ਜਲੰਧਰ: ਸ਼ਿਵਜੋਤੀ ਪਬਲਿਕ ਸਕੂਲ ਦੇ ਬਾਹਰ ਕਿਰਪਾਨਾਂ ਲੈ ਕੇ ਆਏ ਨੌਜਵਾਨਾਂ ਵੱਲੋਂ ਹੁੱਲੜਬਾਜ਼ੀ, ਬੱਚੇ ਤੇ ਸਟਾਫ਼ ਸਹਿਮੇ

11/26/2022 12:37:45 PM

ਜਲੰਧਰ (ਮਹੇਸ਼)–ਥਾਣਾ ਨੰਬਰ 2 ਅਧੀਨ ਪੈਂਦੇ ਇਲਾਕਾ ਦੀਨਦਿਆਲ ਉਪਾਧਿਆਏ ਨਗਰ ਦੇ ਸ਼ਿਵਜੋਤੀ ਪਬਲਿਕ ਸਕੂਲ ਦੇ ਬਾਹਰ ਅੱਜ ਦਿਨ-ਦਿਹਾੜੇ ਮੋਟਰਸਾਈਕਲਾਂ ’ਤੇ ਕਿਰਪਾਨਾਂ ਲੈ ਕੇ ਆਏ ਨੌਜਵਾਨਾਂ ਨੇ ਜੰਮ ਕੇ ਹੁੱਲੜਬਾਜ਼ੀ ਕੀਤੀ, ਜਿਸ ਕਾਰਨ ਇਲਾਕੇ ਵਿਚ ਤਣਾਅਪੂਰਨ ਸਥਿਤੀ ਬਣ ਗਈ। ਸਕੂਲ ਵਿਚ ਮੌਜੂਦ ਬੱਚੇ, ਸਟਾਫ਼ ਅਤੇ ਹੋਰ ਲੋਕ ਸਹਿਮ ਗਏ। ਹੁੱਲੜਬਾਜ਼ੀ ਕਰਨ ਵਾਲੇ ਨੌਜਵਾਨਾਂ ਨੇ ਕਿਰਪਾਨਾਂ ਨਾਲ ਸਕੂਲ ਦੇ ਆਲੇ-ਦੁਆਲੇ ਸਥਿਤ ਘਰਾਂ ਦੇ ਬਾਹਰ ਖੜ੍ਹੇ ਵਾਹਨਾਂ ਦੇ ਸ਼ੀਸ਼ੇ ਵੀ ਤੋੜ ਦਿੱਤੇ। ਨੌਜਵਾਨਾਂ ਨੇ ਕਾਫ਼ੀ ਦੇਰ ਤੱਕ ਸਕੂਲ ਦੇ ਬਾਹਰ ਹੰਗਾਮਾ ਕੀਤਾ। ਲੋਕਾਂ ਨੇ ਦੱਸਿਆ ਕਿ ਇਹ ਨੌਜਵਾਨ ਉਨ੍ਹਾਂ ਦੇ ਇਲਾਕੇ ਦੇ ਨਹੀਂ, ਸਗੋਂ ਕਿਸੇ ਦੂਜੇ ਇਲਾਕੇ ਦੇ ਰਹਿਣ ਵਾਲੇ ਸਨ। ਸਕੂਲ ਅਤੇ ਹੋਰ ਥਾਵਾਂ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਨੌਜਵਾਨ ਕੈਦ ਪਾਏ ਗਏ ਹਨ।

ਇਹ ਵੀ ਪੜ੍ਹੋ : ਸੁਲਤਾਨਪੁਰ ਲੋਧੀ ਵਿਖੇ ਦੋ ਭਰਾਵਾਂ 'ਚ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, ਚੱਲੇ ਤੇਜ਼ਧਾਰ ਹਥਿਆਰ, ਘਰ 'ਚ ਰੱਖਿਆ ਧੀ ਦਾ ਵਿਆਹ

