ਜਲੰਧਰ ਸ਼ਹਿਰ ’ਚ ਡੇਂਗੂ ਫੈਲਣ ਦੇ ਪੂਰੇ-ਪੂਰੇ ਚਾਂਸ ਬਣੇ, ਸੜਕਾਂ ਕਿਨਾਰੇ ਕਈ-ਕਈ ਦਿਨ ਜਮ੍ਹਾ ਰਹਿੰਦੈ ਬਰਸਾਤ ਦਾ ਪਾਣੀ
Saturday, Jun 29, 2024 - 12:18 PM (IST)
ਜਲੰਧਰ ((ਖੁਰਾਣਾ)–ਕੁਝ ਸਾਲ ਪਹਿਲਾਂ ਡੇਂਗੂ ਵਰਗੀ ਨਾਮੁਰਾਦ ਬੀਮਾਰੀ ਨੇ ਜਲੰਧਰ ਵਿਚ ਖੂਬ ਕਹਿਰ ਵਰ੍ਹਾਇਆ ਸੀ, ਜਿਸ ਕਾਰਨ ਦਰਜਨਾਂ ਲੋਕ ਮੌਤ ਦੇ ਮੂੰਹ ਵਿਚ ਵੀ ਚਲੇ ਗਏ ਸਨ। ਉਸ ਦੇ ਬਾਅਦ ਡੇਂਗੂ ਨੂੰ ਲੈ ਕੇ ਸਰਕਾਰੀ ਤੌਰ ’ਤੇ ਅਹਿਤਿਆਤ ਤਾਂ ਬਹੁਤ ਵਰਤੀ ਜਾਂਦੀ ਹੈ ਪਰ ਅਸਲ ਵਿਚ ਜ਼ਮੀਨੀ ਪੱਧਰ ’ਤੇ ਇੰਨੀ ਕਾਰਵਾਈ ਨਹੀ ਹੁੰਦੀ, ਜਿੰਨਾ ਰੌਲਾ ਸਰਕਾਰੀ ਤੰਤਰ ਵੱਲੋਂ ਪਾਇਆ ਜਾਂਦਾ ਹੈ। ਮੰਨਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਡੇਂਗੂ ਦੇ ਮਾਮਲੇ ਵਿਚ ਵੱਖ-ਵੱਖ ਸਰਕਾਰੀ ਵਿਭਾਗਾਂ ਵੱਲੋਂ ਸਮੇਂ-ਸਮੇਂ ’ਤੇ ਖਾਨਾਪੂਰਤੀ ਕੀਤੀ ਜਾਂਦੀ ਹੈ, ਉਸ ਨਾਲ ਆਉਣ ਵਾਲੇ ਸਮੇਂ ਵਿਚ ਡੇਂਗੂ ਦੀ ਬੀਮਾਰੀ ਮਹਾਮਾਰੀ ਦੇ ਰੂਪ ਵਿਚ ਫੈਲ ਵੀ ਸਕਦੀ ਹੈ।
ਇਨ੍ਹਾਂ ਦਿਨਾਂ ਦੀ ਗੱਲ ਕਰੀਏ ਤਾਂ ਜਲੰਧਰ ਵਿਚ ਡੇਂਗੂ ਫੈਲਣ ਦੇ ਪੂਰੇ-ਪੂਰੇ ਚਾਂਸ ਬਣੇ ਹੋਏ ਹਨ ਕਿਉਂਕਿ ਇਥੇ ਰੋਡ-ਗਲੀਆਂ ਦੀ ਉਚਿਤ ਸਫ਼ਾਈ ਨਾ ਹੋਣ ਕਾਰਨ ਬਰਸਾਤੀ ਪਾਣੀ ਕਈ-ਕਈ ਦਿਨ ਸੜਕਾਂ ਦੇ ਕਿਨਾਰੇ ਜਮ੍ਹਾ ਰਹਿੰਦਾ ਹੈ, ਜਿਸ ਨੂੰ ਕੱਢਣ ਲਈ ਨਗਰ ਨਿਗਮ ਕੋਈ ਯਤਨ ਨਹੀਂ ਕਰਦਾ। ਸ਼ਹਿਰ ਵਿਚ ਦਰਜਨਾਂ ਮੇਨ ਸੜਕਾਂ ਅਜਿਹੀਆਂ ਹਨ, ਜਿੱਥੇ ਇਕ ਵਾਰ ਹੋਈ ਬਰਸਾਤ ਦਾ ਪਾਣੀ ਘੱਟੋ-ਘੱਟ ਹਫ਼ਤਾ ਭਰ ਖੜ੍ਹਾ ਰਹਿੰਦਾ ਹੈ ਅਤੇ ਹਾਲਾਤ ਇਥੋਂ ਤਕ ਬਣ ਚੁੱਕੇ ਹਨ ਕਿ ਸੜਕਾਂ ਦੇ ਉਸ ਹਿੱਸੇ ਵਿਚ ਹਰਿਆਲੀ ਤਕ ਜੰਮ ਚੁੱਕੀ ਹੈ, ਜਿੱਥੇ ਬਰਸਾਤੀ ਪਾਣੀ ਖੜ੍ਹਾ ਰਹਿਣ ਦੀਆਂ ਜ਼ਿਆਦਾ ਘਟਨਾਵਾਂ ਹੁੰਦੀਆਂ ਹਨ।
ਇਹ ਵੀ ਪੜ੍ਹੋ- ਛੁੱਟੀ 'ਤੇ ਆਏ ਫ਼ੌਜੀ ਦੀ ਸੂਏ 'ਚੋਂ ਮਿਲੀ ਗਲੀ-ਸੜੀ ਲਾਸ਼, ਪੁੱਤ ਨੂੰ ਇਸ ਹਾਲ 'ਚ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ
ਕਈ ਸਾਲਾਂ ਤੋਂ ਸਹੀ ਢੰਗ ਨਾਲ ਨਹੀਂ ਹੋ ਰਹੀਆਂ ਰੋਡ-ਗਲੀਆਂ ਦੀ ਸਫ਼ਾਈ
ਦਰਅਸਲ ਪਿਛਲੇ ਕਈ ਸਾਲਾਂ ਤੋਂ ਜਲੰਧਰ ਵਿਚ ਸੜਕ ਕਿਨਾਰੇ ਬਣੀਆਂ ਉਨ੍ਹਾਂ ਰੋਡ-ਗਲੀਆਂ ਦੀ ਸਹੀ ਢੰਗ ਨਾਲ ਸਫ਼ਾਈ ਨਹੀਂ ਹੋ ਰਹੀ, ਜਿੱਥੋਂ ਬਰਸਾਤ ਦਾ ਪਾਣੀ ਨਿਕਲ ਕੇ ਸੀਵਰ ਲਾਈਨਾਂ ਵਿਚ ਜਾਂਦਾ ਹੈ। ਇਹ ਦਿੱਕਤ ਕਾਂਗਰਸ ਸਰਕਾਰ ਦੇ ਸਮੇਂ ਸ਼ੁਰੂ ਹੋਈ ਸੀ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਵਿਚ ਵੀ ਇਹੀ ਸਮੱਸਿਆ ਆ ਰਹੀ ਹੈ। ਇਸ ਸਥਿਤੀ ਤੋਂ ਬਚਣ ਲਈ ਸ਼ਹਿਰ ਦੀਆਂ ਸੜਕਾਂ ਦੇ ਕਿਨਾਰਿਓਂ ਮਿੱਟੀ ਚੁੱਕਣ ਦੀ ਲੋੜ ਹੈ ਪਰ ਅਜੇ ਤਕ ਅਜਿਹੀ ਕੋਈ ਮੁਹਿੰਮ ਨਹੀਂ ਚਲਾਈ ਗਈ ਅਤੇ ਵਧੇਰੇ ਰੋਡ-ਗਲੀਆਂ ਤਾਂ ਮਿੱਟੀ ਦੇ ਹੇਠਾਂ ਵੀ ਦੱਬੀਆਂ ਹੋਈਆਂ ਹਨ। ਵਧੇਰੇ ਰੋਡ-ਗਲੀਆਂ ਦੇ ਉੱਪਰ ਮਿੱਟੀ-ਮਲਬਾ ਪਿਆ ਰਹਿੰਦਾ ਹੈ, ਜਿਸ ਨੂੰ ਕੋਈ ਨਹੀਂ ਚੁੱਕਦਾ।
