

ਹੁਸ਼ਿਆਰਪੁਰ (ਅਮਰੀਕ)— ਹੁਸ਼ਿਆਰਪੁਰ ਦੇ ਮਲਟੀ ਸਕਿਲ ਡਿਵੈੱਲਪਮੈਂਟ ਸੈਂਟਰ ਦੇ ਟਰੇਨਰਾਂ ਵੱਲੋਂ ਪਿਛਲੇ 8 ਮਹੀਨੇ ਤੋਂ ਤਨਖਾਹ ਨਾ ਮਿਲਣ ਨੂੰ ਲੈ ਕੇ ਰੋਸ ਦੇਖਣ ਨੂੰ ਮਿਲਿਆ। ਹੁਸ਼ਿਆਰਪੁਰ ਦੇ ਇਸ ਮਲਟੀ ਸਕਿਲ ਡਿਵੈੱਲਪਮੈਂਟ ਸੈਂਟਰ 'ਚ ਟਰੇਨਰਾਂ ਦਾ ਠੇਕਾ ਪੰਜਾਬ ਸਰਕਾਰ ਵੱਲੋਂ ਦਿੱਲੀ ਦੀ ਇਕ ਐੱਮ. ਟੇਕ ਪ੍ਰਾਈਵੇਟ ਲਿਮਟਿਡ ਕੰਪਨੀ ਨੂੰ ਦਿੱਤਾ ਗਿਆ ਹੈ। ਇਸ ਕੰਪਨੀ ਵੱਲੋਂ ਹੁਸ਼ਿਆਰਪੁਰ ਦੇ ਮਲਟੀ ਸਕਿਲ ਡਿਵੈੱਲਪਮੈਂਟ ਸੈਂਟਰ'ਚ 25-30 ਟਰੇਨਰ ਅਤੇ ਸਟਾਫ ਮੈਂਬਰਾਂ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਇਨ੍ਹਾਂ ਮੁਲਾਜ਼ਮਾਂ ਨੂੰ ਪਿਛਲੇ 8 ਮਹੀਨੇ ਤੋਂ ਕੋਈ ਤਨਖਾਹ ਨਹੀਂ ਦਿਤੀ ਗਈ। ਜੇਕਰ ਇਹ ਮੁਲਾਜ਼ਮ ਕੰਪਨੀ ਨਾਲ ਕੋਈ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਨਾ ਉਨ੍ਹਾਂ ਨੂੰ ਕੋਈ ਜਵਾਬ ਦਿੱਤਾ ਜਾਂਦਾ ਹੈ ਅਤੇ ਨਾ ਹੀ ਫੋਨ 'ਤੇ ਗੱਲ ਕੀਤੀ ਜਾਂਦੀ ਹੈ।

ਤਨਖਾਹ ਦੀ ਆਸ 'ਚ ਬੈਠੇ ਇਨ੍ਹਾਂ ਮੁਲਾਜਮਾਂ ਨੂੰ ਅੱਜ ਅਚਾਨਕ ਉਦੋਂ ਝਟਕਾ ਲਗਾ ਜਦੋਂ ਉਨ੍ਹਾਂ ਨੂੰ ਪਤਾ ਲਗਾ ਕਿ ਦਿੱਲੀ ਤੋਂ ਕੰਪਨੀ ਦੇ ਬੰਦੇ ਹੁਸ਼ਿਆਰਪੁਰ ਦੇ ਮਲਟੀ ਸਕਿਲ ਡਿਵੈੱਲਪਮੈਂਟ ਸੈਂਟਰ 'ਚੋਂ ਆਪਣਾ ਸਾਮਾਨ ਚੁੱਕਣ ਆਏ ਹਨ। ਇਨ੍ਹਾਂਂ ਟਰੇਨਰਾਂ ਵੱਲੋਂ ਇਕੱਠੇ ਹੋ ਕੇ ਇਸ ਗੱਲ ਦਾ ਵਿਰੋਧ ਕੀਤਾ ਗਿਆ ਅਤੇ ਕਿਹਾ ਗਿਆ ਕਿ ਜਦੋਂ ਤੱਕ ਉਨ੍ਹਾਂ ਦੀਆਂ ਤਨਖਾਹਾਂ ਨਹੀ ਮਿਲ ਜਾਂਦੀਆਂ ਉਦੋਂ ਤੱਕ ਉਹ ਕੰਪਨੀ ਨੂੰ ਇਥੋਂ ਸਾਮਾਨ ਨਹੀਂ ਲੈ ਕੇ ਜਾਣ ਦੇਣਗੇ। ਇਸ ਬਾਰੇ ਇਹ ਟਰੇਨਰ ਪਹਿਲਾ ਹੀ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਚੁਕੇ ਹਨ।

ਦੂਜੇ ਪਾਸੇ ਜਦੋਂ ਦਿੱਲੀ ਐੱਮ ਟੇਕ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਅਧਿਕਾਰੀਆਂ ਕੋਲੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਹਾਲੇ ਸਰਕਾਰ ਵੱਲੋਂ ਪੈਸੇ ਨਹੀਂ ਆ ਰਹੇ ਜਦੋਂ ਸਰਕਾਰ ਪੈਸੇ ਦੇਵੇਗੀ ਉਦੋਂ ਅਸੀਂ ਇਨ੍ਹਾਂ ਦੀ ਤਨਖਾਹ ਦੇ ਦੇਵਾਂਗੇ। ਨਾਲ ਹੀ ਉਨ੍ਹਾਂ ਕਿਹਾ ਕਿ ਕੰਪਨੀ ਦਾ 85 ਲੱਖ ਰੁਪਏ ਦਾ ਸਾਮਾਨ ਇਥੇ ਪਿਆ ਹੈ, ਜਿਸ ਨੂੰ ਕੰਪਨੀ ਵਾਪਸ ਮੰਗਵਾਉਣਾ ਚਾਹੁੰਦੀ ਹੈ ਅਤੇ ਅਸੀਂ ਇਸ ਸਾਮਾਨ ਦਾ ਨਰੀਖਣ ਕਰਨ ਲਈ ਆਏ ਹਾਂ। ਇਨ੍ਹਾਂ ਸੂਰਤਾਂ 'ਚ ਟਰੇਨਰਾਂ ਦਾ ਇਹ ਕਹਿਣਾ ਹੈ ਕਿ ਜੇਕਰ ਕੰਪਨੀ ਹੁਸ਼ਿਆਰਪੁਰ ਤੋਂ ਸਾਮਾਨ ਚੁੱਕ ਕੇ ਲੈ ਗਈ ਤਾਂ ਉਨ੍ਹਾਂ ਨੂੰ ਤਨਖਾਹ ਨਹੀਂ ਮਿਲੇਗੀ, ਇਸ ਲਈ ਜਦੋਂ ਤਕ ਉਨ੍ਹਾਂ ਦੀ ਤਨਖਾਹ ਨਹੀ ਮਿਲ ਜਾਂਦੀ ਉਹ ਸਾਮਾਨ ਨਹੀਂ ਚੁੱਕਣ ਦੇਣਗੇ।


shivani attri

Content Editor

Related News