ਫਗਵਾੜਾ ’ਚ ਪੰਚਾਇਤੀ ਚੋਣਾਂ ਸ਼ਾਂਤਮਈ ਢੰਗ ਨਾਲ ਸੰਪੰਨ, ਰਾਤ 9 ਵਜੇ ਤੱਕ ਐਲਾਨੇ 50 ਪਿੰਡਾਂ ਦੇ ਨਤੀਜੇ

Tuesday, Oct 15, 2024 - 01:23 PM (IST)

ਫਗਵਾੜਾ (ਜਲੋਟਾ)- ਫਗਵਾੜਾ ਦੇ ਕੁਝ ਪਿੰਡਾਂ ’ਚ ਆਪਸੀ ਬਹਿਸ ਦੀਆਂ ਹੋਈਆਂ ਮਾਮੂਲੀ ਘਟਨਾਵਾਂ ਦਰਮਿਆਨ ਪੰਚਾਇਤੀ ਚੋਣਾਂ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਹੋਣ ਦੀ ਖ਼ਬਰ ਹੈ। ਇਸ ਦੌਰਾਨ ਪੁਲਸ ਦੇ ਪਿੰਡਾਂ ਵਿੱਚ ਸੁਰੱਖਿਆ ਦੇ ਬਹੁਤ ਸਖ਼ਤ ਪ੍ਰਬੰਧ ਕੀਤੇ ਗਏ ਸਨ। ਜਾਣਕਾਰੀ ਅਨੁਸਾਰ ਫਗਵਾੜਾ ਦੇ ਕੁੱਲ੍ਹ 91 ਪਿੰਡਾਂ ਵਿਚੋਂ 18 ਪਿੰਡਾਂ ਵਿਚ ਸਰਪੰਚ ਪਿੰਡ ਵਾਸੀਆਂ ਦੀ ਆਪਸੀ ਸਹਿਮਤੀ ਨਾਲ ਸਰਬਸੰਮਤੀ ਨਾਲ ਬਿਨਾਂ ਕਿਸੇ ਮੁਕਾਬਲੇ ਦੇ ਜੇਤੂ ਰਹੇ ਦੱਸੇ ਜਾ ਰਹੇ ਹਨ।

ਸੂਤਰਾਂ ਅਨੁਸਾਰ 73 ਪਿੰਡਾਂ ਦੇ ਕੁੱਲ੍ਹ 118 ਬੂਥਾਂ ’ਤੇ ਤਾਇਨਾਤ 590 ਸੁਪਰਵਾਈਜ਼ਰਾਂ ਅਤੇ ਕਰਮਚਾਰੀਆਂ ਦੀ ਮੌਜੂਦਗੀ ’ਚ ਕਰੀਬ 65 ਫ਼ੀਸਦੀ ਤੋਂ ਵੱਧ ਵੋਟਿੰਗ ਹੋਣ ਦੀ ਸੂਚਨਾ ਮਿਲੀ ਹੈ ਹੈ। ਹਾਲਾਂਕਿ ਵੋਟਿੰਗ ਪ੍ਰਤੀਸ਼ਤ ਦੇ ਅੰਕੜੇ ਅਧਿਕਾਰਤ ਤੌਰ ’ਤੇ ਜ਼ਿਲ੍ਹਾ ਕਪੂਰਥਲਾ ਪ੍ਰਸ਼ਾਸਨ ਵੱਲੋਂ ਮੀਡੀਆ ਨੂੰ ਜਾਰੀ ਨਹੀਂ ਕੀਤੇ ਗਏ ਹਨ। ਵੋਟਿੰਗ ਦੌਰਾਨ ਫਗਵਾੜਾ ਦੇ ਐੱਸ. ਡੀ. ਐੱਮ. ਜਸ਼ਨਜੀਤ ਸਿੰਘ ਨੇ ਪਿੰਡ ਚੱਕ ਹਕੀਮ ਅਤੇ ਕੁਝ ਹੋਰ ਥਾਵਾਂ ਦਾ ਦੌਰਾ ਕੀਤਾ।

