ਸੰਸਦ ਮੈਂਬਰ ਸੰਤੋਖ ਚੌਧਰੀ ਦੇ ਪੁੱਤਰ ਵਿਕਰਮਜੀਤ ਚੌਧਰੀ ''ਤੇ ਲੱਗੇ ਫਿਰ ਗੰਭੀਰ ਦੋਸ਼

01/08/2020 1:59:08 PM

ਜਲੰਧਰ (ਵਿਸ਼ੇਸ਼)— ਸੰਸਦ ਮੈਂਬਰ ਸੰਤੋਖ ਚੌਧਰੀ ਦੇ ਪੁੱਤਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਵਿਕਰਮਜੀਤ ਚੌਧਰੀ ਇਕ ਵਾਰ ਫਿਰ ਤੋਂ ਵਿਵਾਦਾਂ 'ਚ ਘਿਰ ਗਏ ਹਨ। ਬਸਤੀ ਨੌ 'ਚ ਰਤਨ ਜਿਮ ਇਕਵਿਪਮੈਂਟ ਨਾਮੀ ਫੈਕਟਰੀ ਚਲਾਉਣ ਵਾਲੇ ਰਿਸ਼ੂ ਉਰਫ ਗੁਰਸ਼ਰਨਜੀਤ, ਨਿਧੀ ਅਤੇ ਸਪਨਾ ਨੇ ਵਿਕਰਮਜੀਤ ਚੌਧਰੀ 'ਤੇ ਗੰਭੀਰ ਦੋਸ਼ ਲਾਏ ਕਿ ਸੰਸਦ ਮੈਂਬਰ ਦੇ ਪੁੱਤਰ ਦੀ ਸ਼ਹਿ 'ਤੇ ਵਿਕਰਮਜੀਤ ਦਾ ਮਾਸੜ ਸਹੁਰਾ ਵਿਜੇ ਕੁਮਾਰ ਉਨ੍ਹਾਂ ਦੀ ਫੈਕਟਰੀ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪੀੜਤ ਰਿਸ਼ੂ ਨੇ ਦੱਸਿਆ ਕਿ ਮੇਰੇ ਵੱਡੇ ਭਰਾ ਨੇ ਉਕਤ ਜ਼ਮੀਨ ਦਿੱਲੀ ਨਿਵਾਸੀ ਸੁਰਿੰਦਰ ਕੁਮਾਰ ਤੋਂ ਕਿਰਾਏ 'ਤੇ ਲਈ ਸੀ। ਪਿਛਲੇ 5-6 ਸਾਲਾਂ ਤੋਂ ਜ਼ਮੀਨ ਮਾਲਕ ਜਾਂ ਉਸ ਵੱਲੋਂ ਕੋਈ ਵੀ ਕਿਰਾਇਆ ਵਸੂਲਣ ਨਹੀਂ ਆਇਆ।

ਵਿਜੇ ਕੁਮਾਰ ਪਿਛਲੇ ਕਾਫੀ ਸਮੇਂ ਤੋਂ ਉਨ੍ਹਾਂ ਦੀ ਫੈਕਟਰੀ 'ਤੇ ਨਜ਼ਰ ਰੱਖਣ ਲੱਗਾ ਸੀ। 5 ਜਨਵਰੀ ਨੂੰ ਵਿਜੇ ਆਪਣੇ 10-12 ਸਾਥੀਆਂ ਸਮੇਤ ਉਨ੍ਹਾਂ ਦੀ ਫੈਕਟਰੀ 'ਚ ਆਇਆ ਅਤੇ ਮੈਨੂੰ ਬਾਹਰ ਕੱਢ ਕੇ ਮੇਰੇ ਨਾਲ ਬਹੁਤ ਕੁੱਟਮਾਰ ਕੀਤੀ। ਵਿਜੇ ਅਤੇ ਉਸ ਦੇ ਸਾਥੀਆਂ ਨੇ ਉਨ੍ਹਾਂ ਦੀ ਪਤਨੀ ਦੇ ਗਲੇ 'ਚੋਂ ਚੇਨ ਖੋਹ ਲਈ। ਰਿਸ਼ੂ ਨੇ ਦੱਸਿਆ ਕਿ ਪਤਨੀ ਕੋਲ ਫੜਿਆ ਉਸ ਦਾ 2 ਸਾਲਾ ਬੱਚਾ ਵੀ ਡਿੱਗਦੇ-ਡਿੱਗਦੇ ਬਚਿਆ। ਬੱਚੇ ਅਤੇ ਪਤਨੀ ਦੀਆਂ ਚੀਕਾਂ ਸੁਣ ਕੇ ਵੀ ਹਮਲਾਵਰਾਂ ਨੂੰ ਉਨ੍ਹਾਂ 'ਤੇ ਕੋਈ ਤਰਸ ਨਹੀਂ ਆਇਆ।

