ਭੋਗਪੁਰ ਦੀ ਟਰੈਵਲ ਏਜੰਟ ਤੇ ਉਸਦੇ ਤਿੰਨ ਸਾਥੀਆਂ ਖਿਲਾਫ ਠੱਗੀ ਦਾ ਮਾਮਲਾ ਦਰਜ

01/12/2019 7:24:38 AM

ਭੋਗਪੁਰ,  (ਸੂਰੀ)- ਭੋਗਪਰ ਦੀ ਏਜੰਟ ਦੀ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਵੱਲੋਂ ਐੱਸ. ਐੱਸ. ਪੀ. ਜਲੰਧਰ ਦਿਹਾਤੀ ਨੂੰ ਦਿੱਤੀਅਾਂ ਗਈਆਂ ਪੰਜ ਸ਼ਿਕਾਇਤਾਂ ਦੀ ਜਾਂਚ ਕਰਨ ਉਪਰੰਤ ਉਕਤ  ਔਰਤ ਏਜੰਟ ਅਤੇ ਉਸ ਦੇ ਤਿੰਨ ਹੋਰ ਸਾਥੀਆਂ ਖਿਲਾਫ ਥਾਣਾ ਭੋਗਪੁਰ ਵਿਚ ਠੱਗੀ ਦਾ ਮਾਮਲਾ ਦਰਜ ਕੀਤਾ ਗਿਆ ਹੈ। 
ਇਸ  ਏਜੰਟ ਅਤੇ ਉਸ ਦੇ ਸਾਥੀਆਂ ਦੀ ਠੱਗੀ ਦਾ ਸ਼ਿਕਾਰ ਹੋਏ ਬਿਕਰਮਜੀਤ ਸਿੰਘ ਪੁੱਤਰ ਭਜਨਜੀਤ ਸਿੰਘ ਵਾਸੀ ਆਲਮਪੁਰ ਬੱਕਾ, ਹਰਦੀਪ ਸਿੰਘ ਅਤੇ ਰਾਜੇਸ਼ ਕੁਮਾਰ ਦੋਨੋਂ ਪੁੱਤਰ ਗੁਰਮੀਤ ਸਿੰਘ ਵਾਸੀ ਇੱਬਣ ਥਾਣਾ ਸਦਰ ਕਪੂਰਥਲਾ, ਮੰਗਤ ਰਾਮ ਪੁੱਤਰ ਦਰਸ਼ਨ ਰਾਮ ਵਾਸੀ ਜਲਾਲਪੁਰ ਥਾਣਾ ਟਾਂਡਾ ਅਤੇ ਬਲਵੀਰ ਸਿੰਘ ਪੁੱਤਰ ਮੁਨਸ਼ੀ ਰਾਮ ਵਾਸੀ ਜਲਾਲਪੁਰ ਥਾਣਾ ਟਾਂਡਾ ਵੱਲੋਂ ਭੋਗਪੁਰ ਵਿਚ ਏਜੰਟ ਦਾ ਦਫਤਰ ਚਲਾ ਰਹੀ ਸੁਰਿੰਦਰ ਕੌਰ ਉਰਫ ਭੋਲੇ ਪੁੱਤਰੀ ਗੁਰਦੇਵ ਸਿੰਘ ਉਰਫ ਕਾਲਾ ਰਾਮ ਵਾਸੀ ਪਿੰਡ ਬੁੱਟਰਾਂ ਖਿਲਾਫ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਮਾਰੇ ਜਾਣ ਦੀਆਂ ਵੱਖ ਵੱਖ ਸ਼ਿਕਾਇਤਾਂ ਦਿੱਤੀਆਂ ਗਈਆਂ ਸਨ। ਐੱਸ. ਐੱਸ. ਪੀ. ਦਫਤਰ ਵੱਲੋਂ ਇਨ੍ਹਾਂ ਸ਼ਿਕਾਇਤਾਂ ਦੀ ਜਾਂਚ ਇੰਚਾਰਜ ਆਰਥਿਕ ਅਪਰਾਧ ਸ਼ਾਖਾ ਜਲੰਧਰ ਨੂੰ ਦਿੱਤੀ ਗਈ ਸੀ। ਜਾਂਚ ਅਧਿਕਾਰੀ ਨੇ ਆਪਣੀ ਜਾਂਚ ਰਿਪੋਰਟ ’ਚ ਲਿਖਿਆ ਹੈ ਕਿ ਬਿਕਰਮਜੀਤ ਸਿੰਘ, ਹਰਦੀਪ ਸਿੰਘ, ਰਾਜੇਸ਼ ਕੁਮਾਰ, ਮੰਗਤ ਰਾਮ ਅਤੇ ਬਲਵੀਰ ਸਿੰਘ ਨੇ ਆਪਣੀਆਂ ਵੱਖ-ਵੱਖ ਸ਼ਿਕਾਇਤਾਂ ਭੋਗਪੁਰ ਦੀ ਟ੍ਰੈਵਲ ਏਜੰਟ ਸੁਰਿੰਦਰ ਕੌਰ ਉਰਫ਼ ਭੋਲੇ (ਜੋ ਕਿ ਭੋਗਪੁਰ  ਵਿਚ ‘ਮਾਂ ਜੈ ਲਕਸ਼ਮੀ ਟਰੇਡ ਟੈਸਟ ਸੈਂਟਰ’ ਆਦਮਪੁਰ ਰੋਡ ਨਜ਼ਦੀਕ ਰੇਲਵੇ ਫਾਟਕ ਭੋਗਪੁਰ ਵਿਚ ਟਰੈਵਲ ਏਜੰਟ ਦਾ ਕਾਰੋਬਾਰ ਕਰਦੀ ਸੀ) ਨੇ ਠੱਗੀ ਦਾ ਸ਼ਿਕਾਰ ਹੋਏ ਬਿਕਰਮਜੀਤ ਸਿੰਘ ਤੋਂ ਡੇਢ ਲੱਖ, ਹਰਦੀਪ ਸਿੰਘ ਤੋਂ ਡੇਢ ਲੱਖ, ਰਾਜੇਸ਼ ਕੁਮਾਰ ਤੋਂ ਡੇਢ ਲੱਖ, ਮੰਗਤ ਰਾਮ ਤੋਂ ਅੱਸੀ ਹਜ਼ਾਰ ਅਤੇ ਬਲਵੀਰ ਸਿੰਘ ਤੋਂ ਡੇਢ ਲੱਖ ਰੁਪਏ ਅਤੇ ਉਨ੍ਹਾਂ ਦੇ ਪਾਸਪੋਰਟ ਜਾਰਡਨ ਭੇਜਣ ਦੇ ਨਾਂ ’ਤੇ ਲਏ ਸਨ।
