ਵਾਤਾਵਰਣ ਦੇ ਦੁਸ਼ਮਣਾਂ ਦੀ ਕਰਤੂਤ, ਸ਼ਹਿਰ ਦੇ 2 ਪਾਰਕਾਂ ''ਚ 100 ਰੁੱਖਾਂ ਦਾ ਕਤਲੇਆਮ

02/05/2020 5:20:35 PM

ਜਲੰਧਰ (ਖੁਰਾਣਾ)— ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਹੋਰ ਵੱਡੇ ਸ਼ਹਿਰਾਂ 'ਚ ਪ੍ਰਦੂਸ਼ਣ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ। ਪ੍ਰਦੂਸ਼ਣ ਨਾਲ ਜਿੱਥੇ ਲੱਖਾਂ ਕਰੋੜਾਂ ਲੋਕਾਂ ਦੀ ਸਿਹਤ 'ਤੇ ਇਸ ਦਾ ਮਾੜਾ ਅਸਰ ਪੈਣਾ ਸ਼ੁਰੂ ਹੋ ਗਿਆ ਹੈ, ਉੱਥੇ ਇਸ ਮਾਮਲੇ 'ਚ ਪਿਛਲੇ ਦਿਨੀਂ ਸੁਪਰੀਮ ਕੋਰਟ ਤੱਕ ਨੂੰ ਇਹ ਕਹਿਣਾ ਪਿਆ ਸੀ ਕਿ ਲੋਕਾਂ ਨੂੰ ਇੰਝ ਮਾਰਨ ਦੀ ਥਾਂ ਇਕ ਹੀ ਵਾਰ ਬੰਬ ਸੁੱਟ ਕੇ ਕਿਉਂ ਨਹੀਂ ਖਤਮ ਕਰ ਦਿੱਤਾ ਜਾਂਦਾ। ਭਾਵੇਂ ਮਾਣਯੋਗ ਅਦਾਲਤ ਦੇ ਜੱਜ ਸਾਹਿਬ ਨੇ ਅਜਿਹੀ ਗੱਲ ਸਰਕਾਰੀ ਲਾਪ੍ਰਵਾਹੀ 'ਤੇ ਵੱਡਾ ਵਿਅੰਗ ਕਰਦਿਆਂ ਕਹੀ ਸੀ ਪਰ ਇਸ ਦੇ ਪਿੱਛੇ ਡੂੰਘੀ ਭਾਵਨਾ ਲੁਕੀ ਹੋਈ ਸੀ ਕਿ ਜੇਕਰ ਹੁਣ ਵੀ ਵਾਤਾਵਰਣ ਸੰਤੁਲਨ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਪੂਰੀ ਮਨੁੱਖਤਾ ਖਤਰੇ 'ਚ ਪੈ ਜਾਵੇਗੀ।

ਇਕ ਪਾਸੇ ਜਿੱਥੇ ਵਧਦੇ ਪ੍ਰਦੂਸ਼ਣ ਨੂੰ ਲੈ ਕੇ ਇਸ ਤਰ੍ਹਾਂ ਅਤੇ ਇਸ ਲੈਵਲ ਦੀਆਂ ਚਿੰਤਾਵਾਂ ਪ੍ਰਗਟ ਕੀਤੀਆਂ ਜਾ ਰਹੀਆਂ ਹਨ ਅਤੇ ਵਾਤਾਵਰਣ ਨੂੰ ਹਰਿਆ-ਭਰਿਆ ਕਰਨ ਅਤੇ ਪ੍ਰਦੂਸ਼ਣ ਨੂੰ ਖਤਮ ਕਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਉੱਥੇ ਦੂਜੇ ਪਾਸੇ ਸ਼ਹਿਰਾਂ 'ਚ ਵਾਤਾਵਰਣ ਦੇ ਅਜਿਹੇ ਦੁਸ਼ਮਣ ਵੀ ਮੌਜੂਦ ਹਨ, ਜਿਨ੍ਹਾਂ ਨੇ ਆਪਣੇ ਛੋਟੇ-ਛੋਟੇ ਸੁਆਰਥਾਂ ਲਈ ਵਾਤਾਵਰਣ ਨੂੰ ਵਿਗਾੜਨ 'ਚ ਜ਼ਰਾ ਵੀ ਸੰਕੋਚ ਨਹੀਂ ਹੁੰਦਾ।

