ਬਾਥ ਕੈਸਲ ਰਿਸ਼ਵਤ ਕਾਂਡ: ਮਿਲੀਆਂ ਸ਼ਿਕਾਇਤਾਂ ਸਬੰਧੀ ਪਾਰਟੀਆਂ ਨੂੰ ਗਵਾਹ ਬਣਾਏਗੀ ਵਿਜੀਲੈਂਸ

Monday, Apr 03, 2023 - 02:04 PM (IST)

ਬਾਥ ਕੈਸਲ ਰਿਸ਼ਵਤ ਕਾਂਡ: ਮਿਲੀਆਂ ਸ਼ਿਕਾਇਤਾਂ ਸਬੰਧੀ ਪਾਰਟੀਆਂ ਨੂੰ ਗਵਾਹ ਬਣਾਏਗੀ ਵਿਜੀਲੈਂਸ

ਜਲੰਧਰ (ਪੁਨੀਤ)- ਬਾਠ ਕੈਸਲ ਸੰਬੰਧੀ ਨਗਰ ਨਿਗਮ ’ਚ ਸ਼ਿਕਾਇਤ ਕਰਕੇ 8 ਲੱਖ ਰੁਪਏ ਦੀ ਰਾਸ਼ੀ ਵਸੂਲ ਕਰਨ ਸਬੰਧੀ ਵਿਜੀਲੈਂਸ ਵੱਲੋਂ ਫੜੇ ਗਏ ਨਗਰ ਨਿਗਮ ਦੇ ਏ. ਟੀ. ਪੀ. (ਅਸਿ. ਟਾਊਨ ਪਲਾਨਰ) ਪੰਕਜ ਰਵੀ ਸ਼ਰਮਾ ਸਾਜ਼ਿਸ਼ਕਰਤਾ ’ਚ ਸ਼ਾਮਲ ਨੇਤਾ ਅਰਵਿੰਦ ਮਿਸ਼ਰਾ ਉਰਫ ਅਰਵਿੰਦ ਸ਼ਰਮਾ, ਜਲੰਧਰ ਦੇ ਹਿੰਦੂ ਸੰਗਠਨ ਨਾਲ ਸਬੰਧਤ ਨੇਤਾ ਕੁਣਾਲ ਕੋਹਲੀ ਦੇ ਮਾਮਲੇ ’ਚ ਵਿਜੀਲੈਂਸ ਦੀ ਕਾਰਵਾਈ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਵਿਜੀਲੈਂਸ ਵੱਲੋਂ ਅਰਵਿੰਦ ਮਿਸ਼ਰਾ ਤੇ ਕੁਣਾਲ ਕੋਹਲੀ ਵੱਲੋਂ ਕੀਤੀਆਂ ਗਈਆਂ ਸ਼ਿਕਾਇਤਾਂ ਨਾਲ ਸਬੰਧਤ ਵਿਅਕਤੀਆਂ ਨੂੰ ਗਵਾਹ ਬਣਾਉਣ ਦੀ ਤਿਆਰੀ ਕੀਤੀ ਗਈ ਹੈ ਤੇ ਆਉਣ ਵਾਲੇ ਦਿਨਾਂ ’ਚ ਉਕਤ ਵਿਅਕਤੀਆਂ ਦੀ ਕੋਰਟ ’ਚ ਗਵਾਈ ਕਰਵਾਈ ਜਾ ਸਕਦੀ ਹੈ। ਬਾਠ ਕੈਸਲ ਦੇ ਮਾਲਕ ਨਰਿੰਦਰ ਬਾਠ ਵੱਲੋਂ ਕੀਤੀ ਗਈ ਸ਼ਿਕਾਇਤ ’ਤੇ ਵਿਜੀਲੈਂਸ ਵੱਲੋਂ ਅਰਵਿੰਦ ਮਿਸ਼ਰਾ, ਪੰਕਜ ਰਵੀ ਤੇ ਕੁਣਾਲ ਕੋਹਲੀ ਨੂੰ ਫੜਣ ਲਈ ਬੀ. ਐੱਮ. ਸੀ. ਚੌਕ ਦੇ ਨੇੜੇ 21 ਅਪ੍ਰੈਲ ਨੂੰ ਟ੍ਰੈਪ ਲਾਇਆ ਗਿਆ ਸੀ ਅਤੇ ਦੋਸ਼ੀਆਂ ਤੋਂ ਇਕ ਗੱਡੀ ਵੀ ਬਰਾਮਦ ਹੋਈ ਸੀ।

ਉਕਤ ਗੱਡੀ ਨਾਲ ਵਿਜੀਲੈਂਸ ਨੂੰ ਸ਼ਿਕਾਇਤਾਂ ਸਬੰਧੀ ਕਈ ਫਾਈਲਾਂ ਮਿਲੀਆਂ। ਇਹ ਸ਼ਿਕਾਇਤਾਂ ਵੱਖ-ਵੱਖ ਇਮਾਰਤਾਂ ਨਾਲ ਸਬੰਧਤ ਦੱਸੀਆਂ ਗਈਆਂ ਹਨ। ਇਸ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀਆਂ ਵੱਲੋਂ ਨਵੀਂਆਂ ਬਣ ਰਹੀਆਂ ਇਮਾਰਤਾਂ ਸਬੰਧੀ ਕਾਫ਼ੀ ਸਮੇਂ ਤੋਂ ਸ਼ਿਕਾਇਤਾਂ ਪਾਈਆਂ ਜਾ ਰਹੀਆਂ ਸਨ। ਇਸ ਦੇ ਆਧਾਰ ’ਤੇ ਵਿਜੀਲੈਂਸ ਨੇ ਉਕਤ ਸ਼ਿਕਾਇਤਾਂ ਨਾਲ ਸਬੰਧਤ ਵਿਅਕਤੀ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਉਕਤ ਮੁਲਜ਼ਮਾਂ ਖ਼ਿਲਾਫ਼ ਹੋਰ ਸਬੂਤ ਇਕੱਠੇ ਕੀਤੇ ਜਾ ਸਕਣ। ਸੂਤਰਾਂ ਦਾ ਕਹਿਣਾ ਹੈ ਕਿ ਵਿਜੀਲੈਂਸ ਨੇ ਕਈ ਲੋਕਾਂ ਨਾਲ ਸੰਪਰਕ ਕਰ ਕੇ ਤੱਥ ਇਕੱਠੇ ਕੀਤੇ ਹਨ, ਜਿਨ੍ਹਾਂ ਨੂੰ ਆਉਣ ਵਾਲੇ ਸਮੇਂ ’ਚ ਅਦਾਲਤ ’ਚ ਪੇਸ਼ ਕਰਨ ਦੀ ਤਿਆਰੀ ਕਰ ਲਈ ਗਈ ਹੈ।

ਇਹ ਵੀ ਪੜ੍ਹੋ : ਯੂ. ਕੇ. ’ਚ ਦੋਹਰੀ ਜ਼ਿੰਦਗੀ ਜੀਅ ਰਿਹੈ KLF ਦਾ ਮੁਖੀ ਰਣਜੋਧ ਸਿੰਘ, ਅੰਮ੍ਰਿਤਪਾਲ ਨਾਲ ਹੈ ਸਿੱਧਾ ਕੁਨੈਕਸ਼ਨ