PunjabKesari

ਪੁਲਸ ਦੇ ਪਹੁੰਚਣ ਤੋਂ ਪਹਿਲਾਂ ਹੀ ਨੌਜਵਾਨ ਹੋਏ ਫ਼ਰਾਰ
ਦੀਨਦਿਆਲ ਉਪਾਧਿਆਏ ਨਗਰ ’ਚ ਵਿਗੜੇ ਹਾਲਾਤ ਦੀ ਸੂਚਨਾ ਮਿਲਦੇ ਹੀ ਸਬੰਧਤ ਪੁਲਸ ਸਟੇਸ਼ਨ ਥਾਣਾ ਨੰਬਰ 2 ਦੇ ਐੱਸ .ਆਈ. ਗੁਰਨਾਮ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਦੇ ਆਉਣ ਪਹਿਲਾਂ ਪੀ. ਸੀ. ਆਰ. ਦੀ ਟੀਮ ਵੀ ਪਹੁੰਚ ਗਈ ਸੀ ਪਰ ਉਦੋਂ ਤੱਕ ਹੁੱਲੜਬਾਜ਼ੀ ਕਰਨ ਵਾਲੇ ਨੌਜਵਾਨ ਉਥੋਂ ਫ਼ਰਾਰ ਹੋ ਚੁੱਕੇ ਸਨ। ਜਾਂਚ ਕਰ ਰਹੇ ਐੱਸ. ਆਈ. ਗੁਰਨਾਮ ਸਿੰਘ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਹੁੱਲੜਬਾਜ਼ ਨੌਜਵਾਨਾਂ ਨੂੰ ਕਾਬੂ ਕਰਨ ਲਈ ਰੇਡ ਕੀਤੀ ਜਾ ਰਹੀ ਹੈ। ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਜ਼ਰੀਏ ਨੌਜਵਾਨਾਂ ਦੀ ਪਛਾਣ ਕੀਤੀ ਜਾ ਰਹੀ ਹੈ। ਜਿਹਡ਼ੇ ਲੋਕਾਂ ਦੇ ਵਾਹਨਾਂ ਦੇ ਸ਼ੀਸ਼ੇ ਤੋੜੇ ਗਏ ਹਨ, ਦੀ ਸ਼ਿਕਾਇਤ ਦੇ ਆਧਾਰ ’ਤੇ ਬਣਦੀ ਕਾਰਵਾਈ ਕਰੇਗੀ। ਘਟਨਾ ਦੇ ਪਿੱਛੇ ਰਜਨੀਸ਼ ਅਤੇ ਟੋਨੀ ਦੇ ਨਾਂ ਸਾਹਮਣੇ ਆ ਰਹੇ ਹਨ। ਪੁਲਸ ਉਨ੍ਹਾਂ ਦਾ ਪਤਾ ਲਾ ਰਹੀ ਹੈ। ਬੱਚਿਆਂ ਅਤੇ ਸਟਾਫ਼ ਦੀ ਸੁਰੱਖਿਆ ਨੂੰ ਵੇਖਦਿਆਂ ਪੀ. ਸੀ. ਆਰ. ਟੀਮ ਸਕੂਲ ਦੇ ਬਾਹਰ ਲਾ ਦਿੱਤੀ ਗਈ ਹੈ।

ਹੰਗਾਮਾ ਕਰਨ ਵਾਲਿਆਂ ’ਚ ਸਕੂਲ ਦਾ ਕੋਈ ਬੱਚਾ ਨਹੀਂ : ਪ੍ਰਿੰਸੀਪਲ
ਸ਼ਿਵਜੋਤੀ ਪਬਲਿਕ ਸਕੂਲ ਦੀ ਪ੍ਰਿੰਸੀਪਲ ਪ੍ਰਵੀਨ ਸ਼ੈਲੀ ਨੇ ਕਿਹਾ ਕਿ ਸਕੂਲ ਦੇ ਬਾਹਰ ਜਿਹੜਾ ਹੰਗਾਮਾ ਹੋਇਆ ਹੈ, ਉਸ ਵਿਚ ਉਨ੍ਹਾਂ ਦੇ ਸਕੂਲ ਦਾ ਕੋਈ ਵੀ ਬੱਚਾ ਨਹੀਂ ਸੀ। ਹੁੱਲੜਬਾਜ਼ ਨੌਜਵਾਨ ਕੌਣ ਸਨ, ਪੁਲਸ ਪ੍ਰਸ਼ਾਸਨ ਨੂੰ ਇਸਦਾ ਪਤਾ ਲਾਉਣਾ ਚਾਹੀਦਾ ਹੈ। ਸਕੂਲ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੀ ਚੈੱਕ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ : ਟਾਂਡਾ ਵਿਖੇ ਵਿਆਹ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਨਸ਼ੇ ਦੀ ਓਵਰਡੋਜ਼ ਨਾਲ ਵਿਅਕਤੀ ਦੀ ਹੋਈ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


shivani attri

Content Editor

Related News