ਇਹ ਵੀ ਪੜ੍ਹੋ- ਪੰਜਾਬ ਪੰਚਾਇਤੀ ਚੋਣਾਂ: ਚੋਣ ਡਿਊਟੀ ਦੌਰਾਨ ਟੀਚਰ ਦੀ ਮੌਤ

PunjabKesari

ਇਸੇ ਤਰ੍ਹਾਂ ਐੱਸ. ਐੱਸ. ਪੀ. ਕਪੂਰਥਲਾ ਵਤਸਲਾ ਗੁਪਤਾ ਨੇ ਫਗਵਾੜਾ ਦਾ ਦੌਰਾ ਕੀਤਾ ਅਤੇ ਵੱਖ-ਵੱਖ ਪਿੰਡਾਂ ਵਿਚ ਵੋਟਾਂ ਦੌਰਾਨ ਪੁਲਸ ਪ੍ਰਬੰਧਾਂ ਦਾ ਮੌਕੇ ’ਤੇ ਮੌਜੂਦ ਰਹੇ ਐੱਸ. ਪੀ. ਫਗਵਾੜਾ ਰੁਪਿੰਦਰ ਕੌਰ ਭੱਟੀ ਸਮੇਤ ਹੋਰ ਸੀਨਿਅਰ ਪੁਲਸ ਅਧਿਕਾਰੀਆਂ ਤੋਂ ਜਾਇਜ਼ਾ ਲਿਆ। ਫਗਵਾੜਾ ’ਚ ਵੱਖ-ਵੱਖ ਪਿੰਡਾਂ ਤੋਂ ਪੰਚਾਇਤੀ ਚੋਣਾਂ ਆਉਣ ਦੇ ਨਤੀਜੇ ਦੇਰ ਰਾਤ ਤੱਕ ਜਾਰੀ ਹਨ। ਪੰਚਾਇਤੀ ਚੋਣਾਂ ਲਈ ਵੱਖ-ਵੱਖ ਪਿੰਡਾਂ ਵਿਚ ਨਿਰਧਾਰਤ ਨਿਯਮਾਂ ਤਹਿਤ ਸਵੇਰੇ 8 ਵਜੇ ਵੋਟਿੰਗ ਸ਼ੁਰੂ ਹੋਈ ਅਤੇ ਕੁਝ ਪਿੰਡਾਂ ਵਿਚ ਸ਼ਾਮ 7 ਵਜੇ ਤੋਂ ਬਾਅਦ ਵੀ ਵੋਟਿੰਗ ਜਾਰੀ ਰਹੀ ਦੱਸੀ ਜਾ ਰਹੀ ਹੈ। ਪੰਚਾਇਤੀ ਚੋਣਾਂ ਲਈ ਵੋਟ ਪਾਉਣ ਨੂੰ ਲੈ ਕੇ ਜਿੱਥੇ ਪਿੰਡ ਵਾਸੀਆਂ ’ਚ ਕਾਫ਼ੀ ਉਤਸ਼ਾਹ ਸੀ, ਉਥੇ ਹੀ ਕਈ ਐੱਨ. ਆਰ. ਆਈ. ਭੈਣ ਭਰਾਵਾਂ ਨੇ ਵਿਦੇਸ਼ਾਂ ਤੋਂ ਆਪਣੇ-ਆਪਣੇ ਪਿੰਡ ’ਚ ਆ ਕੇ ਬਹੁਤ ਮਾਣ ਨਾਲ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ।

