ਪਤੀ ਦੇ ਕਿਸੇ ਹੋਰ ਔਰਤ ਨਾਲ ਨਜਾਇਜ਼ ਸਬੰਧਾਂ ਤੋਂ ਦੁਖੀ ਪਤਨੀ ਨੇ ਕੀਤੀ ਖੁਦਕੁਸ਼ੀ

Saturday, Dec 07, 2019 - 11:31 PM (IST)

ਪਤੀ ਦੇ ਕਿਸੇ ਹੋਰ ਔਰਤ ਨਾਲ ਨਜਾਇਜ਼ ਸਬੰਧਾਂ ਤੋਂ ਦੁਖੀ ਪਤਨੀ ਨੇ ਕੀਤੀ ਖੁਦਕੁਸ਼ੀ

ਜਲੰਧਰ, (ਮਹੇਸ਼)— ਪਿੰਡ ਪਤਾਰਾ 'ਚ ਕਿਸੇ ਹੋਰ ਲੜਕੀ ਨਾਲ ਸਬੰਧ ਰੱਖਣ ਵਾਲੇ ਪਤੀ ਤੋਂ ਦੁਖੀ ਹੋ ਕੇ 2 ਬੱਚਿਆਂ ਦੀ ਮਾਂ ਵਲੋਂ ਸਲਫਾਸ ਨਿਗਲ ਕੇ ਆਪਣੀ ਜੀਵਨ ਲੀਲਾ ਖਤਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕਾ ਦੀ ਪਛਾਣ 32 ਸਾਲਾ ਮੀਨਾ ਕੁਮਾਰੀ ਪਤਨੀ ਰਾਕੇਸ਼ ਕੁਮਾਰ ਕੇਸ਼ਾ ਦੇ ਤੌਰ 'ਤੇ ਹੋਈ ਹੈ। ਮ੍ਰਿਤਕਾ ਦੀ ਮਾਂ ਮਨਜੀਤ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਲੁਧਿਆਣਾ ਤੇ ਭੂਆ ਸੁਨੀਤਾ ਕੁਮਾਰੀ ਵਾਸੀ ਪਿੰਡ ਪੰਡਵਾ, ਫਗਵਾੜਾ ਤੇ ਪੇਕੇ ਪਰਿਵਾਰ ਦੇ ਹੋਰ ਲੋਕਾਂ ਨੂੰ ਜਿਵੇਂ ਹੀ ਮੀਨਾ ਵਲੋਂ ਸਲਫਾਸ ਨਿਗਲ ਲਏ ਜਾਣ ਦੀ ਸੂਚਨਾ ਮਿਲੀ ਤਾਂ ਉਹ ਤੁਰੰਤ ਪਿੰਡ ਪਤਾਰਾ ਸਥਿਤ ਮੀਨਾ ਦੇ ਸਹੁਰੇ ਪਹੁੰਚੇ ਤੇ ਗੰਭੀਰ ਹਾਲਤ 'ਚ ਮੀਨਾ ਨੂੰ ਰਾਮਾ ਮੰਡੀ ਦੇ ਜੌਹਲ ਹਸਪਤਾਲ 'ਚ ਲਿਆਂਦਾ ਗਿਆ, ਜਿੱਥੇ ਕੁੱਝ ਸਮੇਂ ਬਾਅਦ ਉਸ ਨੇ ਦਮ ਤੋੜ ਦਿੱਤਾ। ਡਾ. ਬੀ. ਐੱਸ. ਜੌਹਲ ਨੇ ਦੱਸਿਆ ਕਿ ਸਲਫਾਸ ਦੀ ਜ਼ਹਿਰ ਮੀਨਾ ਦੇ ਪੂਰੇ ਸਰੀਰ 'ਚ ਫੈਲ ਜਾਣ ਕਾਰਣ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਬੇਟੀ ਦੀ ਮੌਤ ਦੀ ਖਬਰ ਸੁਣ ਕੇ ਮਾਂ ਮਨਜੀਤ ਕੌਰ ਦਾ ਹਸਪਤਾਲ ਵਿਚ ਹੀ ਰੋ-ਰੋ ਕੇ ਬੁਰਾ ਹਾਲ ਹੋ ਗਿਆ।
ਭੂਆ ਸੁਨੀਤਾ ਨੇ ਦੱਸਿਆ ਕਿ ਉਸ ਦੀ ਸਵੇਰੇ ਹੀ ਫੋਨ 'ਤੇ ਮੀਨਾ ਨਾਲ ਗੱਲ ਹੋਈ ਸੀ ਤੇ ਉਸ ਨੇ ਕਿਹਾ ਸੀ ਕਿ ਉਹ ਆਪਣੇ ਪਤੀ ਰਾਕੇਸ਼ ਕੁਮਾਰ ਕੇਸ਼ਾ (ਜਿਸ ਦੇ ਘਰ ਦੇ ਕੋਲ ਹੀ ਰਹਿੰਦੀ ਇਕ ਲੜਕੀ ਨਾਲ ਨਾਜਾਇਜ਼ ਸਬੰਧ ਹਨ) ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰਨ ਜਾ ਰਹੀ ਹੈ। ਭੂਆ ਮੁਤਾਬਕ ਇਸ ਤੋਂ ਪਹਿਲਾਂ ਵੀ ਕਈ ਵਾਰ ਰਾਕੇਸ਼ ਕੁਮਾਰ ਕੇਸ਼ਾ ਦਾ ਉਸ ਦੀ ਪਤਨੀ ਮੀਨਾ ਨਾਲ ਰਾਜ਼ੀਨਾਮਾ ਕਰਵਾਇਆ ਗਿਆ ਸੀ ਪਰ ਉਸ ਦੇ ਨਾ ਸੁਧਰਣ ਕਾਰਣ ਤੰਗ ਆ ਕੇ ਮੀਨਾ ਨੇ ਸ਼ਨੀਵਾਰ ਆਪਣੀ ਜੀਵਨ ਲੀਲਾ ਖਤਮ ਕਰ ਲਈ। ਮ੍ਰਿਤਕਾ ਦੇ ਪਿਤਾ ਬਲਵਿੰਦਰ ਸਿੰਘ ਨੇ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਪਤਾਰਾ ਦੇ ਏ. ਐੱਸ. ਆਈ. ਨਿਰਮਲ ਸਿੰਘ ਨੂੰ ਦੱਸਿਆ ਕਿ ਉਸ ਦੀ ਬੇਟੀ ਦੀ ਮੌਤ ਲਈ ਉਸ ਦਾ ਪਤੀ ਹੀ ਜ਼ਿੰਮੇਵਾਰ ਹੈ। ਐੱਸ. ਐੱਚ. ਓ. ਪਤਾਰਾ ਦਲਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕਾ ਦੇ ਪਿਤਾ ਬਲਵਿੰਦਰ ਸਿੰਘ ਦੇ ਬਿਆਨਾਂ 'ਤੇ ਪਤੀ ਰਾਕੇਸ਼ ਕੁਮਾਰ ਕੇਸ਼ਾ ਤੇ ਉਸ ਨਾਲ ਸਬੰਧ ਰੱਖਣ ਵਾਲੀ ਲੜਕੀ ਸਪਨਾ ਦੇ ਖਿਲਾਫ ਥਾਣਾ ਪਤਾਰਾ 'ਚ ਕੇਸ ਦਰਜ ਕਰ ਲਿਆ ਹੈ। ਮ੍ਰਿਤਕਾ ਮੀਨਾ ਦਾ ਐਤਵਾਰ ਸਵੇਰੇ ਪੋਸਟਮਾਰਟਮ ਕਰਵਾਇਆ ਜਾਵੇਗਾ। ਦੋਵੇਂ ਫਰਾਰ ਮੁਲਜ਼ਮਾਂ ਦੀ ਭਾਲ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ।

