ਗੁਰਦੁਆਰਾ ਸਾਹਿਬ ਦੀ ਗੋਲਕ ’ਚੋਂ ਚੜ੍ਹਾਵਾ ਚੋਰੀ, ਚੋਰ CCTV ’ਚ ਕੈਦ
Saturday, Mar 26, 2022 - 03:17 PM (IST)

ਜਲੰਧਰ (ਮਹੇਸ਼)-ਮੁਹੱਲਾ ਕੋਟ ਰਾਮਦਾਸ ਆਬਾਦੀ ਦੇ ਸ੍ਰੀ ਗੁਰੂ ਰਵਿਦਾਸ ਮੰਦਿਰ ਕਮਿਊਨਿਟੀ ਸੈਂਟਰ (ਗੁਰਦੁਆਰਾ ਸਾਹਿਬ) ਦੀ ਗੋਲਕ ਤੋੜ ਕੇ ਹਜ਼ਾਰਾਂ ਦਾ ਚੜ੍ਹਾਵਾ ਲੈ ਕੇ ਚੋਰ ਫਰਾਰ ਹੋ ਗਏ। ਗੋਲਕ ’ਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਤੋਂ ਲੈ ਕੇ ਹੁਣ ਤੱਕ ਦਾ ਚੜ੍ਹਾਵਾ ਸੀ। ਚੋਰੀ ਦੀ ਸੂਚਨਾ ਮਿਲਦੇ ਹੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਇੰਜੀਨੀਅਰ ਸੁਖਵਿੰਦਰ ਸਿੰਘ, ਉਪ ਪ੍ਰਧਾਨ ਰਾਜਿੰਦਰ ਕੁਮਾਰ, ਕੈਸ਼ੀਅਰ ਨੰਬਰਦਾਰ ਹਰੀ ਦਾਸ, ਚਮਨ ਲਾਲ, ਜਸਵਿੰਦਰ ਕੁਮਾਰ, ਮਨਮੋਹਣ ਲਾਲ, ਰਵੀ ਦੱਤ, ਗ੍ਰੰਥੀ ਬਲਵਿੰਦਰ ਸਿੰਘ ਗੁਰਦੁਆਰਾ ਸਾਹਿਬ ਪਹੁੰਚੇ ਅਤੇ ਚੋਰੀ ਦੀ ਸੂਚਨਾ ਥਾਣਾ ਰਾਮਾ ਮੰਡੀ ਦੀ ਪੁਲਸ ਨੂੰ ਦਿੱਤੀ। ਕਮੇਟੀ ਨੇ ਦੱਸਿਆ ਕਿ ਚੋਰੀ ਹੋਏ ਚੜ੍ਹਾਵੇ ਦੀ ਰਕਮ 30 ਹਜ਼ਾਰ ਤੋਂ ਜ਼ਿਆਦਾ ਸੀ। ਮੌਕੇ ’ਤੇ ਪਹੁੰਚੀ ਥਾਣਾ ਰਾਮਾ ਮੰਡੀ ਦੀ ਪੁਲਸ ਵੱਲੋਂ ਜਾਂਚ ਸ਼ੁਰੂ ਕੀਤੀ ਗਈ। ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਖੰਗਾਲਣ ’ਤੇ ਇਕ ਚੋਰ ਉਸ ਵਿਚ ਕੈਦ ਪਾਇਆ ਗਿਆ ਹੈ।
ਇਹ ਵੀ ਪੜ੍ਹੋ : ਰਾਜ ਸਭਾ ਮੈਂਬਰਾਂ ਨੂੰ ਲੈ ਕੇ ਉੱਠ ਰਹੇ ਸਵਾਲਾਂ ’ਤੇ ‘ਆਪ’ ਵਿਧਾਇਕ ਗੁਰਮੀਤ ਖੁੱਡੀਆਂ ਦਾ ਵੱਡਾ ਬਿਆਨ (ਵੀਡੀਓ)
ਪ੍ਰਧਾਨ ਇੰਜੀਨੀਅਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਚੋਰ ਗੁਰਦੁਆਰਾ ਸਾਹਿਬ ਦੀ ਕੰਧ ਟੱਪ ਕੇ ਅੰਦਰ ਦਾਖਲ ਹੋਏ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਗੁਰਦੁਆਰਾ ਸਾਹਿਬ ਵਿਚ ਹੋ ਚੁੱਕੀਆਂ ਚੋਰੀਆਂ ਸਬੰਧੀ ਉਹ ਏ. ਸੀ. ਪੀ. ਸੈਂਟਰਲ ਅਤੇ ਐੱਸ. ਐੱਚ. ਓ. ਰਾਮਾ ਮੰਡੀ ਨੂੰ ਲਿਖਤੀ ਤੌਰ ’ਤੇ ਜਾਣੂ ਕਰਵਾ ਚੁੱਕੇ ਹਨ ਤੇ ਕਈ ਵਾਰ ਮਿਲ ਵੀ ਚੁੱਕੇ ਹਨ ਪਰ ਕੋਈ ਵੀ ਕਾਰਵਾਈ ਨਾ ਹੋਣ ਕਾਰਨ ਚੋਰਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ। ਉਨ੍ਹਾਂ ਨੇ ਇਸ ਗੱਲ ਦਾ ਵੀ ਡਰ ਜ਼ਾਹਿਰ ਕੀਤਾ ਕਿ ਆਉਣ ਵਾਲੇ ਸਮੇਂ ’ਚ ਕਿਤੇ ਬੇਅਦਬੀ ਵਰਗੀ ਘਟਨਾ ਨਾ ਹੋ ਜਾਵੇ। ਇਸ ਲਈ ਪਹਿਲਾਂ ਹੋਈਆਂ ਚੋਰੀਆਂ ਤੇ ਹੁਣ 24-25 ਮਾਰਚ ਦੀ ਦਰਮਿਆਨੀ ਰਾਤ ਨੂੰ ਹੋਈ ਚੋਰੀ ਨੂੰ ਜਲਦ ਤੋਂ ਜਲਦ ਟਰੇਸ ਕੀਤਾ ਜਾਵੇ।