 ਜਾਂਚ ਅਧਿਕਾਰੀਆਂ ਨੇ ਜਦੋਂ ਸੁਰਿੰਦਰ ਕੌਰ ਖਿਲਾਫ ਦੀ ਜਾਂਚ ਸ਼ੁਰੂ ਕੀਤੀ ਤਾਂ ਸੁਰਿੰਦਰ ਕੌਰ ਨੇ ਮੰਨਿਆ ਕਿ ਉਸ ਕੋਲ ਟਰੈਵਲ ਏਜੰਟੀ ਕਾਰੋਬਾਰ ਸਬੰਧੀ ਕੋਈ ਵੀ ਲਾਇਸੈਂਸ ਨਹੀਂ ਹੈ। ਸੁਰਿੰਦਰ ਕੌਰ ਨੇ ਅਾਪਣੇ ਬਿਆਨਾਂ ਵਿਚ ਇਹ ਵੀ ਕਿਹਾ ਹੈ ਕਿ ਉਹ ਟਰੈਵਲ ਏਜੰਟ ਦਾ ਕਾਰੋਬਾਰ ਅਮਨ ਟਰੈਵਲ ਏਜੰਸੀ ਫਗਵਾਡ਼ਾ ਅਧੀਨ ਕਰਦੀ ਹੈ ਪਰ ਇਸ ਏਜੰਸੀ ਦਾ ਇਸ ਠੱਗੀ ਦੇ ਮਾਮਲੇ ’ਚ ਕੋਈ ਰੋਲ ਸਾਹਮਣੇ ਨਹੀਂ ਆਇਆ ਹੈ। ਜਾਂਚ ਵਿਚ ਸਾਹਮਣੇ ਆਇਆ ਕਿ ਇਸ  ਔਰਤ ਏਜੰਟ ਦੇ ਨਾਲ ਜਸ਼ਨਦੀਪ ਕੌਰ ਉਰਫ ਅੰਜਲੀ ਪੁੱਤਰੀ ਸੁਖਦੇਵ ਲਾਲ ਵਾਸੀ ਪੱਜੋਦਿੱਤਾ ਥਾਣਾ ਬੁੱਲੋਵਾਲ, ਲਖਵੀਰ ਉਰਫ ਵਿੱਕੀ ਪੁੱਤਰ ਕਰਤਾਰ ਉਰਫ ਵਿਜੈ ਕੁਮਾਰ ਵਾਸੀ ਦਿਆਲਪੁਰ ਅਤੇ ਸੁਖਦੇਵ ਰਾਜ ਉਰਫ ਸੁੱਖਾ ਪੁੱਤਰ ਜਗਤਾਰ ਸਿੰਘ ਵਾਸੀ ਮੁਹੱਲਾ ਰਵਿਦਾਸਪੁਰਾ ਭੋਗਪੁਰ ਵੀ ਇਸ  ਗਿਰੋਹ ’ਚ ਸ਼ਾਮਲ ਹਨ ਅਤੇ ਰਲ-ਮਿਲ ਕੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਂਦੇ ਹਨ। ਇਸ ਏਜੰਟ ਖਿਲਾਫ਼ ਜਾਂਚ ਪੂਰੀ ਹੋਣ ਤੋਂ ਬਾਅਦ ਭੋਗਪੁਰ ਪੁਲਸ ਨੂੰ ਸੁਰਿੰਦਰ ਕੌਰ ਉਰਫ਼ ਭੋਲੇ, ਜਸ਼ਨਦੀਪ ਕੌਰ ਅੰਜਲੀ, ਸੁਖਦੇਵ ਰਾਜ ਅਤੇ ਲਖਵੀਰ ਉਰਫ ਵਿੱਕੀ  ਖ਼ਿਲਾਫ਼ ਮਾਮਲਾ ਦਰਜ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਪੁਲਸ ਨੇ ਚਾਰਾਂ ਦੋਸ਼ੀਆਂ ਖਿਲਾਫ਼ ਥਾਣਾ ਭੋਗਪੁਰ ਵਿਚ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਮਾਮਲੇ ਦੇ ਤਫਤੀਸ਼ੀ ਅਫਸਰ ਹਰਦੀਪ ਸਿੰਘ ਨੇ ਦੱਸਿਆ ਹੈ ਕਿ ਦੋਸ਼ੀਆਂ ਨੂੰ ਕਾਬੂ ਕਰਨ ਲਈ ਲਗਾਤਾਰ ਰੇਡ ਕੀਤੇ ਜਾ ਰਹੇ ਹਨ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। 


Related News