ਦੁਬਈ ’ਚ ਬੈਠ ਫੇਸਬੁੱਕ ’ਤੇ ਇਤਰਾਜ਼ਯੋਗ ਪੋਸਟਾਂ ਪਾ ਰਿਹਾ ਸੀ ਸ਼ਖ਼ਸ, ਟਾਰਗੇਟ 'ਤੇ ਰਾਜਨੇਤਾ ਸਣੇ ਨੇ ਇਹ ਲੋਕ
Monday, Oct 03, 2022 - 06:11 PM (IST)

ਕਪੂਰਥਲਾ (ਭੂਸ਼ਣ, ਮਲਹੋਤਰਾ)-ਸ਼ਹਿਰ ਦੇ ਪ੍ਰਮੁੱਖ ਵਿਅਕਤੀਆਂ ਨੂੰ ਫੇਸਬੁੱਕ ਤੋਂ ਧਮਕੀਆਂ ਦੇਣ ਅਤੇ ਇਤਰਾਜ਼ਯੋਗ ਸ਼ਬਦ ਲਿਖ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰਨ ਦੇ ਮਾਮਲੇ ’ਚ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਇਕ ਮੁਲਜ਼ਮ ਖਿਲਾਫ ਧਾਰਾ 66-ਸੀ, 66-ਡੀ, 67, 500 ਤੇ 506 ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਪਵਨ ਧੀਰ ਪੁੱਤਰ ਸ਼ਿਵ ਦਰਸ਼ਨ ਲਾਲ ਧੀਰ ਵਾਸੀ ਜਲੌਖਾਨਾ ਕੰਪਲੈਕਸ ਕਪੂਰਥਲਾ ਨੇ ਐੱਸ. ਐੱਸ. ਪੀ. ਕਪੂਰਥਲਾ ਨਵਨੀਤ ਸਿੰਘ ਬੈਂਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਹ ਪਿਛਲੇ 25 ਸਾਲਾਂ ਤੋਂ ਭਾਜਪਾ ਪਾਰਟੀ ਨਾਲ ਜੁੜਿਆ ਹੋਇਆ ਹੈ ਅਤੇ ਪੂਰੀ ਮਿਹਨਤ ਅਤੇ ਲਗਨ ਨਾਲ ਆਪਣੀ ਪਾਰਟੀ ਦੀ ਸੇਵਾ ਕਰ ਰਿਹਾ ਹੈ। ਸਾਲ 2008 ’ਚ ਉਹ ਕੌਂਸਲਰ ਚੁਣਿਆ ਗਿਆ ਸੀ, ਜਿਸ ਤੋਂ ਬਾਅਦ ਫਰਵਰੀ 2015 ’ਚ ਉਸ ਦੀ ਭਾਬੀ ਰੀਨਾ ਧੀਰ ਕੌਂਸਲਰ ਬਣੇ ਸੀ, ਜਿਸ ਤੋਂ ਬਾਅਦ ਉਹ ਸਾਲ 2020 ’ਚ ਹੋਏ ਵਾਰਡ ਨੰਬਰ 44 ਦੀਆਂ ਐੱਮ. ਸੀ. ਚੋਣਾਂ ’ਚ ਹਾਰ ਗਿਆ ਸੀ। ਉਸ ਦਾ ਸ਼ਹਿਰ ਅਤੇ ਪਾਰਟੀ ’ਚ ਪੂਰਾ ਮਾਨ-ਸਨਮਾਨ ਬਣਿਆ ਹੋਇਆ ਸੀ।
ਇਹ ਵੀ ਪੜ੍ਹੋ: ਪੰਜਾਬ ’ਚ ਭ੍ਰਿਸ਼ਟਾਚਾਰੀਆਂ ਖ਼ਿਲਾਫ਼ ਹੋਈ ਸਖ਼ਤ ਕਾਰਵਾਈ, ਹੁਣ ਗੁਜਰਾਤ ਵੀ ਬਦਲਾਅ ਦੇ ਰਾਹ ’ਤੇ: ਭਗਵੰਤ ਮਾਨ
