ਪੁਲਸ ਅਧਿਕਾਰੀ ਵੀ ਨਹੀਂ ਦੇ ਰਹੇ ਪਾਣੀ ਦੇ ਬਿੱਲ

11/05/2019 4:26:06 PM

ਜਲੰਧਰ (ਖੁਰਾਣਾ)— ਨਗਰ ਨਿਗਮ ਜਲੰਧਰ ਨੇ ਪਾਣੀ ਦੇ ਬਿੱਲਾਂ ਦੇ ਬਕਾਇਆ ਦੇ ਰੂਪ 'ਚ ਕਰੀਬ 50 ਕਰੋੜ ਰੁਪਏ ਲੈਣੇ ਹਨ ਜੋ ਇਸ ਨੂੰ ਕਈ ਸਾਲਾਂ ਤੋਂ ਨਹੀਂ ਮਿਲ ਰਹੇ। ਇਨ੍ਹੀਂ ਦਿਨੀਂ ਨਗਰ ਨਿਗਮ ਦੇ ਵਾਟਰ ਟੈਕਸ ਵਿਭਾਗ ਨੇ ਉਨ੍ਹਾਂ ਰਿਹਾਇਸ਼ੀ ਘਰਾਂ ਦੇ ਵਾਟਰ ਕੁਨੈਕਸ਼ਨ ਕੱਟਣ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਜਿਨ੍ਹਾਂ ਘਰਾਂ ਦੇ ਪਾਣੀ ਦੇ ਬਿੱਲ ਨਹੀਂ ਦਿੱਤੇ ਗਏ। ਨਗਰ ਨਿਗਮ ਆਮ ਲੋਕਾਂ 'ਤੇ ਤਾਂ ਡਿਫਾਲਟਰ ਹੋਣ ਕਾਰਣ ਆਪਣੇ ਡੰਡਾ ਚਲਾ ਰਿਹਾ ਹੈ ਪਰ ਇਹ ਵੀ ਸੱਚ ਹੈ ਕਿ ਸ਼ਹਿਰ 'ਚ ਵੱਡੇ-ਵੱਡੇ ਆਈ. ਏ. ਐੱਸ., ਪੀ. ਸੀ.ਐੱਸ. ਅਤੇ ਹੋਰ ਪੱਧਰਾਂ ਦੇ ਅਧਿਕਾਰੀ ਵੀ ਹਨ ਜੋ ਪਾਣੀ ਦੇ ਬਿੱਲ ਨਹੀਂ ਦੇ ਰਹੇ।

ਜ਼ਿਆਦਾਤਰ ਸਰਕਾਰੀ ਅਧਿਕਾਰੀ ਬਾਰਾਂਦਰੀ ਇਲਾਕੇ ਦੀਆਂ ਵੱਡੀਆਂ-ਵੱਡੀਆਂ ਕੋਠੀਆਂ 'ਚ ਰਹਿੰਦੇ ਹਨ, ਜਿੱਥੇ ਸਭ ਤਰ੍ਹਾਂ ਦੀਆਂ ਸੁੱਖ-ਸਹੂਲਤਾਂ ਮੌਜੂਦ ਹਨ ਪਰ ਨਿਗਮ ਨੇ ਬਾਰਾਂਦਰੀ ਵਿਚ ਸਥਿਤ 74 ਅਜਿਹੀਆਂ ਪ੍ਰਾਪਰਟੀਆਂ ਦਾ ਪਤਾ ਲਗਾਇਆ ਹੈ, ਜਿਨ੍ਹਾਂ ਵਲ ਪਾਣੀ ਦੇ ਬਿੱਲਾਂ ਦੇ ਰੂਪ 'ਚ 64.30 ਲੱਖ ਰੁਪਏ ਬਕਾਇਆ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਬਾਰਾਂਦਰੀ ਸਥਿਤ ਕੋਠੀਆਂ ਵਲ ਬਾਕਾਇਆ ਪਾਣੀ ਦੇ ਬਿੱਲ ਘੱਟ ਤੋਂ ਘੱਟ 47 ਹਜ਼ਾਰ ਰੁਪਏ ਰਕਮ ਦੇ ਹਨ, ਜਦੋਂਕਿ ਵੱਧ ਤੋਂ ਵੱਧ ਬਕਾਏ ਦੀ ਰਕਮ 2.15 ਲੱਖ ਰੁਪਏ ਤੋਂ ਵੀ ਵੱਧ ਹੈ। ਜ਼ਿਆਦਾਤਰ ਕੋਠੀਆਂ ਵਲ 80-90 ਹਜ਼ਾਰ ਰੁਪਏ ਦੇ ਪਾਣੀ ਦੇ ਬਿੱਲ ਬਕਾਇਆ ਹਨ।