ਪ੍ਰਤੀਨਿਧੀ ਵਿਕਰਮ ਜਲੋਟਾ ਨਾਲ ਵਿਸ਼ੇਸ਼ ਤੌਰ ’ਤੇ ਗੱਲਬਾਤ ਕਰਦਿਆਂ ਫਗਵਾੜਾ ਦੀ ਐੱਸ. ਪੀ. ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਚੋਣਾਂ ਦੌਰਾਨ ਫਗਵਾੜਾ ਦੇ ਸਾਰੇ ਪਿੰਡਾਂ ਵਿਚ ਸਥਿਤੀ ਪੂਰੀ ਤਰ੍ਹਾਂ ਆਮ ਅਤੇ ਸ਼ਾਂਤੀਪੂਰਨ ਰਹੀ ਹੈ। ਉਨ੍ਹਾਂ ਦੱਸਿਆ ਕਿ ਚੋਣਾਂ ਨੂੰ ਲੈ ਕੇ ਫਗਵਾੜਾ ਵਿਚ ਪੁਲਸ ਦੀਆਂ ਕਈ ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ ਅਤੇ ਪੁਲਸ ਕੰਟ੍ਰੋਲ ਰੂਮ ਹਰ ਸਮੇਂ ਕਾਰਜ ਕਰਦਾ ਰਿਹਾ ਹੈ।

ਐੱਸ. ਪੀ. ਭੱਟੀ ਨੇ ਕਿਹਾ ਕਿ ਪਿੰਡਾਂ ਤੋਂ ਦੇਰ ਰਾਤ ਤੱਕ ਲਗਾਤਾਰ ਆ ਰਹੇ ਚੋਣ ਨਤੀਜਿਆਂ ਦੇ ਮੱਦੇਨਜ਼ਰ ਪੁਲਸ ਹਰ ਪੱਧਰ ’ਤੇ ਚੌਕਸ ਅਤੇ ਮੁਸਤੈਦ ਹੈ। ਐੱਸ. ਪੀ. ਭੱਟੀ ਨੇ ਦੱਸਿਆ ਕਿ ਹੁਣ ਤੱਕ (ਰਾਤ 9:00 ਵਜੇ ਤੱਕ) ਪਿੰਡ ਪ੍ਰੇਮਪੁਰ,ਖਲਿਆਣ, ਗੁਜਰਾਤਾਂ, ਬਬੇਲੀ, ਦੁੱਗਾਂ, ਉੱਚਾ ਪਿੰਡ, ਜਗਤਪੁਰ ਜੱਟਾ, ਠੱਕਰਕੀ, ਭਾਣੋਕੀ, ਮਸਤਨਗਰ, ਮਾਨਾਂਵਾਲੀ, ਨਾਰੰਗਸ਼ਾਹਪੁਰ, ਗੰਡਵਾ, ਨਾਨਕ ਨਾਗਰੀ, ਮਹੇਡ਼ੂ, ਸੁੰਨੜਾਂ ਰਾਜਪੂਤਾਂ, ਖਜੂਰਲਾ, ਮਾਧੋਪੁਰ, ਪਲਾਹੀ, ਵਾਹਦ, ਚੈਡ਼, ਬਲਾਲੋ, ਬ੍ਰਹਮਪੁਰ, ਮਾਣਕ, ਚੱਕ ਪ੍ਰਮਾਂ, ਢੱਡੇ, ਖਾਟੀ, ਖੁਰਮਪੁਰ, ਖਲਵਾਡ਼ਾ, ਖਲਵਾਡ਼ਾ ਕਾਲੋਨੀ, ਵਜੀਦੋਵਾਲ, ਬੀੜ ਪੁਆਦ, ਅਮਰੀਕ ਨਗਰੀ, ਭਾਖੜੀਆਣਾਂ, ਚਹੇੜੂ, ਕਾਂਸ਼ੀ ਨਗਰ, ਸਪਰੋੜ, ਮੌਲੀ, ਅਕਾਲਗੜ੍ਹ, ਨੰਗਲ ਮੱਝਾ, ਜਗਪਾਲਪੁਰ, ਭੱਬੀਆਣਾਂ, ਰਾਣੀਪੁਰ, ਮੀਰਾਪੁਰ, ਬੋਹਾਨੀ, ਚੱਕ ਹਕੀਮ, ਜਮਾਲਪੁਰ, ਬਰਨਾ, ਲੱਖਪੁਰ, ਢੱਕ ਪੰਡੋਰੀ ਵਿਚ ਚੋਣ ਨਤੀਜੇ ਐਲਾਨੇ ਜਾ ਚੁੱਕੇ ਹਨ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ।