PunjabKesari

ਜਲੰਧਰ ਸ਼ਹਿਰ ਦੀ ਗੱਲ ਕਰੀਏ ਤਾਂ ਪਿਛਲੇ ਦੋ ਦਿਨਾਂ ਦੌਰਾਨ ਦੋ ਅਜਿਹੀਆਂ ਘਟਨਾਵਾਂ ਹੋਈਆਂ ਹਨ, ਜਿਸ 'ਚ ਵਾਤਾਵਰਣ ਦੇ ਦੁਸ਼ਮਣਾਂ ਨੇ ਮਾੜੀ ਕਰਤੂਤ ਕਰਦਿਆਂ ਸ਼ਹਿਰ ਦੇ ਦੋ ਹਰੇ-ਭਰੇ ਪਾਰਕਾਂ 'ਚ ਲੱਗੇ 100 ਦੇ ਕਰੀਬ ਵੱਡੇ-ਵੱਡੇ ਰੁੱਖਾਂ ਦਾ ਕਤਲੇਆਮ ਕਰ ਦਿੱਤਾ ਅਤੇ ਉੱਥੇ ਗਰੀਨਰੀ ਨੂੰ ਪੂਰੀ ਤਰ੍ਹਾਂ ਖਤਮ ਕਰ ਕੇ ਉੱਜੜੇ ਬਾਗ ਬਣਾ ਦਿੱਤਾ।
ਪਹਿਲੀ ਘਟਨਾ ਦੋ ਦਿਨ ਪਹਿਲਾਂ ਸੈਂਟਰਲ ਟਾਊਨ ਦੇ ਗੀਤਾ ਮੰਦਰ ਦੇ ਪਿੱਛੇ ਪੈਂਦੇ ਸਵ. ਮਨਮੋਹਨ ਕਾਲੀਆ ਪਾਰਕ 'ਚ ਵਾਪਰੀ, ਜਿੱਥੇ ਪਾਰਕ ਦੇ ਵਿਚਕਾਰ ਅਤੇ ਆਲੇ-ਦੁਆਲੇ ਦੀ ਬਾਊਂਡਰੀ 'ਤੇ ਲੱਗੇ 50 ਵੱਡੇ-ਵੱਡੇ ਰੁੱਖਾਂ ਨੂੰ ਵੱਢ ਦਿੱਤਾ ਗਿਆ। ਦੋਸ਼ ਹੈ ਕਿ ਇਹ ਕੰਮ ਪਾਰਕ ਦੇ ਨੇੜੇ-ਤੇੜੇ ਰਹਿਣ ਵਾਲੇ ਘਰਾਂ ਦੇ ਵਸਨੀਕਾਂ 'ਤੇ ਆਧਾਰਤ ਇਕ ਕਮੇਟੀ ਨੇ ਕਰਵਾਇਆ ਹੈ ਪਰ ਹੁਣ ਸੋਸਾਇਟੀ ਦਾ ਕੋਈ ਅਹੁਦੇਦਾਰ ਇਸ ਕਰਤੂਤ ਦੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਹੈ। ਅਜਿਹੇ ਲੋਕਾਂ ਨੇ ਸ਼ਾਮ ਦੇ ਹਨੇਰੇ 'ਚ ਪਾਰਕ ਨੂੰ ਉਜਾੜਨ ਦਾ ਕੰਮ ਕੀਤਾ ਅਤੇ ਸਵੇਰੇ ਜਦੋਂ ਲੋਕ ਸੈਰ ਕਰਨ ਆਏ ਤਾਂ ਹਰੇ ਭਰੇ ਪਾਰਕ ਦੀ ਹਰਿਆਲੀ ਗਾਇਬ ਦੇਖ ਕੇ ਹੈਰਾਨ ਰਹਿ ਗਏ।

