ਸੰਡੇ ਫਡ਼੍ਹੀ ਮਾਰਕੀਟ ਉਜਾਡ਼ੀ ਗਈ ਤਾਂ ਬੇਰੋਜ਼ਗਾਰ ਹੋਣਗੇ 100 ਤੋਂ ਵੱਧ ਨੌਜਵਾਨ

Tuesday, Jan 22, 2019 - 05:19 AM (IST)

ਸੰਡੇ ਫਡ਼੍ਹੀ ਮਾਰਕੀਟ ਉਜਾਡ਼ੀ ਗਈ ਤਾਂ ਬੇਰੋਜ਼ਗਾਰ ਹੋਣਗੇ 100 ਤੋਂ ਵੱਧ ਨੌਜਵਾਨ

ਹੁਸ਼ਿਆਰਪੁਰ, (ਘੁੰਮਣ)- ਪਿਛਲੇ ਕਾਫੀ ਸਮੇਂ ਤੋਂ ਘੰਟਾਘਰ ਤੋਂ ਵਾਲਮੀਕਿ ਚੌਕ ਤੱਕ ਫਡ਼੍ਹੀਆਂ ਲਾਉਣ ਵਾਲੇ ਬੇਰੋਜ਼ਗਾਰ ਨੌਜਵਾਨ ਸੰਡੇ ਮਾਰਕੀਟ ਲਾ ਕੇ ਆਪਣੀ ਰੋਜ਼ੀ-ਰੋਟੀ ਚਲਾ ਰਹੇ ਹਨ, ਜਿਨ੍ਹਾਂ ਨੂੰ  ਉਜਾਡ਼ਨ ਲਈ ਨਿਗਮ ਪ੍ਰਸ਼ਾਸਨ ਵੱਲੋਂ ਬਕਾਇਦਾ ਅਨਾਊਂਸਮੈਂਟ ਕਰਵਾਉਣ ਤੋਂ ਬਾਅਦ ਉਨ੍ਹਾਂ ’ਚ ਭਾਜੜ ਮਚ ਗਈ ਹੈ। 100 ਤੋਂ ਵੱਧ ਬੇਰੋਜ਼ਗਾਰ ਨੌਜਵਾਨ ਪਿਛਲੇ ਕਈ ਸਾਲਾਂ ਤੋਂ ਐਤਵਾਰ ਵਾਲੇ ਦਿਨ ਇਥੇ ਫਡ਼੍ਹੀਆਂ ਲਾ ਕੇ ਆਪਣੇ ਪਰਿਵਾਰਾਂ ਦਾ ਪੇਟ ਪਾਲ ਰਹੇ ਹਨ। 
ਫਡ਼੍ਹੀਆਂ ਵਾਲਿਆਂ ਦਾ ਇਕ ਵਫ਼ਦ ਰੋਹਿਤ ਕੌਸ਼ਲ ਦੀ ਅਗਵਾਈ ’ਚ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਨੂੰ ਮਿਲਿਆ ਅ ਤੇ ਦੱਸਿਆ ਕਿ ਫਡ਼੍ਹੀਆਂ  ਲਾਉਣ  ਵਾਲੇ ਸਾਰੇ ਨੌਜਵਾਨ ਬੇਰੋਜ਼ਗਾਰ ਹਨ। ਸਰਕਾਰ ਨੇ ਉਨ੍ਹਾਂ ਨੂੰ ਨੌਕਰੀ ਤਾਂ ਕੀ ਦੇਣੀ ਸੀ, ਖੁਦ  ਮਿਹਨਤ ਕਰ ਕੇ ਕੰਮ ਕਰਨ ਵਾਲਿਆਂ ਦੇ ਢਿੱਡ ’ਤੇ ਵੀ ਪ੍ਰਸ਼ਾਸਨ ਲੱਤ ਮਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਐਤਵਾਰ ਨੂੰ ਵੀ ਇਸ ਬਾਜ਼ਾਰ ’ਚ ਬਾਕੀ ਦਿਨਾਂ ਵਾਂਗ ਵੱਡੇ ਵਾਹਨਾਂ ਦੀ ਆਵਾਜਾਈ ਬੰਦ ਰੱਖੀ ਜਾਵੇ ਤਾਂ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਆਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਸਿਆਸੀ ਖੇਤਰ ਦੇ ਪ੍ਰਭਾਵਸ਼ਾਲੀ ਵਿਅਕਤੀਆਂ ਕਾਰਨ ਹੀ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਦਕਿ ਬਾਕੀ ਬਾਜ਼ਾਰਾਂ ਵਿਚ ਫਡ਼੍ਹੀ ਵਾਲਿਆਂ ਖਿਲਾਫ਼ ਕੋਈ ਅਨਾਊਂਸਮੈਂਟ ਨਹੀਂ ਹੋਈ। ਅਜਿਹੀ ਹੀ ਸੰਡੇ ਮਾਰਕੀਟ ਸਾਰੇ ਸ਼ਹਿਰਾਂ ਵਿਚ ਲੱਗਦੀ ਹੈ ਅਤੇ ਹੁਸ਼ਿਆਰਪੁਰ ’ਚ ਵੀ ਇਹ ਕਾਫੀ ਸਾਲਾਂ ਤੋਂ  ਲੱਗਦੀ ਆ ਰਹੀ ਹੈ। 
ਨਗਰ ਨਿਗਮ ਖਿਲਾਫ਼ ਕੀਤੀ ਨਾਅਰੇਬਾਜ਼ੀ
ਇਸ ਦੌਰਾਨ ਫਡ਼੍ਹੀਆਂ  ਲਾਉਣ ਵਾਲੇ ਨੌਜਵਾਨਾਂ ਨੇ ਨਗਰ ਨਿਗਮ ਦੇ ਉਕਤ ਫੈਸਲੇ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਸ਼੍ਰੀ ਸੂਦ ਨੇ ਯੂਨੀਅਨ ਦੇ ਵਫ਼ਦ ਦੀ ਗੱਲ ਧਿਆਨ ਨਾਲ ਸੁਣੀ ਅਤੇ ਕਿਹਾ ਕਿ ਇਸ ਮਾਮਲੇ ’ਚ ਪ੍ਰਸ਼ਾਸਨ ਨਾਲ  ਗੱਲ ਕਰ ਕੇ ਹੱਲ ਕੱਢਿਆ ਜਾਵੇਗਾ। ਉਨ੍ਹਾਂ ਫਡ਼੍ਹੀ ਯੂਨੀਅਨ ਦੇ ਵਫਦ ਨੂੰ  ਕਿਹਾ ਕਿ ਉਹ ਵੀ ਸਡ਼ਕ ’ਤੇ ਸਾਮਾਨ ਫੈਲਾਉਣ ਦੀ ਬਜਾਏ ਸੀਮਤ ਜਗ੍ਹਾ ’ਚ ਲਾਉਣ ਤਾਂ ਜੋ ਆਵਾਜਾਈ ਸੁਚਾਰੂ ਰੂਪ ’ਚ ਚੱਲਦੀ ਰਹੇ। ਇਸ ਮੌਕੇ ਭਾਜਪਾ ਪੱਛਮੀ ਮੰਡਲ ਦੇ ਜਨਰਲ ਸਕੱਤਰ ਸੰਜੂ ਅਰੋਡ਼ਾ, ਰੋਹਿਤ, ਰਮਨ ਸੋਨੀ, ਆਸ਼ੂ, ਅਨੂ, ਬਾਬੂ, ਯਸ਼ਪਾਲ ਸ਼ਰਮਾ, ਰਾਮਦੇਵ ਯਾਦਵ ਆਦਿ ਵੀ ਮੌਜੂਦ ਸਨ।


Related News