ਅਰਵਿੰਦ ਮਿਸ਼ਰਾ ਦੀਆਂ ਮੁਸ਼ਕਿਲਾਂ ਆਉਣ ਵਾਲੇ ਦਿਨਾਂ ’ਚ ਹੋਰ ਵੀ ਵਧ ਸਕਦੀਆਂ ਹਨ, ਕਿਉਂਕਿ ਕਮਿਸ਼ਨਰੇਟ ਜਲੰਧਰ ਪੁਲਸ ਤੇ ਵਿਜੀਲੈਂਸ ਵੱਲੋਂ ਆਪਣੇ ਪੱਧਰ ’ਤੇ ਕਾਰਵਾਈ ਕਰ ਕੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ । ਵਿਜੀਲੈਂਸ ਦੀ ਕਾਰਵਾਈ ਤੋਂ ਕੁਝ ਦਿਨ ਪਹਿਲਾਂ ਅਰਵਿੰਦ ਮਿਸ਼ਰਾ ਵੱਲੋਂ ਫੇਸਬੁੱਕ ’ਤੇ ਇਕ ਪੋਸਟ ਪਾਈ ਗਈ ਸੀ, ਜਿਸ ’ਚ ਉਹ ਰੇਲਵੇ ਸਟੇਸ਼ਨ ’ਤੇ ਖੜ੍ਹੇ ਨਜ਼ਰ ਆ ਰਹੇ ਹਨ ਤੇ ਉਨ੍ਹਾਂ ਦੇ ਆਲੇ-ਦੁਆਲੇ ਕਈ ਪੁਲਸ ਮੁਲਾਜ਼ਮ ਖੜ੍ਹੇ ਨਜ਼ਰ ਆ ਰਹੇ ਹਨ। ਮਿਸ਼ਰਾ ਵੱਲੋਂ ਪਾਈ ਗਈ ਪੋਸਟ ’ਚ ਜੀ. ਆਰ. ਪੀ. ਤੇ ਆਰ. ਪੀ. ਐੱਫ. ਸਬੰਧੀ ਲਿਖਦੇ ਹੋਏ ਐਸਕਾਰਡ ਲਈ ਵੱਡੇ ਅਧਿਕਾਰੀ ਦਾ ਧੰਨਵਾਦ ਕੀਤਾ ਗਿਆ ਹੈ। ਇਸ ਤਰ੍ਹਾਂ ਦੀ ਵੀ. ਵੀ. ਆਈ. ਪੀ. ਸਹੂਲਤ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ ਜੋ ਕਿ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਆਖਰ ਜੀ. ਆਰ. ਪੀ. ਅਤੇ ਆਰ. ਪੀ. ਐੱਫ਼. ਵੱਲੋਂ ਅਰਵਿੰਦ ਮਿਸ਼ਰਾ ਨੂੰ ਵੀ. ਵੀ. ਆਈ. ਪੀ. ਸਹੂਲਤ ਤੇ ਇੰਨੀ ਸਕਿਓਰਿਟੀ ਕਿਉਂ ਦਿੱਤੀ ਗਈ?

ਵਿਜੀਲੈਂਸ ਦੇ ਡਰੋਂ ਕੋਹਲੀ ਦੇ ਸੰਗਠਨ ਅਤੇ ਮਿਸ਼ਰਾ ਦੇ ਕਰੀਬੀਆਂ ਨੇ ਦੂਰੀ ਬਣਾਈ ਰੱਖੀ
ਕੁਣਾਲ ਕੋਹਲੀ ਇਕ ਹਿੰਦੂ ਸੰਗਠਨ ਨਾਲ ਸਬੰਧਤ ਹੈ, ਜਦਕਿ ਅਰਵਿੰਦ ਮਿਸ਼ਰਾ ਵੱਖ-ਵੱਖ ਪਾਰਟੀਆਂ ’ਚ ਰਹਿ ਚੁੱਕੇ ਹਨ। ਭਾਜਪਾ ਦੇ ਜ਼ਿਲਾ ਪ੍ਰਧਾਨ ਵੱਲੋਂ ਬਿਆਨ ਜਾਰੀ ਕਰ ਕੇ ਸਪੱਸ਼ਟ ਕਿਹਾ ਜਾ ਚੁੱਕਾ ਹੈ ਕਿ ਅਰਵਿੰਦ ਮਿਸ਼ਰਾ ਕਿਸੇ ਵੀ ਅਹੁਦੇ ’ਤੇ ਨਹੀਂ ਹਨ, ਜਦੋਂ ਕਿ ਉਨ੍ਹਾਂ ਦੀਆਂ ਕਈ ਵੱਡੇ ਨੇਤਾਵਾਂ ਨਾਲ ਫੋਟੋਆਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਉਕਤ ਆਗੂਆਂ ਨਾਲ ਵੱਖ-ਵੱਖ ਪ੍ਰੋਗਰਾਮਾਂ 'ਚ ਕਰੀਬੀ ਲੋਕਾਂ ਤੇ ਸਾਥੀਆਂ ਦਾ ਭਾਰੀ ਇਕੱਠ ਦੇਖਿਆ ਜਾ ਚੁੱਕਾ ਹੈ ਪਰ ਹੁਣ ਚੌਕਸੀ ਤੋਂ ਡਰਦਿਆਂ ਸਾਰਿਆਂ ਨੇ ਉਨ੍ਹਾਂ ਤੋਂ ਦੂਰੀ ਬਣਾ ਲਈ ਹੈ, ਕਿਉਂਕਿ ਉਨ੍ਹਾਂ ਨੂੰ ਵਿਜੀਲੈਂਸ ਦਾ ਡਰ ਸਤਾ ਰਿਹਾ ਹੈ। ਵਿਜੀਲੈਂਸ ਮਿਸ਼ਰਾ ਤੇ ਕੋਹਲੀ ਦੇ ਫੋਨ ਕਾਲ ਦਾ ਰਿਕਾਰਡ ਵੀ ਖੰਗਾਲ ਰਿਹਾ ਹੈ।