ਅਜਿਹੀ ਹੀ ਦੂਜੀ ਘਟਨਾ ਸਥਾਨਕ ਚਿੰਤਪੂਰਨੀ ਮੰਦਰ ਦੇ ਸਾਹਮਣੇ ਪੈਂਦੇ ਮਸਤ ਰਾਮ ਪਾਰਕ 'ਚ ਹੋਈ, ਜਿੱਥੇ ਲੱਗੇ 50 ਦੇ ਕਰੀਬ ਰੁੱਖਾਂ ਨੂੰ ਵੱਢ ਦਿੱਤਾ ਗਿਆ। ਇੱਥੇ ਵੀ ਇਹ ਕੰਮ ਪਾਰਕ ਦੇ ਆਸ-ਪਾਸ ਰਹਿਣ ਵਾਲੇ ਲੋਕਾਂ 'ਤੇ ਆਧਾਰਤ ਕਮੇਟੀ ਵਲੋਂ ਹੀ ਕੀਤਾ ਗਿਆ ਪਰ ਹੁਣ ਇੱਥੇ ਵੀ ਇਸ ਦੀ ਜ਼ਿੰਮੇਵਾਰੀ ਲੈਣ ਲਈ ਕੋਈ ਤਿਆਰ ਨਹੀਂ ਹੈ।

PunjabKesari

ਧੁੱਪ ਨਾ ਆਉਣ ਅਤੇ ਚਮਗਾਦੜਾਂ ਦਾ ਬਣਾਇਆ ਬਹਾਨਾ
100 ਦੇ ਕਰੀਬ ਵੱਡੇ-ਵੱਡੇ ਰੁੱਖਾਂ, ਜਿਨ੍ਹਾਂ 'ਚ ਕਈ ਫਲਦਾਰ ਰੁੱਖ ਅਤੇ ਕਈ ਡੈਕੋਰੇਟਿਵ ਰੁੱਖ ਵੀ ਸਨ, ਨੂੰ ਕਟਵਾਉਣ ਵਾਲੇ ਅਨਸਰ ਹੁਣ ਤਰ੍ਹਾਂ-ਤਰ੍ਹਾਂ ਦੇ ਬਹਾਨੇ ਬਣਾ ਰਹੇ ਹਨ। 'ਜਗ ਬਾਣੀ' ਦੀ ਟੀਮ ਨੇ ਜਦੋਂ ਮਸਤ ਰਾਮ ਪਾਰਕ ਦਾ ਦੌਰਾ ਕੀਤਾ ਤਾਂ ਪਤਾ ਲੱਗਾ ਕਿ ਕਈ ਵਾਸੀਆਂ ਨੇ ਰੁੱਖਾਂ ਦੇ ਕਾਰਣ ਘਰਾਂ 'ਚ ਚਮਗਾਦੜ ਆਉਣ ਦੀ ਸ਼ਿਕਾਇਤ ਕੀਤੀ ਸੀ। ਇਸ ਲਈ ਸੋਸਾਇਟੀ ਨੇ ਸਾਰੇ ਰੁੱਖਾਂ 'ਤੇ ਕੁਹਾੜੀ ਚਲਵਾ ਦਿੱਤੀ। ਵੇਖਣ ਵਿਚ ਹੀ ਇਹ ਬਹਾਨਾ ਕਾਫੀ ਬੇਤੁਕਾ ਜਿਹਾ ਲੱਗਦਾ ਹੈ। ਇਸੇ ਤਰ੍ਹਾਂ ਦੂਜਾ ਬਹਾਨਾ ਘਰਾਂ 'ਚ ਧੁੱਪ ਨਾ ਆਉਣ ਦਾ ਲਾਇਆ ਜਾ ਰਿਹਾ ਹੈ, ਜੋ ਸੈਂਟਰਲ ਟਾਊਨ ਦੇ ਕੁਝ ਵਾਸੀਆਂ ਵਲੋਂ ਹੈ। ਬਹਾਨਿਆਂ ਦੀ ਆੜ 'ਚ ਵਾਤਾਵਰਣ ਨੂੰ ਇੰਝ ਤਹਿਸ-ਨਹਿਸ ਕਰ ਦੇਣਾ ਕਿਸੇ ਵੀ ਹਾਲਤ ਵਿਚ ਜਾਇਜ਼ ਨਹੀਂ ਕਿਹਾ ਜਾ ਸਕਦਾ।
ਨਿਗਮ ਨੂੰ ਕੋਈ ਜਾਣਕਾਰੀ ਨਹੀਂ, ਹੁਣ ਐੱਫ. ਆਈ. ਆਰ. ਦਰਜ ਕਰਵਾਉਣ ਦੀ ਤਿਆਰੀ
ਅੰਦਰੂਨੀ ਸ਼ਹਿਰ ਦੇ ਦੋ ਵੱਡੇ ਪਾਰਕਾਂ 'ਚ ਲੱਗੇ 100 ਦੇ ਕਰੀਬ ਰੁੱਖਾਂ ਨੂੰ ਸ਼ਰੇਆਮ ਕੱਟ ਦਿੱਤਾ ਜਾਂਦਾ ਹੈ ਪਰ ਸ਼ਹਿਰ 'ਚ ਲੱਗੇ ਰੁੱਖਾਂ ਦੀ ਰਖਵਾਲੀ ਦੇ ਜ਼ਿੰਮੇਵਾਰ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਇਸ ਦੀ ਕੋਈ ਖਬਰ ਨਹੀਂ ਹੈ। ਅੱਜ ਜਦੋਂ ਇਸ ਪੱਤਰਕਾਰ ਨੇ ਨਿਗਮ ਦੇ ਹਾਰਟੀਕਲਚਰ ਿਵਭਾਗ ਦੇ ਐਕਸੀਅਨ ਦਲਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਅਜਿਹੀ ਕੋਈ ਵੀ ਜਾਣਕਾਰੀ ਹੋਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਰੁੱਖ ਕੱਟਣ 'ਤੇ ਐੱਫ. ਆਈ. ਆਰ. ਦਰਜ ਕਰਵਾਈ ਜਾ ਸਕਦੀ ਹੈ। ਨਿਗਮ ਦਾ ਸਟਾਫ ਬੁੱਧਵਾਰ ਨੂੰ ਸਵੇਰੇ ਦੋਵਾਂ ਪਾਰਕਾਂ 'ਚ ਜਾ ਕੇ ਸਥਿਤੀ ਦਾ ਜਾਇਜ਼ਾ ਲਵੇਗਾ ਅਤੇ ਉਸ ਤੋਂ ਬਾਅਦ ਐੱਫ. ਆਈ. ਆਰ. ਕਰਨ ਦੀ ਸਿਫਾਰਿਸ਼ ਕੀਤੀ ਜਾਵੇਗੀ।

