ਕਰਫਿਊ ਦੌਰਾਨ ਪਿੰਡ ਨਿੱਜਰਾਂ ’ਚ ਔਰਤ ਦਾ ਬੇਰਹਿਮੀ ਨਾਲ ਕਤਲ

04/06/2020 1:46:44 AM

ਲਾਂਬੜਾ, (ਵਰਿੰਦਰ)- ਥਾਣਾ ਲਾਂਬੜਾ ਅਧੀਨ ਆਉਂਦੇ ਨਜ਼ਦੀਕੀ ਪਿੰਡ ਨਿੱਜਰਾਂ ਵਿਖੇ ਕਰਫ਼ਿਊ ਦੌਰਾਨ ਕਿਸੇ ਅਣਪਛਾਤੇ ਕਾਤਲ ਵੱਲੋਂ ਇਕ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਦੇਣ ਦੀ ਸੂਚਨਾ ਪ੍ਰਾਪਤ ਹੋਈ ਹੈ | ਮੰਦਭਾਗੀ ਘਟਨਾ ਦੀ ਸੂਚਨਾ ਇਲਾਕੇ ’ਚ ਪਹੁੰਚਦੇ ਹੀ ਲੋਕਾਂ ’ਚ ਦਹਿਸ਼ਤ ਫੈਲ ਗਈ | ਵਾਰਦਾਤ ਦੀ ਸੂਚਨਾ ਮਿਲਦੇ ਹੀ ਐੱਸ. ਪੀ. ਡੀ. ਸਰਬਜੀਤ ਸਿੰਘ, ਸੁਰਿੰਦਰਪਾਲ ਡੀ. ਐੱਸ. ਪੀ. ਅਤੇ ਥਾਣਾ ਮੁਖੀ ਰਮਨਦੀਪ ਸਿੰਘ ਨੇ ਪੁਲਸ ਪਾਰਟੀਆਂ ਨਾਲ ਮੌਕੇ ’´ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਜਾਣਕਾਰੀ ਅਨੁਸਾਰ ਸੀਤਾ (52) ਪਤਨੀ ਲਭਾਇਆ ਵਾਸੀ ਪਿੰਡ ਨਿੱਜਰਾਂ ਲੰਘੇ ਸ਼ਨੀਵਾਰ ਨੂੰ ਰੋਜ਼ਾਨਾ ਦੀ ਤਰ੍ਹਾਂ ਦੁਪਹਿਰ ਕਰੀਬ 2 ਵਜੇ ਆਪਣੇ ਘਰੋਂ ਪਸ਼ੂਆਂ ਦਾ ਚਾਰਾ ਲੈਣ ਲਈ ਨਿਕਲੀ ਸੀ। ਸੀਤਾ ਜਦੋਂ ਚਾਰਾ ਲੈ ਕੇ ਸ਼ਾਮ ਤੱਕ ਆਪਣੇ ਘਰ ਨਾ ਪਹੁੰਚੀ ਤਾਂ ਘਰ ਵਾਲਿਆਂ ਨੇ ਇਸ ਦੀ ਸੂਚਨਾ ਪਿੰਡ ਦੇ ਮੋਹਤਬਰਾਂ ਨੂੰ ਦਿੱਤੀ। ਇਸ ’´ਤੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਲਾਪਤਾ ਸੀਤਾ ਨੂੰ ਲੱਭਣ ਲਈ ਕਰੀਬ ਅੱਧੀ ਰਾਤ ਤੱਕ ਸਰਚ ਮੁਹਿੰਮ ਚਲਾਈ ਪਰ ਸੀਤਾ ਦਾ ਕੁਝ ਪਤਾ ਨਹੀਂ ਲੱਗ ਸਕਿਆ। ਅੱਜ ਸਵੇਰ ਤੋਂ ਫਿਰ ਪਿੰਡ ਵਾਸੀਆਂ ਨੇ ਲਾਪਤਾ ਸੀਤਾ ਦੀ ਭਾਲ ਸ਼ੁਰੂ ਕੀਤੀ। ਪਿੰਡ ਨਿੱਜਰਾਂ ਦੀ ਵਸੋਂ ਤੋਂ ਕਾਫੀ ਦੂਰੀ ´’ਤੇ ਖੇਤਾਂ ’ਚੋਂ ਇਕ ਖੂਹ ਦੇ ਨੇੜਿਓਂ ਸੀਤਾ ਦੀ ਲਾਸ਼ ਪਈ ਹੋਈ ਮਿਲੀ। ਇਹ ਖੂਹ ਬਾਵਾ ਸਿੰਘ ਵਾਸੀ ਨਿੱਜਰਾਂ ਦਾ ਹੈ, ਜੋ ਇਸ ਸਮੇਂ ਵਿਦੇਸ਼ ’ਚ ਦੱਸਿਆ ਜਾਂਦਾ ਹੈ। ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਮ੍ਰਿਤਕ ਸੀਤਾ ਦੀ ਚੁੰਨੀ ਨਾਲ ਹੀ ਉਸ ਦਾ ਗਲਾ ਘੁੱਟ ਕੇ ਕਤਲ ਕਰਨ ਦੀ ਸੰਭਾਵਨਾ ਹੈ। ਗਲਾ ਘੁੱਟਣ ਦੇ ਸਾਫ਼ ਨਿਸ਼ਾਨ ਦਿਖਾਈ ਦੇ ਰਹੇ ਸਨ। ਮ੍ਰਿਤਕਾ ਦੇ ਕੱਪੜਿਆਂ ਦੀ ਹਾਲਤ ਤੋਂ ਖ਼ਦਸ਼ਾ ਪ੍ਰਗਟ ਹੁੰਦਾ ਹੈ ਕਿ ਕਾਤਲ ਨੇ ਪਹਿਲਾਂ ਸੀਤਾ ਨਾਲ ਜਬਰ-ਜ਼ਨਾਹ ਕੀਤਾ ਅਤੇ ਬਾਅਦ ’ਚ ਆਪਣੀ ਇਸ ਘਿਨੌਣੀ ਕਰਤੂਤ ਨੂੰ ਲੁਕਾਉਣ ਲਈ ਉਸ ਦਾ ਕਤਲ ਕਰ ਦਿੱਤਾ। ਮ੍ਰਿਤਕਾ ਦੀ ਲਾਸ਼ ਕੋਲ ਇਕ ਚੈੱਕਦਾਰ ਪਰਨਾ, ਇਕ ਚੱਪਲ ਅਤੇ ਪਾਣੀ ਦੀ ਬੋਤਲ ਬਰਾਮਦ ਹੋਈ ਸੀ। ਪੁਲਸ ਵੱਲੋਂ ਡਾਗ ਸਕੁਐਡ ਦੀ ਵੀ ਮਦਦ ਲਈ ਗਈ। ਇਸ ਸਬੰਧ ’ਚ ਪੁਲਸ ਨੇ ਅਣਪਛਾਤੇ ਕਾਤਲ ਖਿਲਾਫ ਕੇਸ ਦਰਜ ਕਰ ਕੇ ਲਾਸ਼ ਨੂੰ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਸੀ।

ਸੀ. ਸੀ. ਟੀ. ਵੀ. ਕੈਮਰਿਆਂ ਤੋਂ ਮਿਲ ਸਕਦਾ ਕਾਤਲ ਦਾ ਸੁਰਾਗ             

ਖੇਤਾਂ ਨੂੰ ਜਾਣ ਵਾਲੇ ਰਸਤੇ ਦੇ ਮੋੜ ’´ਤੇ ਪਿੰਡ ਦੇ ਇਕ ਘਰ ਦੇ ਬਾਹਰ ਸੀ. ਸੀ. ਟੀ. ਵੀ. ਕੈਮਰਾ ਲੱਗਾ ਹੋਇਆ ਹੈ, ਜਿਸ ’ਚ ਕੱਲ ਦੀ ਸਾਰੀ ਫੁਟੇਜ ਕੈਦ ਹੋ ਗਈ ਹੈ। ਪੁਲਸ ਵੱਲੋਂ ਇਸ ਰਸਤੇ ਤੋਂ ਆਉਣ-ਜਾਣ ਵਾਲੇ ਸਾਰੇ ਰਾਹਗੀਰਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।


Bharat Thapa

Content Editor

Related News