ਵਿਧਾਇਕ ਧਾਲੀਵਾਲ ਨੇ ਪੁਲਸ ਤੇ ਪ੍ਰਸ਼ਾਸਨ ਦੀ ਸਖ਼ਤ ਮਿਹਨਤ ਦੀ ਕੀਤੀ ਸ਼ਲਾਘਾ
ਵਿਧਾਨ ਸਭਾ ਹਲਕਾ ਫਗਵਾੜਾ ਵਿਚ ਪੰਚਾਇਤੀ ਚੋਣ ਪ੍ਰਕਿਰਿਆ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਚੋਣ ਕਮਿਸ਼ਨ ਪੰਜਾਬ, ਪੁਲਸ ਅਤੇ ਸਿਵਲ ਪ੍ਰਸ਼ਾਸਨ ਤੋਂ ਇਲਾਵਾ ਸਮੂਹ ਪੋਲਿੰਗ ਸਟਾਫ਼ ਅਤੇ ਵੋਟਰਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਚੋਣ ਪ੍ਰਕਿਰਿਆ ਨੂੰ ਸ਼ਾਂਤਮਈ ਢੰਗ ਨਾਲ ਨੇਪਰੇ ਚਾੜਿਆ।

ਉਨ੍ਹਾਂ ਕਿਹਾ ਕਿ ਲੋਕਤੰਤਰੀ ਪ੍ਰਣਾਲੀ ਨੂੰ ਕਾਇਮ ਰੱਖਣ ਲਈ ਚੋਣਾਂ ਸਭ ਤੋਂ ਮਜ਼ਬੂਤ ਥੰਮ ਵਜੋਂ ਕੰਮ ਕਰਦੀਆਂ ਹਨ ਅਤੇ ਚੋਣ ਪ੍ਰਕਿਰਿਆ ਬਿਨਾਂ ਕਿਸੇ ਡਰ, ਭੈਅ ਜਾਂ ਲਾਲਚ ਤੋਂ ਕਰਵਾਈ ਜਾਣੀ ਚਾਹੀਦੀ ਹੈ। ਇਸ ਲਿਹਾਜ ਨਾਲ ਖ਼ੁਸ਼ੀ ਦੀ ਗੱਲ ਹੈ ਕਿ ਵਿਧਾਨ ਸਭਾ ਹਲਕਾ ਫਗਵਾੜਾ ਵਿੱਚ ਪੰਚਾਇਤੀ ਚੋਣ ਪ੍ਰਕਿਰਿਆ ਸ਼ਾਂਤਮਈ ਮਾਹੌਲ ਵਿੱਚ ਸੰਪੰਨ ਹੋਈ, ਜਿਸ ਵਿੱਚ ਵੋਟਰਾਂ ਨੇ ਵੀ ਪੂਰੇ ਉਤਸ਼ਾਹ ਨਾਲ ਭਾਗ ਲਿਆ ਅਤੇ ਚੋਣ ਅਮਲੇ ਸਮੇਤ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ। ਜਿਸ ਦੇ ਲਈ ਉਹ ਸਾਰਿਆਂ ਦੇ ਤਹਿ ਦਿਲੋਂ ਧੰਨਵਾਦੀ ਹਨ।

ਇਹ ਵੀ ਪੜ੍ਹੋ- 16 ਨੂੰ ਅੱਧੀ ਅਤੇ 17 ਤਾਰੀਖ਼ ਨੂੰ ਪੂਰੀ ਛੁੱਟੀ ਦਾ ਐਲਾਨ, ਸਕੂਲ, ਕਾਲਜ ਰਹਿਣਗੇ ਬੰਦ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


shivani attri

Content Editor

Related News