ਟਰੈਕਟਰ-ਟਰਾਲੀ ਤੇ ਕਾਰ ਦੀ ਟੱਕਰ, 2 ਜ਼ਖਮੀ ਟਰੈਕਟਰ ਦੇ ਹੋਏ ਦੋ ਹਿੱਸੇ
12/10/2018 3:27:24 AM
ਕਾਲਾ ਸੰਘਿਆਂ, (ਨਿੱਝਰ)- ਕਾਲਾ ਸੰਘਿਆਂ-ਤਲਵੰਡੀ ਮਾਧੋ ਮਾਰਗ ’ਤੇ ਪਿੰਡ ਆਧੀ ਗੇਟ ਦੇ ਨਜ਼ਦੀਕ ਬੀਤੀ ਰਾਤ ਇਕ ਇੰਡੀਕਾ ਕਾਰ ਤੇ ਆਲੂਆਂ ਨਾਲ ਲੱਦੀ ਟਰਾਲੀ-ਟਰੈਕਟਰ ਦੀ ਟੱਕਰ ਹੋ ਗਈ।
ਜਾਣਕਾਰੀ ਅਨੁਸਾਰ ਟਰੈਕਟਰ-ਟਰਾਲੀ ਤਲਵੰਡੀ ਮਾਧੋ ਵਾਲੇ ਪਾਸੇ ਤੋਂ ਆ ਰਿਹਾ ਸੀ ਅਤੇ ਇਸ ਨੂੰ ਸਰਾਜਦੀਨ ਪੁੱਤਰ ਬਾਬੂ ਦੀਨ ਵਾਸੀ ਜਮਸ਼ੇਰ ਭੋਡੇ ਸਮਰਾਉਂ ਜ਼ਿਲਾ ਜਲੰਧਰ ਚਲਾ ਰਿਹਾ ਸੀ, ਜਦੋਂ ਇਹ ਪਿੰਡ ਆਧੀ ਗੇਟ ਦੇ ਨਜ਼ਦੀਕ ਪਹੁੰਚਿਆ, ਕਾਲਾ ਸੰਘਿਆਂ ਵਾਲੇ ਪਾਸੇ ਤੋਂ ਆ ਰਹੀ ਤੇਜ਼ ਰਫਤਾਰ ਕਾਰ ਦੀ ਟਰੈਕਟਰ ਟਰਾਲੀ ਨਾਲ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕੇ ਟਰੈਕਟਰ ਦੇ ਦੋ ਹਿੱਸੇ ਹੋ ਗਏ ਅਤੇ ਕਾਰ ਵੀ ਦੂਜੇ ਪਾਸੇ ਨੂੰ ਘੁੰਮ ਕੇ ਖੇਤਾਂ ’ਚ ਉਤਰ ਗਈ, ਇਸ ਕਾਰ ਨੂੰ ਜਸਵੀਰ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਕੁਤਬੀਵਾਲ ਜ਼ਿਲਾ ਜਲੰਧਰ ਚਲਾ ਰਿਹਾ ਸੀ ਅਤੇ ਉਸ ਨਾਲ ਸਾਬੀ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਗਿੱਦੜਪਿੰਡੀ ਜ਼ਿਲਾ ਜਲੰਧਰ ਵੀ ਕਾਰ ’ਚ ਸਵਾਰ ਸੀ, ਹਾਦਸੇ ’ਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਪਰ ਕਾਰ ’ਚ ਸਵਾਰ ਸਾਬੀ ਅਤੇ ਟਰੈਕਟਰ ਚਾਲਕ ਸਰਾਜਦੀਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਤੇ ਮੌਕੇ ’ਤੇ ਇਕੱਤਰ ਲੋਕਾਂ ਨੇ ਜ਼ਖਮੀਆਂ ਨੂੰ ਕਾਰ ਤੇ ਟਰੈਕਟਰ ਵਿਚੋਂ ਕੱਢ ਕੇ ਸਾਈਡ ’ਤੇ ਪਾਇਆ।
ਹਾਦਸੇ ਵਾਲੀ ਥਾਂ ਤੋਂ ਕੁਝ ਦੂਰੀ ’ਤੇ ਹੀ ਉੱਗੀ ਪੁਲਸ ਨੇ ਨਾਕਾ ਲਾਇਆ ਹੋਇਆ ਸੀ ਤੇ ਹਾਦਸੇ ਦਾ ਪਤਾ ਲੱਗਦਿਆਂ ਹੀ ਉੱਗੀ ਪੁਲਸ ਮੁਲਾਜ਼ਮ ਮੁਨਸ਼ੀ ਗੁਰਪ੍ਰੀਤ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ, ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਹਸਪਤਾਲ ਭੇਜਿਆ ।