PunjabKesari

ਰੁੱਖਾਂ ਨੂੰ ਸਿਰਫ ਥੋੜ੍ਹਾ-ਥੋੜ੍ਹਾ ਛਾਂਗਣ ਦੀ ਗੱਲ ਹੋਈ ਸੀ, ਮਸਤ ਰਾਮ ਪਾਰਕ 'ਚ ਤਾਂ ਰੁੱਖਾਂ ਦਾ ਬੁਰਾ ਹਾਲ ਕਰ ਦਿੱਤਾ
ਇਸ ਮਾਮਲੇ 'ਚ ਜਦੋਂ ਇਲਾਕੇ ਦੀ ਕੌਂਸਲਰ ਰਜਨੀ ਬਾਹਰੀ ਦੇ ਪਤੀ ਸਲਿਲ ਬਾਹਰੀ ਨਾਲ ਸੰਪਰਕ ਕੀਤਾ ਿਗਆ ਤਾਂ ਉਨ੍ਹਾਂ ਮੰਨਿਆ ਕਿ ਮਸਤ ਰਾਮ ਪਾਰਕ 'ਚ ਅਤੇ ਆਲੇ-ਦੁਆਲੇ ਲੱਗੇ ਰੁੱਖਾਂ ਨੂੰ ਵੱਢਿਆ ਜਾਣਾ ਗਲਤ ਹੈ ਅਤੇ ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਉਨ੍ਹਾਂ ਦੱਸਿਆ ਕਿ ਇਸ ਇਲਾਕੇ 'ਚ ਰਹਿਣ ਵਾਲੇ ਕੁਝ ਘਰਾਂ ਦੇ ਵਾਸੀਆਂ ਨੇ ਆਪਣੇ ਘਰਾਂ ਿਵਚ ਚਮਗਾਦੜ ਆਉਣ ਦੀ ਸ਼ਿਕਾਇਤ ਕਰਦਿਆਂ ਰੁੱਖਾਂ ਨੂੰ ਥੋੜ੍ਹਾ-ਥੋੜ੍ਹਾ ਛਾਂਗਣ ਦੀ ਗੱਲ ਜ਼ਰੂਰ ਕੀਤੀ ਸੀ ਪਰ ਰੁੱਖਾਂ ਦੀ ਹਰਿਆਲੀ ਨੂੰ ਬਿਲਕੁਲ ਹੀ ਖਤਮ ਕਰ ਦੇਣਾ ਗਲਤ ਹੈ।

