ਵਾਰ-ਵਾਰ ਥਾਣੇ ਬੁਲਾਉਣ ਤੋਂ ਦੁੱਖੀ ਔਰਤ ਨੇ ਥਾਣੇ ਦੇ ਬਾਹਰ ਆਪਣੇ ’ਤੇ ਛਿੜਕਿਆ ਤੇਲ

03/14/2023 11:57:37 PM

ਜਲੰਧਰ (ਸੁਨੀਲ) : ਦਿਹਾਤੀ ਪੁਲਸ ਵੱਲੋਂ ਇਨਸਾਫ਼ ਦਿਵਾਉਣ ਦੇ ਰੋਜ਼ਾਨਾ ਦਿੱਤੇ ਜਾ ਰਹੇ ਭਰੋਸੇ ਤੋਂ ਤੰਗ ਆ ਕੇ ਇਕ ਔਰਤ ਨੇ ਥਾਣਾ ਮਕਸੂਦਾਂ ਦੇ ਬਾਹਰ ਆਪਣੇ ਆਪ ’ਤੇ ਤੇਲ ਪਾ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ | ਮਾਮਲਾ ਉਲਝਦਾ ਦੇਖ ਕੇ ਡੀ. ਐੱਸ. ਪੀ. ਕਰਤਾਰਪੁਰ ਸੁਰਿੰਦਰਪਾਲ ਧੋਗੜੀ ਨੇ ਥਾਣਾ ਮਕਸੂਦਾਂ ਵਿਖੇ ਆ ਕੇ ਔਰਤ ਦੀ ਗੱਲ ਸੁਣੀ ਅਤੇ ਅਗਲੇ ਦਿਨ ਇਨਸਾਫ਼ ਦਿਵਾਉਣ ਦੇ ਦਿੱਤੇ ਭਰੋਸੇ ਤੋਂ ਬਾਅਦ ਦੇਰ ਰਾਤ ਹੰਗਾਮਾ ਸਮਾਪਤ ਹੋਇਆ |
ਸੰਤੋਖਪੁਰਾ ਨਿਵਾਸੀ ਮਮਤਾ ਨੇ ਦੱਸਿਆ ਕਿ ਉਸ ਦਾ ਪਹਿਲਾਂ ਵਿਨੀਤ ਕੁਮਾਰ ਨਾਲ ਵਿਆਹ ਹੋਇਆ ਸੀ, ਜਿਸ ਦੇ ਘਰ ਇਕ ਲੜਕੀ ਨੇ ਜਨਮ ਲਿਆ। ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਸ ਦਾ ਪਤੀ ਉਸ ਨੂੰ ਛੱਡ ਕੇ ਚਲਾ ਗਿਆ। ਜਦੋਂ ਉਹ ਕਈ ਸਾਲਾਂ ਤੱਕ ਵਾਪਸ ਨਹੀਂ ਆਇਆ ਤਾਂ ਉਸ ਨੇ ਪਰਿਵਾਰ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਕਿਸੇ ਹੋਰ ਆਦਮੀ ਨਾਲ ਸਬੰਧ ਬਣਾ ਲਏ। ਇਨ੍ਹਾਂ ਸੰਬੰਧਾਂ ਤੋਂ ਉਸ ਦੇ ਘਰ ਇਕ ਲੜਕਾ ਪੈਦਾ ਹੋਇਆ। ਜਦੋਂ ਇਹ ਲੜਕਾ ਪੈਦਾ ਹੋਇਆ ਤਾਂ ਉਸ ਦੇ ਪਹਿਲੇ ਪਤੀ ਦੇ ਰਿਸ਼ਤੇਦਾਰਾਂ ਨੇ ਉਸ ਦੀ ਲੜਕੀ ਨੂੰ ਆਪਣੇ ਕੋਲ ਰੱਖ ਲਿਆ।

ਇਹ ਵੀ ਪੜ੍ਹੋ :ਸੁਖਪਾਲ ਖਹਿਰਾ ਨੂੰ ਮਿਲੀ ਧਮਕੀ ’ਤੇ ਵਿਧਾਨ ਸਭਾ ’ਚ ਬੋਲੇ ਵਿਧਾਇਕ ਦੇਵ ਮਾਨ

ਮਮਤਾ ਦਾ ਕਹਿਣਾ ਹੈ ਕਿ ਉਸ ਦੇ ਘਰ ਲੜਕਾ ਹੋਣ ਤੋਂ ਬਾਅਦ ਉਸ ਨੇ ਆਪਣੇ ਸਾਰੇ ਸ਼ਨਾਖਤੀ ਕਾਰਡ ਉਸ ਦੂਜੇ ਆਦਮੀ ਨਾਲ ਸਬੰਧਿਤ ਕਰ ਕੇ ਬਣਵਾ ਲਏ। ਪਿਛਲੇ 7 ਸਾਲਾਂ ਤੋਂ ਉਸ ਨੇ ਆਪਣੇ ਬੱਚੇ ਨੂੰ ਪੜ੍ਹਾਉਣ ਅਤੇ ਪਾਲਣ ਪੋਸ਼ਣ ਲਈ ਸਖ਼ਤ ਮਿਹਨਤ ਕੀਤੀ ਪਰ ਕੁਝ ਸਮਾਂ ਪਹਿਲਾਂ ਉਸ ਦਾ ਲੜਕਾ ਉੱਤਮ ਨਗਰ ਪਿੰਡ ਲਿੱਧੜਾਂ ਵਿਖੇ ਰਹਿਣ ਵਾਲੀ ਆਪਣੀ ਦਾਦੀ ਦੇ ਘਰ ਚਲਾ ਗਿਆ, ਜਿੱਥੇ ਉਸ ਨੇ ਦੇਖਿਆ ਕਿ ਉਸ ਦੇ ਪਹਿਲੇ ਪਤੀ ਦੀ ਭੈਣ ਕੁਲਵਿੰਦਰ ਕੌਰ ਉਸ ਨੂੰ ਜ਼ਬਰਦਸਤੀ ਆਪਣੇ ਨਾਲ ਲੈ ਗਈ, ਜਦੋਂ ਉਸ ਦੇ ਲੜਕੇ ਦੀ ਨਾਨੀ ਨੇ ਇਸ ਦਾ ਵਿਰੋਧ ਕੀਤਾ ਤਾਂ ਕੁਲਵਿੰਦਰ ਕੌਰ ਨੇ ਉਸ ਨਾਲ ਕੁੱਟਮਾਰ ਕੀਤੀ। ਜਦੋਂ ਉਸ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਤੁਰੰਤ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ। ਇਸ ’ਤੇ ਪੁਲਸ ਨੂੰ ਸ਼ਿਕਾਇਤ ’ਤੇ ਕਾਰਵਾਈ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ ਪਰ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਦਿਆਂ ਥਾਣਾ ਮਕਸੂਦਾਂ ਦੀ ਪੁਲਸ ਨੇ ਵਾਰ-ਵਾਰ ਕਾਰਵਾਈ ਦਾ ਭਰੋਸਾ ਦਿੱਤਾ ਪਰ ਕੋਈ ਕਾਰਵਾਈ ਨਹੀਂ ਹੋਈ। ਮਮਤਾ ਨੇ ਦੱਸਿਆ ਕਿ ਬੀਤੇ ਦਿਨ ਉਸ ਨੂੰ ਮਕਸੂਦਾਂ ਥਾਣੇ ਬੁਲਾਇਆ ਗਿਆ ਪਰ ਜਦੋਂ ਦੂਜੀ ਧਿਰ ਨਾ ਆਈ ਤਾਂ ਉਸ ਨੂੰ ਅੱਜ ਥਾਣੇ ਆਉਣ ਲਈ ਕਿਹਾ ਗਿਆ। ਅੱਜ ਉਹ ਥਾਣੇ ਆਈ ਪਰ ਦੂਜੇ ਪਾਸਿਓਂ ਕਿਸੇ ਦੇ ਵੀ ਨਾ ਆਉਣ ਕਾਰਨ ਉਸ ਦੇ ਸਬਰ ਦਾ ਬੰਨ੍ਹ ਟੁੱਟ ਗਿਆ। ਦੁਖੀ ਹੋ ਕੇ ਉਸ ਨੇ ਆਤਮਹੱਤਿਆ ਕਰਨ ਲਈ ਆਪਣੇ ਉਪਰ ਤੇਲ ਛਿੜਕਿਆ ਸੀ। ਥਾਣਾ ਮਕਸੂਦਾਂ ਦੇ ਐੱਸ. ਐੱਚ. ਓ. ਮਨਜੀਤ ਸਿੰਘ ਨੇ ਕੋਸ਼ਿਸ਼ ਕਰਦਿਆਂ ਉਸ ਨੂੰ ਬਚਾਇਆ।

ਦੂਜੀ ਧਿਕ ਨੂੰ ਬੁਲਾਇਆ ਗਿਆ ਸੀ : ਐੱਸ. ਐੱਚ. ਓ. ਮਨਜੀਤ ਸਿੰਘ
ਥਾਣਾ ਮਕਸੂਦਾਂ ਦੇ ਐੱਸ. ਐੱਚ. ਓ. ਮਨਜੀਤ ਸਿੰਘ ਨੇ ਦੱਸਿਆ ਕਿ ਅਸੀਂ ਇਨਸਾਫ਼ ਦੇਣ ਲਈ ਹੀ ਥਾਣੇ ਬੈਠੇ ਹਾਂ। ਉਨ੍ਹਾਂ ਦੱਸਿਆ ਕਿ ਦੂਸਰੀ ਧਿਰ ਨੂੰ ਵੀ ਥਾਣੇ ਬੁਲਾਇਆ ਗਿਆ ਸੀ ਪਰ ਨਾ ਆਉਣ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਰਿਸ਼ਤੇਦਾਰ ਦੀ ਮੌਤ ਹੋ ਗਈ ਹੈ ਜਿਸ ਕਾਰਨ ਉਹ ਨਹੀਂ ਆ ਸਕੇ |

ਇਹ ਵੀ ਪੜ੍ਹੋ : ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ’ਤੇ ਛੁੱਟੀ ਦਾ ਐਲਾਨ ਕਰੇ ਕੇਂਦਰ ਸਰਕਾਰ : ਦਾਦੂਵਾਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News