ਰਾਕੇਸ਼ ਨਾਲ ਸੀ ਮੀਨਾ ਦਾ ਦੂਜਾ ਵਿਆਹ
ਮੀਨਾ ਦੇ ਪੇਕੇ ਪਰਿਵਾਰ ਨੇ ਦੱਸਿਆ ਕਿ ਮੀਨਾ ਦੇ ਪਤੀ ਸੀਤਾ ਰਾਮ ਦੀ ਕਰੀਬ 10 ਸਾਲ ਪਹਿਲਾਂ ਸੜਕ ਹਾਦਸੇ 'ਚ ਮੌਤ ਹੋ ਗਈ ਸੀ। ਉਹ ਦਰਜੀ ਦਾ ਕੰਮ ਕਰਦਾ ਸੀ। ਉਸ ਦੀ ਮੌਤ ਤੋਂ ਬਾਅਦ ਦੋਵਾਂ ਪਰਿਵਾਰਾਂ ਨੇ ਉਸ ਦਾ ਵਿਆਹ ਸੀਤਾ ਰਾਮ ਦੇ ਛੋਟੇ ਭਰਾ ਰਾਕੇਸ਼ ਕੁਮਾਰ ਕੇਸ਼ਾ ਨਾਲ ਕਰ ਦਿੱਤਾ। ਮੀਨਾ ਦਾ ਵੱਡਾ ਬੇਟਾ ਉਸ ਦੇ ਪਹਿਲੇ ਵਿਆਹ ਤੋਂ ਹੈ ਤੇ ਦੂਜਾ ਬੇਟਾ ਦੂਜੇ ਵਿਆਹ ਤੋਂ ਹੈ। ਮੀਨਾ ਆਂਗਣਵਾੜੀ ਵਰਕਰ ਦਾ ਕੰਮ ਕਰਦੀ ਸੀ। ਪੇਕੇ ਪਰਿਵਾਰ ਦਾ ਦੋਸ਼ ਸੀ ਕਿ ਰਾਕੇਸ਼ ਦੇ ਕਿਸੇ ਹੋਰ ਲੜਕੀ ਨਾਲ ਉਸ ਦੇ ਵਿਆਹ ਤੋਂ ਪਹਿਲਾਂ ਹੀ ਸਬੰਧ ਸਨ ਪਰ ਦੋਵਾਂ ਪਰਿਵਾਰਾਂ ਨੂੰ ਲੱਗਦਾ ਸੀ ਕਿ ਵਿਆਹ ਤੋਂ ਬਾਅਦ ਸਭ ਕੁੱਝ ਬਦਲ ਜਾਵੇਗਾ ਪਰ ਅਜਿਹਾ ਨਹੀਂ ਹੋਇਆ। ਦੂਜੇ ਵਿਆਹ ਦੇ ਸਮੇਂ ਮੀਨਾ ਦੇ ਵੱਡੇ ਬੇਟੇ ਦੀ ਉਮਰ 2 ਸਾਲ ਦੇ ਕਰੀਬ ਸੀ।
 


author

KamalJeet Singh

Content Editor

Related News