ਅਗਵਾ ਹੋਈ ਖੁਸ਼ੀ ਦਾ ਨਹੀਂ ਲੱਗਾ ਕੋਈ ਪਤਾ, ਇਕਲੌਤੇ ਭਰਾ ਦੀ ਵੀ ਹੋਈ ਮੌਤ

01/23/2019 12:51:07 AM

ਨੂਰਪੁਰਬੇਦੀ, (ਭੰਡਾਰੀ)- ਸਥਾਨਕ ਬੰਗਾਲਾ (ਗਰੀਬ) ਬਸਤੀ ਦੀ 10 ਦਿਨ ਪਹਿਲਾਂ ਅਗਵਾ ਹੋਈ ਖੁਸ਼ੀ ਨਾਮੀ 6 ਸਾਲਾ ਬੱਚੀ ਦੇ ਇਕਲੌਤੇ ਸਵਾ ਮਹੀਨੇ ਦੇ ਭਰਾ ਦੀ ਅੱਜ ਸਵੇਰੇ ਅਚਾਨਕ ਮੌਤ ਹੋ ਗਈ ਜਿਸ ਕਾਰਨ ਦੋਵੇਂ ਬੱਚਿਆਂ ਦੇ ਪਿਆਰ ਤੋਂ ਮਹਰੂਮ ਹੋ ਗਏ ਗਰੀਬ ਮਾਤਾ-ਪਿਤਾ ਦਾ ਰੋ-ਰੋ ਕੇ ਬੁਰਾ ਹਾਲ ਸੀ।
 ਜ਼ਿਕਰਯੋਗ ਹੈ ਕਿ ਲੋਹਡ਼ੀ ਦੀ ਰਾਤ 13 ਜਨਵਰੀ ਨੂੰ ਬਸਤੀ ’ਚ ਚੱਲ ਰਹੇ ਇਕ ਸਮਾਗਮ ਦੌਰਾਨ 6 ਸਾਲਾ ਬੱਚੀ ਖੁਸ਼ੀ ਪੁੱਤਰੀ ਸੰਜੀਤ ਅਚਾਨਕ ਲਾਪਤਾ ਹੋ ਗਈ ਸੀ। ਇਸ ’ਤੇ ਮਾਤਾ-ਪਿਤਾ ਵਲੋਂ ਬੱਚੀ ਨੂੰ ਅਗਵਾ ਕਰ ਲਏ ਜਾਣ ਦੇ ਜਤਾਏ ਗਏ ਸ਼ੱਕ ਦੇ ਆਧਾਰ ’ਤੇ ਪੁਲਸ ਨੇ ਨਾਮਾਲੂਮ ਵਿਅਕਤੀਆਂ ਖਿਲਾਫ਼ ਅਗਵਾ ਦਾ ਮਾਮਲਾ ਦਰਜ ਕਰ ਕੇ ਬੱਚੀ ਦੀ ਭਾਲ ਆਰੰਭ ਦਿੱਤੀ ਸੀ। ਭਾਵੇਂ 10 ਦਿਨਾਂ ਤੋਂ ਲਾਪਤਾ ਹੋਈ ਖੁਸ਼ੀ ਦਾ ਅਜੇ ਤਾਈਂ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ ਪਰ ਇਸ ਦੌਰਾਨ ਉਸ ਦੇ ਇਕਲੌਤੇ ਭਰਾ ਦੀ ਮੌਤ ਹੋ ਜਾਣ ਕਾਰਨ ਗਰੀਬ ਪਰਿਵਾਰ ’ਤੇ ਦੁੱਖਾਂ ਦਾ ਪਹਾਡ਼ ਟੁੱਟ ਪਿਆ ਹੈ। ਇਸ ਦੁੱਖ ਦੀ ਘਡ਼ੀ ’ਚ ਵੱਖ-ਵੱਖ ਸਥਾਨਾਂ ਤੋਂ ਪਹੁੰਚੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਕਤ ਜੋਡ਼ੇ ਵਲੋਂ ਦੋਵੇਂ ਬੱਚਿਆਂ ’ਚ ਸ਼ਾਮਲ ਅਗਵਾ ਹੋਈ ਖੁਸ਼ੀ ਤੇ ਸਵਾ ਮਹੀਨੇ ਦੇ ਬੱਚੇ ਕਬੀਰ ਨੂੰ ਆਪਣੇ ਸਹਾਰੇ ਲਈ ਅਲੱਗ-ਅਲੱਗ ਰਿਸ਼ਤੇਦਾਰਾਂ ਤੋਂ ਗੋਦ ਲਿਆ ਹੋਇਆ ਸੀ। ਬੱਚੇ ਦੀ ਮਾਤਾ ਰੀਟਾ ਦੇ ਪਿਤਾ ਰਫੀਕ ਨਾਥ, ਭਰਾ ਸੁਭਾਸ਼, ਮੰਡੀ ਅਹਿਮਦਗਡ਼੍ਹ ਤੋਂ ਪਹੁੰਚੇ ਜੀਜਾ ਰਫੀ ਤੇ ਹੁਸ਼ਿਆਰਪੁਰ ਤੋਂ ਪਹੁੰਚੇ ਜੀਜਾ ਕਿਸ਼ਨ ਨੇ ਦੱਸਿਆ ਕਿ ਮਾਤਾ-ਪਿਤਾ ਸਹਿਤ ਸਮੁੱਚੇ ਬਸਤੀ ਦੇ ਲੋਕ ਬੱਚੀ ਦੀ ਭਾਲ ’ਚ ਜੁਟੇ ਹੋਏ ਸਨ ਤੇ ਇਸ ਦੌਰਾਨ ਜ਼ਿਆਦਾ ਦੇਖਭਾਲ ਨਾ ਹੋਣ ਕਾਰਨ ਸਵਾ ਮਹੀਨੇ ਦਾ ਬੱਚਾ ਕਬੀਰ ਠੰਡ ਦੀ ਲਪੇਟ ’ਚ ਆਉਣ ਕਾਰਨ ਨਿਮੋਨੀਆ ਦਾ ਸ਼ਿਕਾਰ ਹੋ ਗਿਆ। ਇਸ ਦੌਰਾਨ ਉਸਨੂੰ ਇਲਾਜ ਲਈ ਕਈ ਹਸਪਤਾਲਾਂ ’ਚ ਦਿਖਾਉਣ ਉਪਰੰਤ ਪੀ.ਜੀ.ਆਈ. ਚੰਡੀਗਡ਼੍ਹ ਵਿਖੇ ਵੀ ਲਿਜਾਇਆ ਗਿਆ। ਪਰ ਬੱਚੇ ਦਾ ਨਿਮੋਨੀਆ ਵਿਗਡ਼ ਜਾਣ ਕਾਰਨ ਅੱਜ ਸਵੇਰੇ ਉਸ ਦੀ ਘਰ ’ਚ ਹੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਇਕ ਬੱਚੀ ਦੇ ਲਾਪਤਾ ਹੋਣ ਤੇ ਦੂਸਰੇ ਦੀ ਮੌਤ ਹੋ ਜਾਣ ਕਾਰਨ ਬੱਚਿਆਂ ਦੇ ਪਿਆਰ ਤੋਂ ਵਾਂਝੇ ਹੋਏ ਮਾਤਾ-ਪਿਤਾ ਨੂੰ ਪੁਲਸ ਪ੍ਰਸ਼ਾਸਨ ਪੁੱਛਗਿੱਛ ਦੇ ਨਾਂ ’ਤੇ ਤੰਗ-ਪ੍ਰੇਸ਼ਾਨ ਨਾ ਕਰੇ। ਮਿਹਨਤ-ਮਜ਼ਦੂਰੀ ਕਰ ਕੇ ਘਰ ਦਾ ਗੁਜ਼ਾਰਾ ਚਲਾਉਣ ਵਾਲੇ ਬੱਚੀ ਦੇ ਗਰੀਬ ਪਿਤਾ ਸੰਜੀਤ ਤੇ ਮਾਤਾ ਰੀਟਾ ਦਾ ਰੋ-ਰੋ ਕੇ ਬੁਰਾ ਹਾਲ ਸੀ।
 


Related News