ਟਿੱਪਰ ਦੀ ਲਪੇਟ ''ਚ ਆਉਣ ਕਾਰਨ ਐਕਟਿਵਾ ਸਵਾਰ ਔਰਤ ਦੀ ਮੌਤ

01/30/2020 9:36:16 PM

ਹੁਸ਼ਿਆਰਪੁਰ,(ਅਮਰਿੰਦਰ)- ਊਨਾ ਰੋਡ 'ਤੇ ਥਾਣਾ ਸਦਰ ਦੇ ਅਧੀਨ ਆਉਂਦੇ ਪਿੰਡ ਬਜਵਾੜਾ ਵਿਚ ਵੀਰਵਾਰ ਸਵੇਰੇ 9 ਵਜੇ ਦੇ ਕਰੀਬ ਟਿੱਪਰ ਦੀ ਲਪੇਟ ਵਿਚ ਆਉਣ ਨਾਲ ਐਕਟਿਵਾ ਚਾਲਕ ਦੇ ਪਿੱਛੇ ਬੈਠੀ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ, ਉਥੇ ਹੀ ਐਕਟਿਵਾ ਚਾਲਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕਾ ਦੀ ਪਛਾਣ ਜ਼ਿਲਾ ਕਚਹਿਰੀ ਵਿਚ ਟਾਈਪਿਸਟ ਦਾ ਕੰਮ ਕਰਨ ਵਾਲੀ 57 ਸਾਲਾ ਸੁਦੇਸ਼ ਕੁਮਾਰੀ ਪਤਨੀ ਸਵ. ਚੰਚਲ ਸਿੰਘ ਨਿਵਾਸੀ ਪਿੰਡ ਮਹਿਲਾਂਵਾਲੀ ਵਜੋਂ ਹੋਈ ਜਦਕਿ ਜ਼ਖ਼ਮੀ ਨੌਜਵਾਨ ਦੀ ਪਛਾਣ ਕਮਲ ਕੁਮਾਰ ਪੁੱਤਰ ਹਰਮੇਸ਼ ਸਿੰਘ ਨਿਵਾਸੀ ਮਹਿਲਾਂਵਾਲੀ ਵਜੋਂ ਹੋਈ। ਸੂਚਨਾ ਮਿਲਦੇ ਹੀ ਥਾਣਾ ਸਦਰ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜ਼ਖ਼ਮੀ ਕਮਲ ਕੁਮਾਰ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜ ਦਿੱਤਾ, ਉੱਥੇ ਹੀ ਸੜਕ 'ਤੇ ਪਈ ਵਿਧਵਾ ਔਰਤ ਸੁਦੇਸ਼ ਕੁਮਾਰੀ ਦੀ ਲਾਸ਼ ਦਾ ਪੰਚਨਾਮਾ ਤਿਆਰ ਕਰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।

ਢਾਈ ਮਹੀਨੇ ਪਹਿਲਾਂ ਹੀ ਹੋਈ ਸੀ ਪਤੀ ਦੀ ਮੌਤ
ਵੀਰਵਾਰ ਦੁਪਹਿਰ ਸਮੇਂ ਸਿਵਲ ਹਸਪਤਾਲ ਵਿਚ ਮ੍ਰਿਤਕਾ ਸੁਦੇਸ਼ ਕੁਮਾਰੀ ਦੇ ਇਕਲੌਤੇ ਬੇਟੇ ਸੁਖਵਿੰਦਰ ਨੇ ਪੁਲਸ ਦੀ ਹਾਜ਼ਰੀ ਵਿਚ ਰੋਂਦੇ ਹੋਏ ਦੱਸਿਆ ਕਿ ਕਰੀਬ ਢਾਈ ਮਹੀਨੇ ਪਹਿਲਾਂ ਨਵੰਬਰ ਵਿਚ ਪਿਤਾ ਚੰਚਲ ਸਿੰਘ ਦੀ ਮੌਤ ਦੇ ਬਾਅਦ ਘਰ ਦਾ ਖਰਚਾ ਮੇਰੀ ਮਾਂ ਸੁਦੇਸ਼ ਕੁਮਾਰੀ ਹੀ ਚਲਾਉਂਦੀ ਸੀ। ਪਿਤਾ ਦੀ ਮੌਤ ਦੇ ਬਾਅਦ ਮੇਰੀ ਮਾਂ ਸੁਦੇਸ਼ ਕੁਮਾਰੀ ਰੋਜ਼ਾਨਾ ਦੀ ਤਰ੍ਹਾਂ ਬੱਸ 'ਤੇ ਅਤੇ ਕਦੇ ਪਿੰਡ ਦੇ ਲੋਕਾਂ ਦੇ ਨਾਲ ਕਚਹਿਰੀ ਆਇਆ ਕਰਦੀ ਸੀ। ਅੱਜ ਮੇਰੇ ਪਿੰਡ ਦੇ ਹੀ ਕਮਲ ਕੁਮਾਰ ਦੇ ਨਾਲ ਐਕਟਿਵਾ 'ਤੇ ਕਚਹਿਰੀ ਆਉਣ ਦੌਰਾਨ ਬਜਵਾੜਾ ਪਿੰਡ ਦੇ ਕੋਲ ਟਿੱਪਰ ਦੀ ਲਪੇਟ ਵਿਚ ਆਉਣ ਨਾਲ ਉਨ੍ਹਾਂ ਦੀ ਮੌਤ ਹੋ ਗਈ।

ਪੁਲਸ ਕਰ ਰਹੀ ਹੈ ਮਾਮਲੇ ਦੀ ਜਾਂਚ
ਮੌਕੇ 'ਤੇ ਮੌਜੂਦ ਥਾਣਾ ਸਦਰ ਵਿਚ ਤਾਇਨਾਤ ਤੇ ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਦਿਲਬਾਗ ਸਿੰਘ ਨੇ ਦੱਸਿਆ ਕਿ ਸਵੇਰੇ 9 ਵਜੇ ਦੇ ਕਰੀਬ ਐਕÎਟਿਵਾ ਟਿੱਪਰ ਦੇ ਪਿੱਛੇ ਆ ਰਹੀ ਸੀ। ਜਾਂਚ ਦੇ ਅਨੁਸਾਰ ਸੜਕ 'ਤੇ ਟੋਆ ਆ ਜਾਣ ਕਾਰਨ ਟਿੱਪਰ ਨਾਲ ਟਕਰਾ ਕੇ ਐਕਟਿਵਾ ਚਲਾ ਰਿਹਾ ਕਮਲ ਕੁਮਾਰ ਦੂਜੇ ਪਾਸੇ ਡਿੱਗਣ ਨਾਲ ਜ਼ਖ਼ਮੀ ਹੋ ਗਿਆ, ਉਥੇ ਹੀ ਪਿੱਛੇ ਬੈਠੀ ਸੁਦੇਸ਼ ਕੁਮਾਰੀ ਟਿੱਪਰ ਦੇ ਪਹੀਏ ਵੱਲ ਡਿੱਗਣ ਨਾਲ ਮੌਤ ਦਾ ਸ਼ਿਕਾਰ ਹੋ ਗਈ ਹੈ। ਹਾਦਸੇ ਦੇ ਬਾਅਦ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਮ੍ਰਿਤਕਾ ਦੇ ਪਰਿਵਾਰ ਦੇ ਬਿਆਨ ਦੇ ਆਧਾਰ 'ਤੇ ਫਰਾਰ ਚੱਲ ਰਹੇ ਟਿੱਪਰ ਚਾਲਕ ਦੇ ਖਿਲਾਫ ਵੱਖ-ਵੱਖ ਧਾਰਾਵਾਂ ਦੇ ਅਧੀਨ ਕੇਸ ਦਰਜ ਕਰਨ ਦੀ ਤਿਆਰੀ ਕਰ ਰਹੀ ਹੈ।


Bharat Thapa

Content Editor

Related News