ਰਸੂਖਦਾਰ ਦਾ ਫੋਨ ਕਰਵਾ ਕੇ ਪੁਲਸ ਤੋਂ ਬਚ ਜਾਓਗੇ, ਯਮਰਾਜ ਤੋਂ ਨਹੀਂ

01/13/2020 5:44:00 PM

ਜਲੰਧਰ (ਸੁਨੀਲ)— ਟਰੈਫਿਕ ਪੁਲਸ ਵਲੋਂ ਮਨਾਏ ਜਾ ਰਹੇ ਸੜਕ ਸੁਰੱਖਿਆ ਹਫਤੇ ਦੇ ਦੂਜੇ ਦਿਨ ਪਠਾਨਕੋਟ ਰੋਡ ਪਿੰਡ ਬੁਲੰਦਪੁਰ ’ਤੇ ਲਾਏ ਗਏ ਨਾਕੇ ਦੌਰਾਨ ਏ. ਐੱਸ. ਆਈ. ਮੇਜਰ ਸਿੰਘ ਨੇ ਆਪਣੀ ਟੀਮ ਨਾਲ ਜਿਥੇ ਵਾਹਨ ਚਾਲਕਾਂ ਨੂੰ ਆਵਾਜਾਈ ਨਿਯਮਾਂ ਤੋਂ ਜਾਣੂ ਕਰਵਾਇਆ, ਉਥੇ ਹੀ ਟਰੈਫਿਕ ਰੂਲ ਤੋੜਨ ਵਾਲੇ ਚਾਲਕਾਂ ਦੇ ਚਲਾਨ ਵੀ ਕੱਟੇ। ਇਸ ਦੌਰਾਨ ਬਿਨਾਂ ਹੈਲਮੇਟ ਦੋਪਹੀਆ ਵਾਹਨ ਚਾਲਕ ਦਾ ਜਦੋਂ ਉਨ੍ਹਾਂ ਨੇ ਚਲਾਨ ਕੱਟਿਆ ਤਾਂ ਉਸ ਨੇ ਫੋਨ ’ਤੇ ਕਿਸੇ ਨਾਲ ਗੱਲ ਕਰਨ ਲਈ ਕਿਹਾ, ਜਿਸ ’ਤੇ ਮੇਜਰ ਸਿੰਘ ਨੇ ਉਸ ਨੂੰ ਨਸੀਹਤ ਦਿੱਤੀ ਕਿ ਤੁਸੀਂ ਲੋਕ ਕਿਸੇ ਰਸੂਖਦਾਰ ਤੋਂ ਫੋਨ ਕਰਵਾ ਕੇ ਪੁਲਸ ਤੋਂ ਤਾਂ ਬਚ ਜਾਓਗੇ ਪਰ ਜੇਕਰ ਭਗਵਾਨ ਨਾ ਕਰੇ ਕਿ ਕਿਤੇ ਤੁਹਾਡਾ ਕਿਸੇ ਵਾਹਨ ਨਾਲ ਐਕਸੀਡੈਂਟ ਹੋ ਗਿਆ ਤਾਂ ਤੁਹਾਨੂੰ ਯਮਰਾਜ ਤੋਂ ਕੌਣ ਬਚਾਏਗਾ। ਬਿਨਾਂ ਹੈਲਮੇਟ, ਬਿਨਾਂ ਸੀਟ ਬੈਲਟ, ਰੈੱਡ ਲਾਈਟ ਜੰਪ ਕਰਨ ਵਾਲੇ ਵਾਹਨ ਚਾਲਕਾਂ ਨੂੰ ਜ਼ਿੰਦਗੀ ਦੀ ਅਹਮੀਅਤ ਦੱਸੀ।

