ਸ਼ੇਖਾਂ ਬਾਜ਼ਾਰ ਦੇ ਜੁੱਤੀਆਂ ਦੇ ਕਾਰੋਬਾਰੀ ਵੱਲੋਂ ਹਵਾਈ ਫਾਇਰ ਕਰਨ ਦੀ ਵੀਡੀਓ ਵਾਇਰਲ
Wednesday, May 25, 2022 - 04:48 PM (IST)

ਜਲੰਧਰ (ਜ. ਬ.)– ਸ਼ੇਖਾਂ ਬਾਜ਼ਾਰ ਦੇ ਜੁੱਤੀਆਂ ਦੇ ਕਾਰੋਬਾਰੀ ਵੱਲੋਂ ਲਾਇਸੈਂਸੀ ਹਥਿਆਰ ਨਾਲ ਹਵਾਈ ਫਾਇਰਿੰਗ ਕਰਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸੇ ਕਾਰੋਬਾਰੀ ਨੇ ਆਪਣੇ ਇੰਸਟਾਗ੍ਰਾਮ ਆਈ. ਡੀ. ਤੋਂ ਖ਼ੁਦ ਵੀਡੀਓ ਅਪਲੋਡ ਕੀਤੀ, ਜਦਕਿ ਆਈ. ਡੀ. ’ਤੇ ਹਥਿਆਰ ਕਲਚਰ ਨੂੰ ਪ੍ਰਮੋਟ ਕਰਨ ਲਈ ਹੋਰ ਹਥਿਆਰਾਂ ਦੀਆਂ ਵੀ ਤਸਵੀਰਾਂ ਪਾਈਆਂ ਹੋਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਇਕ ਸਮਾਰੋਹ ਦੀ ਹੈ ਪਰ ਪੁਲਸ ਪ੍ਰਸ਼ਾਸਨ ਵੱਲੋਂ ਇੰਨੀ ਸਖ਼ਤੀ ਕਰਨ ਦੇ ਬਾਵਜੂਦ ਲੋਕ ਹਵਾਈ ਫਇਰ ਕਰਨ ਤੋਂ ਬਾਜ਼ ਨਹੀਂ ਆ ਰਹੇ।
ਲਗਾਤਾਰ ਪੁਲਸ ਮਹਿਕਮਾ ਹਵਾਈ ਫਾਇਰ ਕਰਨ ਵਾਲਿਆਂ ’ਤੇ ਸ਼ਿਕੰਜਾ ਕੱਸਦਿਆਂ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਕੇ ਗ੍ਰਿਫ਼ਤਾਰੀਆਂ ਤੱਕ ਪਾਉਂਦਾ ਹੈ ਤਾਂ ਕਿ ਲਾਇਸੈਂਸੀ ਹਥਿਆਰ ਰੱਖਣ ਵਾਲੇ ਵੀ ਅਲਰਟ ਰਹਿਣ ਅਤੇ ਹਵਾਈ ਫਾਇਰ ਕਰ ਕੇ ਲੋਕਾਂ ਦੀ ਜਾਨ ਖਤਰੇ ਵਿਚ ਨਾ ਪਾਈ ਜਾ ਸਕੇ। ਇਸ ਦੇ ਬਾਵਜੂਦ ਇਸ ਜੁੱਤੀਆਂ ਦੇ ਕਾਰੋਬਾਰੀ ਨੇ ਪੁਲਸ ਦੀ ਸਖ਼ਤੀ ਵਿਚਕਾਰ ਵਿਆਹ ਸਮਾਰੋਹ ਵਿਚ ਇਕ ਨਹੀਂ, ਸਗੋਂ ਕਈ ਹਵਾਈ ਫਾਇਰ ਕੀਤੇ।
ਇਹ ਵੀ ਪੜ੍ਹੋ: ਮਾਂ ਨੂੰ ਆਇਆ ਫੋਨ, ਦੋਸਤਾਂ ਨਾਲ ਦਿੱਲੀ ਜਾ ਰਿਹੈ , ਬਾਅਦ ’ਚ ਲਾਸ਼ ਬਣ ਪਰਤੇ ਪੁੱਤ ਨੂੰ ਵੇਖ ਉੱਡੇ ਹੋਸ਼
ਦੱਸਿਆ ਜਾ ਰਿਹਾ ਹੈ ਕਿ ਜਿਸ ਹਥਿਆਰ ਨਾਲ ਫਾਇਰ ਕੀਤੇ ਗਏ, ਉਹ ਲਾਇਸੈਂਸੀ ਹੈ। ਜਿਹੜੀ ਵੀਡੀਓ ਸੋਸ਼ਲ ਸਾਈਟ ’ਤੇ ਪਾਈ ਗਈ, ਉਸ ਵਿਚ ਗੰਨ ਕਲਚਰ ਦਾ ਪੰਜਾਬੀ ਗਾਣਾ ਵੀ ਲਾਇਆ ਗਿਆ ਹੈ। ਇਹ ਵੀਡੀਓ ਡੇਢ ਹਫਤਾ ਪੁਰਾਣੀ ਦੱਸੀ ਜਾ ਰਹੀ ਹੈ। ਪੁਲਸ ਵਿਭਾਗ ਕੋਲ ਇਹ ਵੀਡੀਓ ਪਹੁੰਚ ਚੁੱਕੀ ਹੈ ਤੇ ਜਲਦ ਇਸ ਕਾਰੋਬਾਰੀ ’ਤੇ ਸ਼ਿਕੰਜਾ ਕੱਸਿਆ ਜਾ ਸਕਦਾ ਹੈ। ਸੂਤਰਾਂ ਦੀ ਮੰਨੀਏ ਤਾਂ ਜਿਉਂ ਹੀ ਵੀਡੀਓ ਵਾਇਰਲ ਹੋਈ, ਕਾਰੋਬਾਰੀ ਨੇ ਇਸ ਵੀਡੀਓ ਨੂੰ ਡਿਲੀਟ ਕਰ ਦਿੱਤਾ ਅਤੇ ਆਪਣੀ ਆਈ. ਡੀ. ਨੂੰ ਲਾਕ ਵੀ ਕਰ ਲਿਆ। ਹਾਲਾਂਕਿ ਕਿਸੇ ਨੇ ਸਾਰੀ ਵੀਡੀਓ ਅਤੇ ਆਈ. ਡੀ. ਦੀ ਸਕ੍ਰੀਨ ਸ਼ਾਟ ਵੀਡੀਓ ਬਣਾ ਲਈ, ਜਿਸ ਤੋਂ ਬਾਅਦ ਵਾਇਰਲ ਕਰ ਦਿੱਤੀ ਗਈ। ਇਸ ਦੀਆਂ ਲਗਭਗ 3 ਵੀਡੀਓ ਵਾਇਰਲ ਹੋਈਆਂ ਹਨ।
ਇਹ ਵੀ ਪੜ੍ਹੋ: ਹੈਰਾਨ ਕਰਦਾ ਖ਼ੁਲਾਸਾ: ਜਲੰਧਰ ਵਿਖੇ ਮੁਲਜ਼ਮ ਕਰ ਰਹੇ ਜੁਰਮ, ਪੁਲਸ ਵਾਲੇ ਦੇ ਰਹੇ ਸਰਪ੍ਰਸਤੀ, ਇੰਝ ਖੁੱਲ੍ਹਾ ਭੇਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