ਰਾਜਪਾਲ ਬਦਨੌਰ ਨੇ ਸਮਾਜਿਕ ਵਿਕਾਸ ਕੰਮਾਂ ਲਈ ਕੀਤਾ ਪ੍ਰਵਾਸੀ ਭਾਰਤੀ ਦਾ ਸਨਮਾਨ

01/20/2019 5:44:10 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਟਾਂਡਾ ਇਲਾਕੇ 'ਚ ਸਮਾਜਿਕ ਵਿਕਾਸ ਅਤੇ ਮਾਨਵਤਾ ਦੀ ਸੇਵਾ ਦੇ ਕੰਮ ਕਰਨ ਵਾਲੇ ਪਿੰਡ ਜੌੜਾ ਨਾਲ ਸੰਬੰਧਤ ਪ੍ਰਵਾਸੀ ਭਾਰਤੀ ਗੁਰਦੇਵ ਸਿੰਘ ਨਰਵਾਲ ਨੂੰ ਸੂਬੇ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੇ ਸਨਮਾਨਤ ਕੀਤਾ ਹੈ। ਬੀਤੇ ਦਿਨ ਚੰਡੀਗੜ੍ਹ 'ਚ ਪੰਜਾਬ ਸਰਕਾਰ ਅਤੇ ਇੰਟਰਨੈਸ਼ਨਲ ਚੈਂਬਰ ਫਾਰ ਸਰਵਿਸ ਇੰਡਸਟਰੀ ਵੱਲੋਂ ਸਾਂਝੇ ਤੌਰ 'ਤੇ ਕਰਵਾਏ ਗਏ 25ਵੇਂ ਪੰਜਾਬੀ ਪ੍ਰਵਾਸੀ ਦਿਵਸ ਸਮਾਗਮ 'ਚ ਰਾਜਪਾਲ ਬਦਨੌਰ ਵੱਲੋਂ ਸਨਮਾਨ ਹਾਸਲ ਕਰਨ ਵਾਲੇ ਪ੍ਰਵਾਸੀ ਭਾਰਤੀ ਨਰਵਾਲ ਦਾ ਪਿੰਡ ਵਾਸੀਆਂ ਨੇ ਸਵਾਗਤ ਕੀਤਾ ਹੈ। ਪਿੰਡ ਜੌੜਾ 'ਚ ਪਿੰਡ ਦੀ ਨੁਹਾਰ ਬਦਲਣ ਲਈ ਗਲੀਆਂ, ਨਾਲੀਆਂ, ਸੀਵਰੇਜ ਸਿਸਟਮ ਅਤੇ ਸਕੂਲ ਦੇ ਵਿਕਾਸ ਦੇ ਨਾਲ-ਨਾਲ ਚੈਰੀਟੇਬਲ ਹਸਪਤਾਲ ਕਲੋਆ ਅਤੇ ਲੜਕੀਆਂ ਦੇ ਕੰਧਾਲਾ ਜੱਟਾ ਕਾਲਜ 'ਚ ਸਿੱਖਿਆ ਸਹੂਲਤਾਂ ਲਈ ਵਿੱਤੀ ਮਦਦ ਦੇਣ ਵਾਲੇ ਪ੍ਰਵਾਸੀ ਪੰਜਾਬੀ ਨਰਵਾਲ ਨੇ ਮਿਲਵਾਕੀ ਸਿੱਖ ਸੁਸਾਇਟੀ ਅਮਰੀਕਾ ਦੇ ਸਹਿਯੋਗ ਨਾਲ ਸੜਕ ਹਾਦਸੇ ਦਾ ਸ਼ਿਕਾਰ ਹੋਏ ਪਤੀ ਪਤਨੀ ਦੇ ਪਰਵਾਰ ਨੂੰ ਵਿੱਤੀ ਮਦਦ ਭੇਟ ਕੀਤੀ। ਨਰਵਾਲ ਨੂੰ ਇਹ ਸਨਮਾਨ ਮਿਲਣ 'ਤੇ ਪਿੰਡ ਵਾਸੀਆਂ ਸਰਪੰਚ ਕਮਲਜੀਤ ਕੌਰ, ਸੁਰਜੀਤ ਸਿੰਘ ਜੌੜਾ, ਗੁਰਮੇਲ ਸਿੰਘ ਜੌੜਾ, ਸੁਖਵੀਰ ਸਿੰਘ ਸੁੱਖਾ, ਜਸਵੀਰ ਸਿੰਘ, ਸੁਰਿੰਦਰ ਸਿੰਘ, ਹਰਵਿੰਦਰ ਸਿੰਘ, ਨਿਰਮਲ ਸਿੰਘ, ਸੁੱਚਾ ਸਿੰਘ, ਪਰਮਜੀਤ ਪੰਮਾ, ਮਨਦੀਪ ਮੰਨਾ, ਹਰਜੀਤ ਸਿੰਘ ਅਤੇ ਸਰਦਾਰ ਸਿੰਘ ਨੇ ਖੁਸ਼ੀ ਦਾ ਇਜ਼ਹਾਰ ਕਰਦੇ ਕਿਹਾ ਕਿ ਨਰਵਾਲ ਵੱਲੋਂ ਕੀਤੇ ਸਮਾਜਿਕ ਵਿਕਾਸ ਦੇ ਕੰਮਾਂ ਦਾ ਸਨਮਾਨ ਹੈ।


shivani attri

Content Editor

Related News