ਰਿਸ਼ੂ ਨੇ ਦੱਸਿਆ ਕਿ ਉਨ੍ਹਾਂ ਨੇ ਸਾਰੇ ਮਾਮਲੇ ਦੀ ਸ਼ਿਕਾਇਤ ਤੁਰੰਤ ਬਸਤੀ ਬਾਵਾ ਖੇਲ ਥਾਣੇ 'ਚ ਕੀਤੀ। ਜਿਸ 'ਤੇ ਡਿਊਟੀ ਅਫਸਰ ਏ. ਐੱਸ. ਆਈ. ਰਘਬੀਰ ਨੇ ਉਨ੍ਹਾਂ ਦੀ ਸ਼ਿਕਾਇਤ ਤਾਂ ਦਰਜ ਕਰ ਲਈ ਪਰ ਅੱਜ ਤੱਕ ਦੋਸ਼ੀਆਂ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਰਿਸ਼ੂ ਨੇ ਕਿਹਾ ਕਿ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ 'ਤੇ ਸੰਸਦ ਮੈਂਬਰ ਪੁੱਤਰ ਵਿਕਰਮਜੀਤ ਚੌਧਰੀ ਦਾ ਦਬਾਅ ਹੈ, ਜਿਸ ਕਾਰਣ ਉਹ ਕਾਰਵਾਈ ਕਰਨ ਵਿਚ ਅਸਮਰਥ ਹੈ। ਰਿਸ਼ੂ ਨੇ ਕਿਹਾ ਕਿ ਸੰਸਦ ਮੈਂਬਰ ਸੰਤੋਖ ਚੌਧਰੀ ਅਤੇ ਵਿਕਰਮਜੀਤ ਚੌਧਰੀ ਦੀ ਸ਼ਹਿ 'ਤੇ ਉਨ੍ਹਾਂ ਦਾ ਰਿਸ਼ਤੇਦਾਰ ਸਾਨੂੰ ਫੈਕਟਰੀ ਤੋਂ ਬਾਹਰ ਕੱਢ ਕੇ ਕਬਜ਼ਾ ਕਰਨ ਦੀਆਂ ਸਾਜ਼ਿਸ਼ਾਂ ਰਚ ਰਿਹਾ ਹੈ, ਜਿਸ ਕਾਰਣ ਮੇਰੇ ਅਤੇ ਪਰਿਵਾਰ ਦੇ ਜਾਨ-ਮਾਲ ਨੂੰ ਖ਼ਤਰਾ ਹੈ। ਪੀੜਤਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਉਸ ਦੇ ਪਰਿਵਾਰ ਦੀ ਜਾਨ-ਮਾਲ ਦੀ ਸੁਰੱਖਿਆ ਕਰਨ ਦੀ ਮੰਗ ਕਰਦੇ ਹੋਏ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਇਸ ਸਬੰਧ 'ਚ ਜਦੋਂ ਵਿਕਰਮਜੀਤ ਸਿੰਘ ਚੌਧਰੀ ਨੂੰ ਫੋਨ ਕੀਤਾ ਤਾਂ ਉਨ੍ਹਾਂ ਨੇ ਫੋਨ ਨਹੀ ਚੁੱਕਿਆ।


shivani attri

Content Editor

Related News