PunjabKesari

ਇਹ ਵੀ ਪੜ੍ਹੋ : ‘ਅੰਨਦਾਤਾ’ ’ਤੇ ਕੁਦਰਤ ਦੀ ਮਾਰ, ਬੇਮੌਸਮੀ ਮੀਂਹ ਤੇ ਗੜਿਆਂ ਨਾਲ ਪੰਜਾਬ ’ਚ ਕਣਕ ਦੀ 20 ਫ਼ੀਸਦੀ ਫ਼ਸਲ ਖ਼ਰਾਬ

ਮਿਸ਼ਰਾ ’ਤੇ ਜਲੰਧਰ ਪੁਲਸ ਦੀ ਕਾਰਵਾਈ ’ਚ ਹੋਣਗੇ ਖ਼ੁਲਾਸੇ
ਜਲੰਧਰ ਹਾਈਟ ਨਿਵਾਸੀ ਕਵਿਤਾ ਵਲੋਂ ਥਾਣਾ ਸਦਰ ’ਚ ਅਰਵਿੰਦ ਸ਼ਰਮਾ ਵਿਰੁੱਧ ਜਲੰਧਰ ਹਾਈਟ ਦੇ ਫਲੈਟ ਨੰ. ਐੱਫ. 803 ’ਤੇ ਕਬਜ਼ਾ ਕਰਨ ਦੀ ਸ਼ਿਕਾਇਤ ਕੀਤੀ ਗਈ। ਇਸ ’ਚ ਦੱਸਿਆ ਗਿਆ ਕਿ ਉਸ ਨੇ ਹਰਮੀਤ ਸਿੰਘ ਉਰਫ ਬਾਵਾ ਵਾਸੀ ਚਾਯ ਆਮ, ਬਸਤੀ ਸ਼ੇਖ ਨੂੰ 7.9.2020 ਨੂੰ ਤੈਅ ਹੋਏ ਐਗਰੀਮੈਂਟ ਤਹਿਤ ਆਪਣਾ ਫਲੈਟ ਕਿਰਾਏ ’ਤੇ ਦਿੱਤਾ। ਇਸ ਤੋਂ ਬਾਅਦ ਅਰਵਿੰਦ ਸ਼ਰਮਾ ਨੇ ਉਸ ਫਲੈਟ ’ਤੇ ਆਪਣਾ ਕਬਜ਼ਾ ਜਮ੍ਹਾ ਲਿਆ। ਵਿਜੀਲੈਂਸ ਦੀ ਕਾਰਵਾਈ ਤੋਂ ਬਾਅਦ ਹਰਕਤ ’ਚ ਆਈ ਜਲੰਧਰ ਪੁਲਸ ਨੇ ਫਲੈਟ ਨੰ. 803 ’ਤੇ ਕਬਜ਼ਾ ਕਰਨ ਦੇ ਮਾਮਲੇ ਨੂੰ ਲੈ ਕੇ ਥਾਣਾ ਸਦਰ ’ਚ ਐੱਫ਼. ਆਈ. ਆਰ. ਨੰਬਰ 42 ਤਹਿਤ ਅਰਵਿੰਦ ਸ਼ਰਮਾ ਤੇ ਉਸ ਦੇ ਸਾਥੀ ਬਾਵਾ ’ਤੇ ਧਾਰਾ 420, 120-ਬੀ, 385, 417, 447, 448, 506 ਤਹਿਤ ਪਰਚਾ ਦਰਜ ਕੀਤਾ ਹੈ। ਇਸ ’ਚ ਬਾਵਾ ਨਾਮਕ ਵਿਅਕਤੀ ਗ੍ਰਿਫਤਾਰ ਹੋ ਚੁੱਕਾ ਹੈ ਤੇ ਇਸ ਸਮੇਂ ਜੇਲ ’ਚ ਹੈ। ਉਥੇ ਅਰਵਿੰਦ ਮਿਸ਼ਰਾ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਜਲੰਧਰ ਲਿਆਉਣ ਦੀ ਤਿਆਰੀ ਕੀਤੀ ਗਈ ਹੈ। ਜਲੰਧਰ ਲਿਆਉਣ ਤੋਂ ਬਾਅਦ ਪੁਲਸ ਵੱਲੋਂ ਕੀਤੀ ਜਾਣ ਵਾਲੀ ਪੁੱਛਗਿੱਛ ’ਚ ਕਈ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ। ਹੁਣ ਵੇਖਣਾ ਹੈ ਕਿ ਜਲੰਧਰ ਪੁਲਸ ਅਰਵਿੰਦ ਮਿਸ਼ਰਾ ਨੂੰ ਮੋਹਾਲੀ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਕਦੋਂ ਲੈ ਕੇ ਆਏਗੀ।