ਹਰ ਸੀਜ਼ਨ ’ਚ ਹੁੰਦੀ ਹੈ ਡਾਕਟਰਾਂ ਦੀ ਚਾਂਦੀ
ਇਨ੍ਹੀਂ ਦਿਨੀਂ ਜਲੰਧਰ ਵਿਚ ਸਾਫ਼-ਸਫ਼ਾਈ ਦੇ ਹਾਲਾਤ ਜ਼ਿਆਦਾ ਵਧੀਆ ਨਹੀਂ ਹਨ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਇੰਤਜ਼ਾਮ ਵੀ ਨਾਂਹ ਦੇ ਬਰਾਬਰ ਹਨ, ਜਿਸ ਕਾਰਨ ਡੇਂਗੂ ਦੇ ਇਲਾਵਾ ਹੋਰ ਬੀਮਾਰੀਆਂ ਵੀ ਪੈਦਾ ਹੋਣੀਆਂ ਸ਼ੁਰੂ ਹੋ ਗਈਆਂ ਹਨ। ਜ਼ਿਕਰਯੋਗ ਹੈ ਕਿ ਇਨ੍ਹੀਂ ਦਿਨੀਂ ਵਾਇਰਲ ਬੁਖਾਰ, ਅੰਤੜੀਆਂ ਦੀ ਬੀਮਾਰੀ, ਪੇਟ ਦੀ ਇਨਫੈਕਸ਼ਨ, ਪੀਲੀਆ ਅਤੇ ਚਮੜੀ ਦੀਆਂ ਬੀਮਾਰੀਆਂ ਦੇ ਕੇਸ ਡਾਕਟਰਾਂ ਕੋਲ ਆਉਣੇ ਸ਼ੁਰੂ ਹੋ ਗਏ ਹਨ। ਸ਼ਹਿਰ ਦੇ ਕਈ ਹਿੱਸੇ ਅਜਿਹੇ, ਜਿਥੇ ਬਰਸਾਤ ਦੇ ਇਲਾਵਾ ਸੀਵਰੇਜ ਦਾ ਪਾਣੀ ਵੀ ਗਲੀਆਂ ਵਿਚ ਖੜ੍ਹਾ ਰਹਿੰਦਾ ਹੈ। ਅਜਿਹੇ ਇਲਾਕਿਆਂ ਦੇ ਲੋਕ ਪਿਛਲੇ ਲੰਮੇ ਸਮੇਂ ਤੋਂ ਬੰਦ ਸੀਵਰੇਜ ਸਬੰਧੀ ਸ਼ਿਕਾਇਤਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਰ ਰਹੇ ਹਨ ਪਰ ਲੋਕਾਂ ਦੀ ਸੁਣਵਾਈ ਨਹੀਂ ਹੋ ਰਹੀ। ਭਾਰਗਵ ਕੈਂਪ, ਬਸਤੀ ਬਾਵਾ ਖੇਲ, ਬਸਤੀ ਪੀਰਦਾਦ, ਬਸਤੀ ਸ਼ੇਖ, ਬਸਤੀ ਗੁਜ਼ਾਂ ਅਤੇ ਕਿਸ਼ਨਪੁਰਾ ਵਰਗੇ ਇਲਾਕਿਆਂ ਵਿਚ ਸੀਵਰੇਜ ਸਮੱਸਿਆ ਕਾਫੀ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ। ਸੰਜੇ ਗਾਂਧੀ ਨਗਰ, ਗਾਂਧੀ ਕੈਂਪ ਅਤੇ ਰਾਮ ਨਗਰ ਵਿਚ ਵੀ ਸੀਵਰ ਸਮੱਸਿਆ ਦਾ ਹੱਲ ਨਹੀਂ ਨਿਕਲ ਪਾ ਰਿਹਾ। ਸਿਹਤ ਵਿਭਾਗ ਦੀ ਗੱਲ ਕਰੀਏ ਤਾਂ ਉਹ ਵੀ ਪ੍ਰਭਾਵਿਤ ਇਲਾਕੇ ਵਿਚ ਜਾ ਕੇ ਕੈਂਪ ਲਾਉਣ ਅਤੇ ਕਲੋਰੀਨ ਦੀਆਂ ਗੋਲੀਆਂ ਆਦਿ ਵੰਡਣ ਦੀ ਖਾਨਾਪੂਰਤੀ ਕਰਦਾ ਰਹਿੰਦਾ ਹੈ ਪਰ ਇਸ ਸਥਿਤੀ ਤੋਂ ਬਚਣ ਲਈ ਸਿਹਤ ਵਿਭਾਗ ਨੇ ਵੀ ਅਜੇ ਤਕ ਕੁਝ ਨਹੀਂ ਕੀਤਾ।
ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ, ਬਾਰਿਸ਼ ਦਾ ਅਲਰਟ ਜਾਰੀ, ਜਾਣੋ ਅਗਲੇ ਦਿਨਾਂ ਦਾ ਹਾਲ
ਸਮੇਂ-ਸਮੇਂ ’ਤੇ ਹੋਣਾ ਚਾਹੀਦੈ ਫੌਗਿੰਗ ਅਤੇ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ
ਨਗਰ ਨਿਗਮ ਦੇ ਸੈਨੀਟੇਸ਼ਨ ਅਤੇ ਹੈਲਥ ਵਿਭਾਗ ਕੋਲ 2000 ਤੋਂ ਵੱਧ ਕਰਮਚਾਰੀਆਂ ਦੀ ਫੌਜ ਅਤੇ 200 ਤੋਂ ਵੱਧ ਗੱਡੀਆਂ ਇਸ ਬ੍ਰਾਂਚ ਕੋਲ ਹਨ। ਇਹ ਬ੍ਰਾਂਚ ਚਾਹੇ ਤਾਂ ਸ਼ਹਿਰ ਵਿਚ ਫੌਗਿੰਗ ਅਤੇ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਸਮੇਂ-ਸਮੇਂ ’ਤੇ ਕੀਤਾ ਜਾ ਸਕਦਾ ਹੈ ਪਰ ਸਾਲ ਵਿਚ 15-20 ਦਿਨ ਹੀ ਫੌਗਿੰਗ ਕਰਵਾਈ ਜਾਂਦੀ ਹੈ ਅਤੇ ਉਸ ਤੋਂ ਬਾਅਦ ਸਾਰਾ ਸਾਲ ਫੌਗਿੰਗ ਸਬੰਧੀ ਮਸ਼ੀਨਰੀ ਨੂੰ ਜੰਗਾਲ ਲੱਗਦਾ ਰਹਿੰਦਾ ਹੈ। ਇਨ੍ਹੀਂ ਦਿਨੀਂ ਪ੍ਰੀ-ਮਾਨਸੂਨ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਪਰ ਨਗਰ ਨਿਗਮ ਨੇ ਅਜੇ ਤਕ ਫੌਗਿੰਗ ਦਾ ਸ਼ਡਿਊਲ ਜਾਰੀ ਨਹੀਂ ਕੀਤਾ ਹੈ।
ਅੰਦਰੂਨੀ ਬਾਜ਼ਾਰਾਂ ਦੇ ਸੀਵਰ ਕਈ ਸਾਲਾਂ ਤੋਂ ਸਾਫ ਹੀ ਨਹੀਂ ਹੋਏ : ਹਰਬੰਸ ਲਾਲ ਅਰੋੜਾ