ਪਵਨ ਧੀਰ ਨੇ ਕਿਹਾ ਕਿ ਪਿਛਲੇ ਦਿਨੀਂ ਨੀਰਜ ਚੋਪੜਾ ਨਾਮੀ ਵਿਅਕਤੀ ਨੇ ਆਪਣੀ ਫੇਸਬੁੱਕ ਆਈ. ਡੀ. ਤੋਂ ਉਸ ਦਾ ਅਕਸ ਖ਼ਰਾਬ ਕਰਨ ਦੀ ਨੀਅਤ ਨਾਲ ਉਸ ਖ਼ਿਲਾਫ਼ ਗਲਤ ਪੋਸਟਾਂ ਪਾਈਆਂ, ਜਿਸ ’ਚ ਉਸ ਨੂੰ ਰਾਜਨੀਤਿਕ ਤੌਰ ’ਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਉਸ ਖ਼ਿਲਾਫ਼ ਗਲਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ, ਜਦਕਿ ਉਕਤ ਮੁਲਜ਼ਮ ਨੀਰਜ ਚੋਪੜਾ ਉਸ ਦੇ ਮੋਬਾਇਲ, ਫੇਸਬੁੱਕ ਨਾਲ ਜੁੜਿਆ ਹੋਇਆ ਨਹੀਂ ਹੈ। ਉਸ ਨੂੰ ਨਹੀਂ ਪਤਾ ਕਿ ਇਹ ਪੋਸਟ ਪਾਉਣ ਵਾਲਾ ਵਿਅਕਤੀ ਕੌਣ ਹੈ। ਉਨ੍ਹਾਂ ਕਿਹਾ ਕਿ ਉਕਤ ਮੁਲਜ਼ਮ ਨੇ ਦੋਬਾਰਾ ਫਿਰ ਉਸ ਦੀ ਪੋਸਟ ਪਾਈ, ਜਿਸ ’ਚ ਇਸ ਨੇ ਫਿਰ ਤੋਂ ਕਾਫ਼ੀ ਇਤਰਾਜ਼ਯੋਗ ਗੱਲਾਂ ਲਿਖੀਆਂ, ਜਦਕਿ ਉਸ ਦਾ ਅਜਿਹੀਆਂ ਗੱਲਾਂ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਉਕਤ ਵਿਅਕਤੀ ਨੀਰਜ ਚੋਪੜਾ ਨੇ ਜਾਣਬੁੱਝ ਕੇ ਉਸ ਦਾ ਅਕਸ ਖ਼ਰਾਬ ਕਰਨ ਅਤੇ ਬਦਨਾਮ ਕਰਨ ਦੀ ਸਾਜ਼ਿਸ਼ ਤਿਆਰ ਕੀਤੀ ਹੈ ਤਾਂ ਜੋ ਉਸ ਦੀ ਨਾਲ ਦੁਸ਼ਮਣੀ ਪੈ ਜਾਵੇ, ਜਿਸ ਕਾਰਨ ਉਸ ਨੇ ਇਨਸਾਫ਼ ਲਈ ਐੱਸ. ਐੱਸ. ਪੀ. ਦੇ ਮੂਹਰੇ ਗੁਹਾਰ ਲਗਾਈ।
ਐੱਸ. ਐੱਸ. ਪੀ. ਨੇ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡੀ. ਐੱਸ. ਪੀ. ਹੋਮੋਸਾਈਡ ਤੇ ਫੋਰੈਂਸਿਕ ਹਰਵਿੰਦਰ ਸਿੰਘ ਭੱਲਾ ਨੂੰ ਪੂਰੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ। ਜਾਂਚ ਦੌਰਾਨ ਮੁਲਜ਼ਮ ਨੀਰਜ ਚੋਪੜਾ ਦੇ ਖ਼ਿਲਾਫ਼ ਲੱਗੇ ਸਾਰੇ ਇਲਜ਼ਾਮ ਸਹੀ ਪਾਏ ਗਏ, ਜਿਸ ਦੇ ਆਧਾਰ ’ਤੇ ਇਹ ਖ਼ੁਲਾਸਾ ਹੋਇਆ ਕਿ ਮੁਲਜ਼ਮ ਨੀਰਜ ਚੋਪੜਾ ਦੁਬਈ ’ਚ ਬੈਠ ਕੇ ਫੇਸਬੁੱਕ ਆਈ. ਡੀ. ਚਲਾ ਰਿਹਾ ਹੈ ਅਤੇ ਵੱਡੀ ਗਿਣਤੀ ’ਚ ਸ਼ਹਿਰ ਦੇ ਮੋਹਤਬਰ ਵਿਅਕਤੀਆਂ ਜਿਸ ’ਚ ਰਾਜਨੇਤਾ, ਵਪਾਰੀ ਅਤੇ ਮੀਡੀਆ ਜਗਤ ਨਾਲ ਜੁੜੇ ਲੋਕ ਸ਼ਾਮਲ ਹਨ, ਨੂੰ ਟਾਰਗੈੱਟ ਕਰਕੇ ਉਨ੍ਹਾਂ ਖ਼ਿਲਾਫ਼ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਇਤਰਾਜ਼ਯੋਗ ਪੋਸਟਾਂ ਪਾ ਰਿਹਾ ਹੈ, ਜਿਸ ਨੂੰ ਲੈ ਕੇ ਕਪੂਰਥਲਾ ਪੁਲਸ ਦੇ ਕੋਲ ਵੱਡੀ ਗਿਣਤੀ ’ਚ ਉਕਤ ਮੁਲਜ਼ਮ ਖ਼ਿਲਾਫ ਸ਼ਿਕਾਇਤਾਂ ਪਈਆਂ ਹਨ। ਜਿਸ ਦੇ ਆਧਾਰ ’ਤੇ ਮੁਲਜ਼ਮ ਖ਼ਿਲਾਫ਼ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ: ਦੇਸ਼ ਪੱਧਰੀ ਸਰਵੇਖਣ ’ਚ 154ਵੇਂ ਰੈਂਕ ’ਤੇ ਆਇਆ ਜਲੰਧਰ ਸ਼ਹਿਰ, ਸਵੱਛਤਾ ਰੈਂਕਿੰਗ ’ਚ 7 ਅੰਕਾਂ ਦਾ ਸੁਧਾਰ
ਮੁਲਜ਼ਮ ਨਾਲ ਜੁੜੇ ਸਾਰੇ ਵਿਅਕਤੀਆਂ ਦੀ ਹੋਵੇਗੀ ਜਾਂਚ: ਐੱਸ. ਐੱਸ. ਪੀ.
ਇਸ ਸਬੰਧ ’ਚ ਜਦੋਂ ਐੱਸ. ਐੱਸ. ਪੀ. ਕਪੂਰਥਲਾ ਨਵਨੀਤ ਸਿੰਘ ਬੈਂਸ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਫੇਸਬੁੱਕ ’ਤੇ ਕਿਸੇ ਦੇ ਖ਼ਿਲਾਫ਼ ਇਤਰਾਜ਼ਯੋਗ ਪੋਸਟਾਂ ਪਾਉਣ ਦਾ ਕੋਈ ਹੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਜ਼ਿਲਾ ਪੁਲਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਐੱਸ. ਪੀ. (ਡੀ.) ਹਰਵਿੰਦਰ ਸਿੰਘ ਦੀ ਨਿਗਰਾਨੀ ’ਚ ਇਕ ਵਿਸ਼ੇਸ਼ ਟੀਮ ਬਣਾ ਦਿੱਤੀ ਹੈ। ਜਲਦੀ ਹੀ ਉਕਤ ਮੁਲਜ਼ਮ ਨਾਲ ਜੁੜੇ ਉਸ ਦੇ ਸਾਥੀਆਂ ਦੀ ਭੂਮਿਕਾ ਦੇ ਸਬੰਧ ’ਚ ਬਾਰੀਕੀ ਨਾਲ ਜਾਂਚ ਹੋਵੇਗੀ ਤਾਂ ਜੋ ਪੂਰੀ ਸਾਜਿਸ਼ ਦਾ ਖ਼ੁਲਾਸਾ ਹੋ ਸਕੇ।
ਇਹ ਵੀ ਪੜ੍ਹੋ: ਅਕਾਲੀ ਦਲ ਬਚਾਉਣਾ ਤਾਂ ਭਰਿਆ ਮੇਲਾ ਛੱਡ ਕੇ ਪਾਸੇ ਹੋ ਜਾਣ ਸੁਖਬੀਰ ਸਿੰਘ ਬਾਦਲ: ਕਿਰਨਬੀਰ ਸਿੰਘ ਕੰਗ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