PunjabKesari

ਸ਼ਹਿਰਾਂ 'ਚ ਆ ਕੇ ਕਸ਼ਮੀਰੀ ਲੱਕੜਹਾਰੇ ਕਰਦੇ ਹਨ ਇਹ ਕੰਮ
ਸਰਦੀਆਂ ਦੇ ਦਿਨਾਂ 'ਚ ਅਕਸਰ ਰੁੱਖਾਂ ਨੂੰ ਨਾਜਾਇਜ਼ ਤੌਰ 'ਤੇ ਕੱਟੇ ਜਾਣ ਦੀਆਂ ਖਬਰਾਂ ਮਿਲਦੀਆਂ ਰਹਿੰਦੀਆਂ ਹਨ ਪਰ ਇਨ੍ਹਾਂ ਨੂੰ ਸਥਾਨਕ ਲੋਕਾਂ ਵਲੋਂ ਨਹੀਂ ਸਗੋਂ ਉਨ੍ਹਾਂ ਕਸ਼ਮੀਰੀ ਲੱਕੜਹਾਰਿਆ ਵਲੋਂ ਵੱਢਿਆ ਜਾਂਦਾ ਹੈ, ਜਿਨ੍ਹਾਂ ਨੂੰ ਇਸ ਕੰਮ ਵਿਚ ਮੁਹਾਰਤ ਹਾਸਲ ਹੈ। ਇਹ ਲੱਕੜਹਾਰੇ ਦੋ-ਤਿੰਨ ਵਿਅਕਤੀਆਂ ਦੀ ਟੋਲੀ ਵਿਚ ਗਲੀਆਂ-ਮੁਹੱਿਲਆਂ 'ਚ ਘੁੰਮਦੇ ਹਨ ਅਤੇ ਉਨ੍ਹਾਂ ਕੋਲ ਕੁਹਾੜੀ, ਆਰੀ ਜਿਹੇ ਹਥਿਆਰ ਹੁੰਦੇ ਹਨ। ਰੁੱਖਾਂ ਤੋਂ ਪ੍ਰੇਸ਼ਾਨ ਲੋਕ ਇਨ੍ਹਾਂ ਨਾਲ ਸੌਦੇਬਾਜ਼ੀ ਕਰ ਲੈਂਦੇ ਹਨ। ਬਦਲੇ 'ਚ ਇਹ ਥੋੜ੍ਹੇ ਪੈਸੇ ਅਤੇ ਲੱਕੜ ਆਦਿ ਲੈ ਕੇ ਰਫੂਚੱਕਰ ਹੋ ਜਾਂਦੇ ਹਨ ਅਤੇ ਇਨ੍ਹਾਂ 'ਤੇ ਕੋਈ ਕੇਸ ਵੀ ਨਹੀਂ ਬਣਦਾ।

PunjabKesari

ਜਲੰਧਰ 'ਚ ਹੈ ਸਿਰਫ 5 ਫੀਸਦੀ ਗਰੀਨ ਕਵਰ, ਸ਼ਹਿਰਾਂ 'ਚ 15 ਫੀਸਦੀ ਗਰੀਨ ਕਵਰ ਹੋਣਾ ਜ਼ਰੂਰੀ
ਵਾਤਾਵਰਣ ਨਾਲ ਸਬੰਧਤ ਕਾਨੂੰਨ ਦੀ ਗੱਲ ਕਰੀਏ ਤਾਂ ਇਹ ਬੇਹੱਦ ਸਖਤ ਹੈ ਪਰ ਇਨ੍ਹਾਂ ਨੂੰ ਲਾਗੂ ਕਰਨ ਵਾਲੀ ਮਸ਼ੀਨਰੀ ਇਸ ਵੱਲ ਧਿਆਨ ਨਹੀਂ ਦੇ ਰਹੀ। ਕੇਂਦਰ ਸਰਕਾਰ ਨੇ ਸਮਾਰਟ ਸਿਟੀ ਮਿਸ਼ਨ ਅਤੇ ਹੋਰ ਯੋਜਨਾਵਾਂ ਲਈ ਸ਼ਹਿਰਾਂ 'ਚ ਘੱਟੋ-ਘੱਟ 15 ਫੀਸਦੀ ਗਰੀਨ ਕਵਰ ਏਰੀਆ ਜ਼ਰੂਰੀ ਕੀਤਾ ਹੋਇਆ ਹੈ ਪਰ ਜਲੰਧਰ 'ਚ ਗਰੀਨ ਕਵਰ ਸਿਰਫ 5 ਫੀਸਦੀ ਵੀ ਨਹੀਂ ਹੈ। ਜੇਕਰ ਇੰਝ ਹੀ ਪਾਰਕਾਂ ਵਿਚ ਲੱਗੇ ਰੁੱਖਾਂ ਨੂੰ ਕੱਟਿਆ ਜਾਂਦਾ ਰਿਹਾ ਤਾਂ ਗਰੀਨ ਕਵਰ ਏਰੀਆ ਹੋਰ ਵੀ ਘੱਟ ਹੋ ਸਕਦਾ ਹੈ।