ਇਸ ਬਾਰੇ ਨਿਗਮ ਕਮਿਸ਼ਨਰ ਦੀਪਰਵ ਲਾਕੜਾ ਦੇ ਹੁਕਮਾਂ 'ਤੇ ਜੁਆਇੰਟ ਕਮਿਸ਼ਨਰ ਗੁਰਵਿੰਦਰ ਕੌਰ ਰੰਧਾਵਾ ਨੇ 1 ਨਵੰਬਰ ਨੂੰ ਮੀਟਿੰਗ ਕਰ ਕੇ ਬਾਰਾਂਦਰੀ ਸਥਿਤ 74 ਪ੍ਰਾਪਰਟੀਆਂ ਨੂੰ ਨੋਟਿਸਜਾਰੀ ਕੀਤੇ ਹਨ। ਨਿਗਮ ਨੇ ਬਾਰਾਂਦਰੀ ਵਿਚ ਰਹਿਣ ਵਾਲਿਆਂ ਨੂੰ 15 ਦਿਨਾਂ ਦਾ ਸਮਾਂ ਦਿੱਤਾ ਹੈ ਤਾਂ ਜੋ ਨਿਗਮ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਨੂੰ ਚਾਲੂ ਰੱਖਿਆ ਜਾ ਸਕੇ। ਹੁਣ ਵੇਖਣਾ ਹੈ ਕਿ ਬਾਰਾਂਦਰੀ ਵਿਚ ਰਹਿਣ ਵਾਲੇ ਸਰਕਾਰੀ ਅਧਿਕਾਰੀ ਨਿਗਮ ਨੂੰ ਪਾਣੀ ਦੇ ਬਿੱਲਾਂ ਦੀ ਕਿੰਨੀ ਰਕਮ ਅਦਾਇਗੀ ਕਰਦੇ ਹਨ ਜਾਂ ਨਿਗਮ ਕੋਈ ਕਾਰਵਾਈ ਕਰਨ ਦੀ ਹਿੰਮਤ ਵਿਖਾਉਂਦਾ ਹੈ।

ਅੰਤਰਰਾਸ਼ਟਰੀ ਨਗਰ ਕੀਰਤਨ ਮੌਕੇ ਨਿਗਮ ਨੇ ਦਿਖਾਈ ਲਾਪ੍ਰਵਾਹੀ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਕੱਢੇ ਨਗਰ ਕੀਰਤਨ ਦਾ ਅੱਜ ਸ਼ਹਿਰ 'ਚ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਲੱਖਾਂ ਦੀ ਗਿਣਤੀ ਵਿਚ ਸੰਗਤ ਨੇ ਪਾਲਕੀ ਸਾਹਿਬ ਦੇ ਦਰਸ਼ਨ ਕੀਤੇ। ਵੱਖ-ਵੱਖ ਸੰਗਠਨਾਂ ਨੇ ਜਿਥੇ ਇਸ ਨਗਰ ਕੀਰਤਨ ਦਾ ਸ਼ਾਨਦਾਰ ਸਵਾਗਤ ਕੀਤਾ, ਉਥੇ ਨਗਰ ਨਿਗਮ ਵਲੋਂ ਵਿਖਾਈ ਗਈ ਲਾਪ੍ਰਵਾਹੀ ਚਰਚਾਦਾ ਵਿਸ਼ਾ ਬਣੀ ਰਹੀ, ਜਿਸ ਕਾਰਨ ਸੰਗਤ ਵੀ ਕਾਫੀ ਪ੍ਰੇਸ਼ਾਨ ਹੋਈ। ਸ਼ਾਮ 6 ਵਜੇਦੇ ਕਰੀਬ ਹਨੇਰਾ ਹੁੰਦਿਆਂ ਹੀ ਜਦੋਂ ਨਗਰ ਕੀਰਤਨ ਨਕੋਦਰ ਚੌਕ ਤੋਂ ਹੁੰਦੇ ਹੋਏ ਮਿਸ਼ਨ ਚੌਕ ਵਲ ਮੁੜਿਆ ਤਾਂ ਪੂਰੀ ਸੜਕ ਦੀ ਸਟ੍ਰੀਟ ਲਾਈਟ ਹੀ ਬੰਦ ਸੀ, ਜਿਸ ਕਾਰਣ ਸੰਗਤ ਨੂੰ ਕਾਫੀ ਪ੍ਰੇਸ਼ਾਨੀ ਹੋਈ। ਇਸ ਤੋਂ ਬਾਅਦ ਮਾਡਲ ਟਾਊਨ, ਮਾਡਲ ਹਾਊਸ ਅਤੇ ਬਸਤੀ ਮਿੱਠੂ ਇਲਾਕਿਆਂ ਵਿਚ ਵੀ ਬੰਦਪਈਆਂ ਸਟ੍ਰੀਟ ਲਾਈਟਾਂ ਕਾਰਨ ਅੰਤਰਰਾਸ਼ਟਰੀ ਨਗਰ ਕੀਰਤਨ 'ਚ ਸ਼ਾਮਲ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਇਸ ਤੋਂ ਇਲਾਵਾ ਨਗਰ ਕੀਰਤਨ ਦੇ ਰੂਟ ਨੂੰ ਵੀ ਨਗਰ ਨਿਗਮ ਪੂਰੀ ਤਰ੍ਹਾਂ ਸਾਫ ਨਹੀਂ ਕਰਵਾ ਸਕਿਆ ਅਤੇ ਟੁੱਟੀਆਂ ਸੜਕਾਂ ਦਾ ਵੀ ਕੋਈ ਹੱਲ ਨਹੀਂ ਨਿਕਲਿਆ।


shivani attri

Content Editor

Related News