ਚੋਰਾਂ ਨੇ ਬੈਂਕ 'ਚੋਂ ਉਡਾਏ ਲੱਖਾਂ ਰੁਪਏ

12/5/2019 1:50:58 AM

ਭੋਗਪੁਰ, (ਸੂਰੀ)- ਥਾਣਾ ਭੋਗਪੁਰ ਦੀ ਪੁਲਸ ਚੌਂਕੀ ਪਚਰੰਗਾ ਹੇਠ ਪੈਂਦੇ ਪਿੰਡ ਕੰਧਾਲਾ ਗੁਰੂ ਸਥਿਤ ਜਲੰਧਰ ਸੈਂਟਰਲ ਕੋਆਪਰੇਟਿਵ ਬੈਂਕ ਦੀ ਬਰਾਂਚ ਵਿਚ ਬੀਤੀ ਰਾਤ ਚੋਰਾਂ ਦੇ ਗਿਰੋਹ ਵੱਲੋਂ ਕਟਰ ਦੀ ਮਦਦ ਨਾਲ ਵੱਡੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਬੈਂਕ ਦੀ ਸੇਫ ਵਿਚ ਪਏ 12 ਲੱਖਾਂ 24 ਹਜ਼ਾਰ ਰੁਪਏ ਦੀ ਨਕਦੀ ਨੂੰ ਚੋਰੀ ਕਰ ਲਏ ਜਾਣ ਦੀ ਖਬਰ ਹੈ। ਇਸ ਵਾਰਦਾਤ ਦਾ ਪਤਾ ਉਸ ਸਮੇਂ ਲੱਗਾ ਜਦੋਂ ਬੈਂਕ ਦਾ ਸਟਾਫ ਬੁੱਧਵਾਰ ਸਵੇਰੇ ਬਰਾਂਚ ਦਾ ਗੇਟ ਖੋਲਣ ਲਈ ਪੁੱਜਾ। ਚੋਰਾਂ ਨੇ ਬੈਂਕ ਦੇ ਗੇਟ ਲਾਗੇ ਲੱਗੀ ਇਕ ਲੋਹੇ ਦੀ ਗਰਿਲ ਨੂੰ ਕੱਟਰ ਦੀ ਮੱਦਦ ਨਾਲ ਕੱਟ ਦਿੱਤਾ ਅਤੇ ਚੋਰ ਬੈਂਕ ਦੇ ਅੰਦਰ ਦਾਖਲ ਹੋ ਗਏ। ਚੋਰਾਂ ਨੇ ਬੈਂਕ ਦੇ ਸਟਰਾਂਗ ਰੂਮ ਦੇ ਦਰਵਾਜ਼ੇ ਦੀ ਉਪਰਲੇ ਹਿਸੇ ਦੀ ਦੀਵਾਰ ਨੂੰ ਤੋੜ ਦਿੱਤਾ ਅਤੇ ਚੋਰ ਸਟਰਾਂਗ ਰੂਮ ਵਿਚ ਪੁੱਜ ਗਏ। ਚੋਰਾਂ ਨੇ ਕੱਟਰ ਦੀ ਮਦਦ ਨਾਲ ਸਟਰਾਂਗ ਰੂਮ ਵਿਚ ਪਈ ਸੇਫ ਦੇ ਦਰਵਾਜ਼ੇ ਨੂੰ ਵੀ ਕੱਟ ਦਿੱਤਾ ਅਤੇ ਸੇਫ ਵਿਚ ਪਈ 12 ਲੱਖ 24 ਹਜ਼ਾਰ ਦੀ ਨਗਦੀ ਚੋਰੀ ਕਰ ਲਈ। ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਮੁਖੀ ਭੋਗਪੁਰ ਨਰੇਸ਼ ਜੋਸ਼ੀ ਅਤੇ ਪੁਲਸ ਚੌਂਕੀ ਪਚਰੰਗਾ ਦਾ ਸਟਾਫ ਬੈਂਕ ਵਿਚ ਪੁੱਜ ਗਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਵਾਰਦਾਤ ਸਬੰਧੀ ਜਾਣਕਾਰੀ ਦਿੰਦਿਆਂ ਬਰਾਂਚ ਪ੍ਰਬੰਧਕ ਸੁਖਦੇਵ ਰਾਜ ਵਰਮਾ ਨੇ ਦੱਸਿਆ ਹੈ ਕਿ ਉਨ੍ਹਾਂ ਵੱਲੋਂ ਮੰਗਲਵਾਰ ਬੈਂਕ ਦੇ ਲੈਣਦੇਣ ਬੰਦ ਕਰਨ ਉਪਰੰਤ 12 ਲੱਖ 24 ਹਜ਼ਾਰ ਰੁਪਏ ਦੀ ਨਕਦੀ ਬੈਂਕ ਦੇ ਸਟਰਾਂਗ ਰੂਮ ਅੰਦਰ ਪਈ ਸੇਫ ਵਿਚ ਰੱਖੀ ਗਈ ਸੀ। ਅੱਜ ਸਵੇਰੇ ਜਦੋਂ ਬੈਂਕ ਦਾ ਸੇਵਾਦਾਰ ਬੈਂਕ ਵਿਚ ਪੁੱਜਾ ਤਾਂ ਉਸ ਨੇ ਫੋਨ ਕਰਕੇ ਮੈਨੂੰ ਦੱਸਿਆ ਕਿ ਬੈਂਕ ਦੇ ਬਾਹਰ ਲੱਗੀ ਗਰਿਲ ਕਟਰ ਨਾਲ ਕੱਟੀ ਹੋਈ ਸੀ। ਸੂਚਨਾ ਮਿਲਣ ਤੇ ਮੈਂ ਖੁਦ ਬੈਂਕ ਵਿਚ ਪੁੱਜਾ। ਬੈਂਕ ਅੰਦਰ ਪੁੱਜਾ ਤਾਂ ਸਟਰਾਂਗ ਰੂਮ ਦੀ ਕੰਧ ਵੀ ਗੇਟ ਉਪਰੋਂ ਤੋੜੀ ਹੋਈ ਸੀ। ਉਨ੍ਹਾਂ ਵੱਲੋਂ ਇਸ ਵਾਰਦਾਤ ਸਬੰਧੀ ਤੁਰੰਤ ਭੋਗਪੁਰ ਪੁਲਸ ਨੂੰ ਸੂਚਨਾ ਦਿੱਤੀ ਗਈ। ਜਦੋਂ ਸਟਰਾਂਗ ਰੂਮ ਅੰਦਰ ਜਾ ਕੇ ਜਾਂਚ ਕੀਤੀ ਗਈ ਤਾਂ ਸਟਰਾਂਗ ਰੂਮ ਅੰਦਰ ਪਏ ਸੇਫ ਨੂੰ ਕੱਟ ਕੇ ਉਸ 'ਚੋਂ ਸਾਰੀ ਨਕਦੀ ਚੋਰੀ ਕੀਤੀ ਜਾ ਚੁੱਕੀ ਸੀ। ਮਾਮਲੇ ਦੀ ਜਾਂਚ ਲਈ ਸਬ ਡਵੀਜ਼ਨ ਆਦਮਪੁਰ ਦੇ ਏ.ਐਸ.ਪੀ. ਡਾ. ਅੰਕੁਰ ਗੁਪਤਾ ਮੌਕੇ ਤੇ ਪੁੱਜ ਚੁੱਕੇ ਸਨ।
ਜਾਂਚ ਜਾਰੀ ਹੈ ਜਲਦ ਫੜੇ ਜਾਣਗੇ ਦੋਸ਼ੀ- ਏ.ਐਸ.ਪੀ.
ਇਸ ਮਾਮਲੇ ਸਬੰਧੀ ਜਦੋਂ ਏ.ਐਸ.ਪੀ. ਅੰਕੁਰ ਗੁਪਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਲਈ ਫਿੰਗਰ ਪ੍ਰਿੰਟ ਮਾਹਰ, ਡਾਗ ਸਕਵੈਡ ਅਤੇ ਤਕਨੀਕੀ ਮਾਹਰਾਂ ਦੀ ਮਦਦ ਲਈ ਗਈ ਹੈ। ਬੈਂਕ ਅੰਦਰ ਲੱਗੇ ਸੀ.ਸੀ.ਟੀ.ਵੀ. ਫੁਟੇਜ਼ ਵੀ ਕਬਜ਼ੇ ਵਿਚ ਲਈ ਗਈ ਹੈ। ਫੁਟੇਜ਼ ਵਿਚ ਚਾਰ ਲੋਕਾਂ ਦੇ ਵਾਰਦਾਤ ਨੂੰ ਅੰਜਾਮ ਦਿੱਤੇ ਜਾਣ ਦੇ ਸਬੂਤ ਮਿਲੇ ਹਨ। ਜਾਂਚ ਜਾਰੀ ਹੈ, ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।


Bharat Thapa

Edited By Bharat Thapa