ਕਿਸੇ ਵੀ ਸਮੇਂ ਹੋ ਸਕਦੀ ਹੈ ਆਸ਼ੀਸ਼ ਅਰੋੜਾ ਦੀ ਗ੍ਰਿਫ਼ਤਾਰੀ
ਵਿਜੀਲੈਂਸ ਵੱਲੋਂ ਉਕਤ ਅਰਵਿੰਦ ਮਿਸ਼ਰਾ, ਪੰਕਜ ਰਵੀ, ਕੁਨਾਲ ਕੋਹਲੀ ਸਮੇਤ ਆਸ਼ੀਸ਼ ਅਰੋੜਾ ਨੂੰ ਦੋਸ਼ੀ ਬਣਾ ਕੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 7, ਆਈ. ਪੀ. ਸੀ. ਦੀ ਧਾਰਾ 120ਬੀ ਤਹਿਤ ਵਿਜੀਲੈਂਸ ਬਿਊਰੋ ਥਾਣਾ ਫਲਾਇੰਗ ਸਕੁਆਇਡ-1, ਮੋਹਾਲੀ ’ਚ ਐੱਫ਼. ਆਈ. ਆਰ. ਨੰ. 12 ਮਿਤੀ 21.3.23 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ’ਚ ਆਸ਼ੀਸ਼ ਅਰੋੜਾ ਦੀ ਗ੍ਰਿਫ਼ਤਾਰੀ ਹੋਣਾ ਬਾਕੀ ਹੈ। ਸ਼ਿਵ ਸੈਨਾ ਨੇਤਾ ਆਸ਼ੀਸ਼ ਅਰੋੜਾ ਦੀ ਜ਼ਮਾਨਤ ਪਟੀਸ਼ਨ ਖਾਰਜ ਹੋ ਚੁੱਕੀ ਹੈ ਅਤੇ ਕਿਸੇ ਵੀ ਸਮੇਂ ਉਸ ਦੀ ਗ੍ਰਿਫ਼ਤਾਰੀ ਹੋ ਸਕਦੀ ਹੈ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੇ ਪਿੰਡ 'ਚ ਪਪਲਪ੍ਰੀਤ ਨਾਲ ਨਜ਼ਰ ਆਇਆ ਅੰਮ੍ਰਿਤਪਾਲ, CCTV ਫੁਟੇਜ ਆਈ ਸਾਹਮਣੇ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News