ਕਰਿਆਨਾ ਡੀਲਰਜ਼ ਐਸੋਸੀਏਸ਼ਨ ਦੇ ਚੇਅਰਮੈਨ ਹਰਬੰਸ ਲਾਲ ਅਰੋੜਾ ਨੇ ਦੋਸ਼ ਲਾਇਆ ਕਿ ਪਿਛਲੇ ਕਈ ਸਾਲਾਂ ਤੋਂ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵਿਚ ਸਥਿਤ ਸੀਵਰ ਲਾਈਨਾਂ ਦੀ ਸਫਾਈ ਹੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਅਟਾਰੀ ਬਾਜ਼ਾਰ, ਚੌਕ ਕਾਦੇ ਸ਼ਾਹ, ਪੀਰ ਬੋਦਲਾਂ ਬਾਜ਼ਾਰ ਤੋਂ ਲੈ ਕੇ ਰੈਣਕ ਬਾਜ਼ਾਰ, ਸ਼ੇਖਾਂ ਬਾਜ਼ਾਰ, ਨਯਾ ਬਾਜ਼ਾਰ ਅਤੇ ਆਲੇ-ਦੁਆਲੇ ਦੇ ਇਕ ਵੱਡੇ ਇਲਾਕੇ ਵਿਚ ਸੀਵਰ ਸਮੱਸਿਆ ਬਣੀ ਰਹਿੰਦੀ ਹੈ। ਨਗਰ ਨਿਗਮ ਦੇ ਕਰਮਚਾਰੀ ਇਸ ਸਮੱਸਿਆ ਦਾ ਆਰਜ਼ੀ ਹੱਲ ਤਾਂ ਕੱਢ ਦਿੰਦੇ ਹਨ ਪਰ ਅਜੇ ਤਕ ਜੰਗੀ ਪੱਧਰ ’ਤੇ ਸੀਵਰ ਲਾਈਨਾਂ ਦੀ ਕਦੀ ਸਫ਼ਾਈ ਨਹੀਂ ਹੋਈ। ਹਰਬੰਸ ਲਾਲ ਅਰੋੜਾ ਨੇ ਕਿਹਾ ਕਿ ਇਨ੍ਹੀਂ ਦਿਨੀਂ ਗਰਮੀ ਦੀਆਂ ਛੁੱਟੀਆਂ ਕਾਰਨ ਵੱਖ-ਵੱਖ ਬਾਜ਼ਾਰਾਂ ਦੀਆਂ ਦੁਕਾਨਾਂ ਬੰਦ ਹਨ। ਨਗਰ ਨਿਗਮ ਲਈ ਇਹ ਸਭ ਤੋਂ ਸਹੀ ਸਮਾਂ ਹੈ ਕਿ ਪੂਰੀ ਮਸ਼ੀਨਰੀ ਲਾ ਕੇ ਅੰਦਰੂਨੀ ਬਾਜ਼ਾਰਾਂ ਦੀਆਂ ਲਾਈਨਾਂ ਨੂੰ ਸਾਫ ਕੀਤਾ ਜਾਵੇ ਤਾਂ ਕਿ ਸਮੱਸਿਆ ਦਾ ਪੱਕਾ ਹੱਲ ਨਿਕਲ ਸਕੇ, ਨਹੀਂ ਤਾਂ ਆਉਣ ਵਾਲੀਆਂ ਬਰਸਾਤਾਂ ਵਿਚ ਇਨ੍ਹਾਂ ਬਾਜ਼ਾਰਾਂ ਦੀਆਂ ਦੁਕਾਨਾਂ ਡੁੱਬ ਸਕਦੀਆਂ ਹਨ।
ਇਹ ਵੀ ਪੜ੍ਹੋ- ਸ੍ਰੀ ਕੀਰਤਪੁਰ ਸਾਹਿਬ 'ਚ ਵਾਪਰੇ ਸੜਕ ਹਾਦਸੇ ਨੇ ਵਿਛਾ ਦਿੱਤੇ ਸੱਥਰ, ਭੈਣ ਨੂੰ ਮਿਲਣ ਜਾ ਰਹੇ ਨੌਜਵਾਨ ਦੀ ਦਰਦਨਾਕ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।