ਉਨ੍ਹਾਂ ਨੇ ਲੋਕਾਂ ਨੂੰ ਦੱਸਿਆ ਕਿ ਸਾਡੇ ਸ਼ਹਿਰ ਜਲੰਧਰ ’ਚ ਹੀ ਹਰ ਸਾਲ ਸੈਂਕੜੇ ਦੇ ਕਰੀਬ ਲੋਕ ਸੜਕ ਹਾਦਸਿਆਂ ’ਚ ਆਪਣੀਆਂ ਜਾਨਾਂ ਗੁਆ ਦਿੰਦੇ ਹਨ ਅਤੇ ਜ਼ਖ਼ਮੀ ਹੋਣ ਵਾਲਿਆਂ ਦੀ ਗਿਣਤੀ ਵੀ ਕਾਫ਼ੀ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਸੜਕ ਹਾਦਸਿਆਂ ਦਾ ਕਾਰਨ ਲੋਕਾਂ ਦਾ ਸੜਕ ਸੁਰੱਖਿਆ ਨਿਯਮਾਂ ’ਤੇ ਅਮਲ ਨਾ ਕਰਨਾ ਹੈ, ਹਾਦਸਿਆਂ ਤੋਂ ਬਚਣ ਲਈ ਪਰਿਵਾਰ ਦੇ ਮੈਂਬਰਾਂ, ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਖੁਦ ਹੀ ਅੱਗੇ ਆਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਕਈ ਵਾਰ ਵਾਹਨ ਚਾਲਕ ਦੀ ਗਲਤੀ ਨਾ ਹੋਣ ਕਾਰਨ ਵੀ ਸਾਹਮਣਿਓ ਜਾਂ ਪਿੱਛੋਂ ਆ ਰਹੇ ਵਾਹਨ ਵਲੋਂ ਟੱਕਰ ਮਾਰਨ ਕਾਰਨ ਚਾਲਕ ਦੀ ਮੌਤ ਹੋ ਜਾਂਦੀ ਹੈ ਜਾਂ ਗੰਭੀਰ ਸੱਟਾਂ ਲੱਗ ਜਾਂਦੀਆਂ ਹਨ। ਹਾਦਸੇ ’ਚ ਮੌਤ ਜਾਂ ਜ਼ਖ਼ਮੀ ਹੋਣ ਦਾ ਸਭ ਤੋਂ ਵੱਡਾ ਕਾਰਨ ਹੈਲਮੇਟ ਦਾ ਨਾ ਪਾਉਣਾ, ਰੈੱਡ ਲਾਈਟ ਜੰਪ ਜਾਂ ਮੋਟਰਸਾਈਕਲ ਨੂੰ ਓਵਰ ਸਪੀਡ ਨਾਲ ਚਲਾਉਣਾ ਆਦਿ ਹੈ।

ਲੋਕ ਆਪਣੀ ਜਾਨ ਦੀ ਕੀਮਤ ਨੂੰ ਸਮਝਣ : ਲੁਬਾਣਾ

ਕੁਲਦੀਪ ਸਿੰਘ ਲੁਬਾਣਾ ਨੇ ਲੋਕਾਂ ਨੂੰ ਇਹ ਸਲਾਹ ਦਿੱਤੀ ਕਿ ਉਨ੍ਹਾਂ ਦੀ ਜ਼ਿੰਦਗੀ ਪਰਿਵਾਰ ਲਈ ਬਹੁਤ ਕੀਮਤੀ ਹੈ ਅਤੇ ਉਹ ਆਪਣੀ ਜਾਨ ਦੀ ਕੀਮਤ ਨੂੰ ਸਮਝਣ। ਦੋਪਹੀਆ ਵਾਹਨ ਅਤੇ ਹੋਰ ਵਾਹਨਾਂ ਨੂੰ ਚਲਾਉਂਦੇ ਸਮੇਂ ਟਰੈਫਿਕ ਰੂਲਸ ਖਾਸਕਰ ਹੈਲਮੇਟ ਦੀ ਵਰਤੋਂ ਜ਼ਰੂਰ ਕਰੋ। ਇਸ ਦੇ ਨਾਲ-ਨਾਲ ਮਾਂ-ਬਾਪ ਆਪਣੇ ਬੱਚਿਆਂ ਨੂੰ ਵੀ ਹੈਲਮੇਟ ਪੁਆਉਣ ਅਤੇ ਟਰੈਫਿਕ ਰੂਲਸ ਨੂੰ ਫਾਲੋ ਕਰਨ ਨੂੰ ਕਹਿਣ।


shivani attri

Content Editor

Related News