PunjabKesari

ਬੈਂਗਲੁਰੂ ਅਤੇ ਸਾਊਰ ਸ਼ਹਿਰਾਂ ਤੋਂ ਹੀ ਕੁਝ ਸਬਕ ਲੈ ਲਓ ਜਲੰਧਰ ਵਾਲਿਓ
ਜੋ ਸ਼ਹਿਰ ਵਾਸੀ ਸਾਊਥ ਇੰਡੀਆ ਦੇ ਸ਼ਹਿਰਾਂ ਖਾਸ ਕਰਕੇ ਬੈਂਗਲੁਰੂ ਆਦਿ ਆਉਂਦੇ-ਜਾਂਦੇ ਰਹਿੰਦੇ ਹਨ, ਉਨ੍ਹਾਂ ਨੂੰ ਪਤਾ ਹੋਵੇਗਾ ਕਿ ਉਨ੍ਹਾਂ ਸ਼ਹਿਰਾਂ 'ਚ ਰੁੱਖਾਂ ਨੂੰ ਕਿਵੇਂ ਪੂਜਿਆ ਜਾਂਦਾ ਹੈ ਅਤੇ ਉਸ ਦੀ ਰੱਖਿਆ ਕਿਹੜੀ ਭਾਵਨਾ ਨਾਲ ਕੀਤੀ ਜਾਂਦੀ ਹੈ, ਇਥੇ ਇਕ ਰੁੱਖ ਨੂੰ ਕੱਟਣਾ ਇਕ ਮਨੁੱਖੀ ਕਤਲ ਦੇ ਬਰਾਬਰ ਸਮਝਿਆ ਜਾਂਦਾ ਹੈ। ਇਸ ਲਈ ਉਥੇ ਅਕਸਰ ਕਿਸੇ ਰੁੱਖ ਨੂੰ ਬਚਾਉਣ ਲਈ ਘਰ ਜਾਂ ਬਿਲਡਿੰਗ ਤੱਕ ਦਾ ਡਿਜ਼ਾਈਨ ਬਦਲ ਦਿੱਤਾ ਜਾਂਦਾ ਹੈ ਤਾਂ ਕਿ ਰੁੱਖ ਨੂੰ ਵੱਢਣਾ ਨਾ ਪਵੇ ਪਰ ਉੱਤਰੀ ਭਾਰਤ ਦੇ ਸ਼ਹਿਰ ਜਲੰਧਰ 'ਚ ਜ਼ਿਆਦਾਤਰ ਲੋਕਾਂ ਨੂੰ ਰੁੱਖਾਂ ਦੀ ਅਹਿਮੀਅਤ ਤੱਕ ਪਤਾ ਨਹੀਂ ਹੈ। ਅਜਿਹੇ ਸ਼ਹਿਰਾਂ 'ਚ ਹੁਣ ਵੀ ਜੇਕਰ ਲੋਕ ਜਾਗਰੂਕ ਨਾ ਹੋਏ ਤਾਂ ਆਉਣ ਵਾਲੇ ਸਮੇਂ 'ਚ ਸਾਹ ਤੱਕ ਲੈਣਾ ਮੁਸ਼ਕਿਲ ਹੋ ਜਾਏਗਾ।


shivani attri

Content Editor

Related News