ਵਾਲਮੀਕਿ ਸਮਾਜ ਨੇ ਡੀ.ਸੀ. ਰਾਹੀਂ ਰਾਸ਼ਟਰਪਤੀ ਨੂੰ ਭੇਜਿਆ ਮੰਗ-ਪੱਤਰ

09/08/2019 2:25:31 PM

ਨਵਾਂਸ਼ਹਿਰ (ਤ੍ਰਿਪਾਠੀ)- ਇਕ ਟੀ.ਵੀ. 'ਤੇ ਚੱਲ ਰਹੇ ਸੀਰੀਅਲ 'ਚ ਭਗਵਾਨ ਵਾਲਮੀਕਿ ਜੀ ਦਾ ਗਲਤ ਇਤਿਹਾਸ ਪੇਸ਼ ਕੀਤੇ ਜਾਣ ਦੇ ਵਿਰੋਧ 'ਚ ਭਗਵਾਨ ਵਾਲਮੀਕਿ ਪ੍ਰਬੰਧਕ ਕਮੇਟੀ ਦੀ ਅਗਵਾਈ 'ਚ ਬੀਤੇ ਦਿਨ ਵਾਲਮੀਕਿ ਸਮਾਜ ਨੇ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਅਤੇ ਸੜਕਾਂ 'ਤੇ ਰੋਸ ਮਾਰਚ ਕੱਢ ਕੇ ਡੀ.ਸੀ. ਕੰਪਲੈਕਸ 'ਚ ਨਾਅਰੇਬਾਜ਼ੀ ਕੀਤੀ ਗਈ। ਰੋਸ ਮਾਰਚ ਦੇ ਉਪਰੰਤ ਵਾਲਮੀਕਿ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਡਿਪਟੀ ਕਮਿਸ਼ਨਰ ਦੀ ਮਾਰਫਤ ਰਾਸ਼ਟਰਪਤੀ ਨੂੰ ਮੰਗ-ਪੱਤਰ ਭੇਜ ਕੇ ਉਕਤ ਸੀਰੀਅਲ ਨੂੰ ਦੇਸ਼ ਭਰ 'ਚ ਬੰਦ ਕਰਨ ਦੀ ਮੰਗ ਕੀਤੀ। ਰੋਸ ਮਾਰਚ ਦੀ ਅਗਵਾਈ ਕਰ ਰਹੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਿੱਕੀ ਗਿੱਲ, ਸੂਰਜ ਖੋਸਲਾ, ਅਸ਼ਵਨੀ ਖੋਸਲਾ, ਸੁਸ਼ੀਲ ਖੋਸਲਾ, ਚੌ. ਸੰਨੀ ਕੁਮਾਰ, ਅਨਿਲ ਬਾਲੂ, ਰਜਿੰਦਰ ਕੁਮਾਰ, ਸਨਾ ਬਗਾਨਿਆ ਅਤੇ ਰਾਜ ਕੁਮਾਰ ਸਭਰਵਾਲ ਨੇ ਦੱਸਿਆ ਕਿ ਟੀ.ਵੀ. ਚੈਨਲ 'ਤੇ ਭਗਵਾਨ ਵਾਲਮੀਕਿ ਜੀ ਦਾ ਅਕਸ ਵਿਗਾੜਿਆ ਜਾ ਰਿਹਾ ਹੈ। ਜਿਸ ਕਾਰਨ ਵਾਲਮੀਕਿ ਸਮਾਜ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਉਨ੍ਹਾਂ ਨੇ ਰਾਸ਼ਟਰਪਤੀ ਨੂੰ ਭੇਜੇ ਮੰਗ-ਪੱਤਰ 'ਚ ਮੰਗ ਕੀਤੀ ਕਿ ਇਸ ਸੀਰੀਅਲ ਨੂੰ ਤੁਰੰਤ ਬੰਦ ਕੀਤਾ ਜਾਵੇ ਅਤੇ ਸੀਰੀਅਲ ਦੇ ਪ੍ਰਡਿਊਸਰ ਅਤੇ ਨਿਰਦੇਸ਼ਕ ਦੇ ਖਿਲਾਫ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਜਾਵੇ। ਇਸ ਤੋਂ ਪਹਿਲਾਂ ਵਾਲਮੀਕਿ ਸਮਾਜ ਵੱਲੋਂ ਮੁਹੱਲਾ ਵਾਲਮੀਕਿ 'ਚ ਸਥਿਤ ਗੁਰਦੁਆਰਾ ਸਾਹਿਬ 'ਚ ਇਕੱਠ ਕੀਤਾ ਗਿਆ। ਜਿਸ ਦੇ ਉਪਰੰਤ ਸਮੂਹ ਪ੍ਰਦਰਸ਼ਨਕਾਰੀ ਪੁਲਸ ਪ੍ਰਬੰਧਾਂ ਦੇ ਵਿਚ ਰੋਸ ਮਾਰਚ ਕਰਦੇ ਹੋਏ ਡੀ.ਸੀ. ਕੰਪਲੈਕਸ ਪਹੁੰਚੇ। ਇੱਥੇ ਦੱਸਣਯੋਗ ਹੈ ਕਿ ਨਗਰ ਕੌਂਸਲ ਪ੍ਰਧਾਨ ਲਲਿਤ ਮੋਹਨ ਪਾਠਕ, ਕੌਂਸਲਰ ਵਿਨੋ ਪਿੰਕਾ ਸਣੇ ਹੋਰ ਸਮਾਜ ਦੇ ਲੋਕਾਂ ਨੇ ਵੀ ਵਾਲਮੀਕਿ ਭਰਾਵਾਂ ਦੇ ਨਾਲ ਉਕਤ ਸੀਰੀਅਲ ਨੂੰ ਲੈ ਕੇ ਰੋਸ ਪ੍ਰਗਟ ਕੀਤਾ। ਇਸ ਮੌਕੇ ਸੁਰਿੰਦਰ ਬਗਾਨਿਆ, ਚੰਦਨ ਸਹੋਤਾ, ਬੰਟੀ ਗਿੱਲ, ਹੈਪੀ ਸਾਈਂ, ਰੌਕੀ ਗਿੱਲ ਅਤੇ ਲਾਡੀ ਚਾਚਾ ਆਦਿ ਹਾਜ਼ਰ ਸਨ।


shivani attri

Content Editor

Related News