ਇੰਪਰੂਵਮੈਂਟ ਟਰੱਸਟ 300 ਦੇ ਲਗਭਗ ਕੇਸ ਹਾਰਿਆ, 130 ਕੇਸਾਂ ਦੇ ਫ਼ੈਸਲਿਆਂ ਦੇ ਬਾਵਜੂਦ ਨਹੀਂ ਦੇ ਰਿਹਾ 42 ਕਰੋੜ ਰੁਪਏ ਦੀ ਦੇਣਦਾਰੀ

Sunday, Jul 21, 2024 - 11:21 AM (IST)

ਇੰਪਰੂਵਮੈਂਟ ਟਰੱਸਟ 300 ਦੇ ਲਗਭਗ ਕੇਸ ਹਾਰਿਆ, 130 ਕੇਸਾਂ ਦੇ ਫ਼ੈਸਲਿਆਂ ਦੇ ਬਾਵਜੂਦ ਨਹੀਂ ਦੇ ਰਿਹਾ 42 ਕਰੋੜ ਰੁਪਏ ਦੀ ਦੇਣਦਾਰੀ

ਜਲੰਧਰ (ਚੋਪੜਾ)–ਜਲੰਧਰ ਇੰਪਰੂਵਮੈਂਟ ਟਰੱਸਟ ਵੱਖ-ਵੱਖ ਸਕੀਮਾਂ ਵਿਚ ਫ਼ੈਲੇ ਭ੍ਰਿਸ਼ਟਾਚਾਰ ਅਤੇ ਹੋਈਆਂ ਧਾਂਦਲੀਆਂ ਕਾਰਨ ਆਰਥਿਕ ਤੰਗੀ ਅਤੇ ਬਦਹਾਲੀ ਨਾਲ ਜੂਝ ਰਿਹਾ ਹੈ। ਹਾਲਾਤ ਇੰਨੇ ਬਦਤਰ ਹੋ ਚੁੱਕੇ ਹਨ ਕਿ ਟਰੱਸਟ ਦਾ ਇਸ ਚੁੰਗਲ ਵਿਚੋਂ ਨਿਕਲਣਾ ਨਾਂਹ ਦੇ ਬਰਾਬਰ ਲੱਗ ਰਿਹਾ ਹੈ ਕਿਉਂਕਿ ਟਰੱਸਟ ਨੂੰ ਘੁਣ ਵਾਂਗ ਖਾ ਚੁੱਕੇ ਭ੍ਰਿਸ਼ਟ ਅਧਿਕਾਰੀਆਂ ਅਤੇ ਮਾਫ਼ੀਆ ਦਾ ਨੈਕਸਸ ਅਜੇ ਵੀ ਟੁੱਟ ਨਹੀਂ ਰਿਹਾ। ਟਰੱਸਟ ਲਈ ਸਭ ਤੋਂ ਵੱਡੀ ਆਫ਼ਤ ਵੱਖ-ਵੱਖ ਸਕੀਮਾਂ ਦੇ ਅਲਾਟੀਆਂ ਵੱਲੋਂ ਆਪਣੇ ਨਾਲ ਹੋਈ ਧੋਖਾਦੇਹੀ ਸਬੰਧੀ ਵੱਖ-ਵੱਖ ਅਦਾਲਤਾਂ ਵਿਚ ਟਰੱਸਟ ਖ਼ਿਲਾਫ਼ ਕੀਤੇ ਕੇਸਾਂ ਦੇ ਫ਼ੈਸਲਿਆਂ ਨੂੰ ਲੈ ਕੇ ਹੈ। ਨੈਸ਼ਨਲ, ਸਟੇਟ ਅਤੇ ਜ਼ਿਲ੍ਹਾ ਖ਼ਪਤਕਾਰ ਵਿਵਾਦ ਨਿਪਟਾਊ ਕਮਿਸ਼ਨ ਦੇ ਫ਼ੈਸਲਿਆਂ ਮੁਤਾਬਕ ਟਰੱਸਟ ਦੇ ਸਿਰ ਅੱਜ ਲਗਭਗ 42 ਕਰੋੜ ਰੁਪਏ ਦੀ ਬਕਾਇਆ ਦੇਣਦਾਰੀ ਖੜ੍ਹੀ ਹੋਈ ਹੈ।

ਅਲਾਟੀਆਂ ਵੱਲੋਂ ਬੈਂਕਾਂ ਤੋਂ ਕਰਜ਼ਾ ਲੈ ਕੇ ਅਤੇ ਆਪਣੀ ਜ਼ਿੰਦਗੀ ਭਰ ਦੀ ਜਮ੍ਹਾ ਪੂੰਜੀ ਟਰੱਸਟ ਨੂੰ ਆਪਣੇ ਸੁਪਨਿਆਂ ਦੇ ਘਰ ਨੂੰ ਹਾਸਲ ਕਰਨ ਖਾਤਰ ਜਮ੍ਹਾ ਕਰਵਾਉਣ ਦੇ ਬਾਵਜੂਦ ਕਈ ਸਾਲਾਂ ਬਾਅਦ ਵੀ ਉਨ੍ਹਾਂ ਨੂੰ ਅਲਾਟ ਹੋਏ ਪਲਾਟ/ਫਲੈਟ ਦਾ ਕਬਜ਼ਾ ਤਕ ਨਹੀਂ ਮਿਲ ਪਾ ਰਿਹਾ ਅਤੇ ਨਾ ਹੀ ਟਰੱਸਟ ਕੇਸ ਦੇ ਫ਼ੈਸਲੇ ਮੁਤਾਬਕ ਅਲਾਟੀਆਂ ਨੂੰ ਉਨ੍ਹਾਂ ਦਾ ਬਣਦਾ ਬਕਾਇਆ ਅਦਾ ਕਰ ਪਾ ਰਿਹਾ ਹੈ, ਜਿਸ ਕਾਰਨ ਟਰੱਸਟ ਦੀਆਂ ਦੇਣਦਾਰੀਆਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਟਰੱਸਟ ਵੱਲੋਂ ਉਨ੍ਹਾਂ ਦੀ ਜ਼ਿੰਦਗੀ ਭਰ ਦੀ ਜਮ੍ਹਾ ਪੂੰਜੀ ਨਾ ਮੋੜਨ ਤੋਂ ਨਾਰਾਜ਼ ਅਲਾਟੀ ਇਕ ਵਾਰ ਫਿਰ ਤੋਂ ਟਰੱਸਟ ਖ਼ਿਲਾਫ਼ ਸੰਘਰਸ਼ ਸ਼ੁਰੂ ਕਰਨ ਜਾ ਰਹੇ ਹਨ। ਇਸ ਸਬੰਧ ਵਿਚ ਬੀਬੀ ਭਾਨੀ ਕੰਪਲੈਕਸ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਦਰਸ਼ਨ ਸਿੰਘ ਆਹੂਜਾ ਨੇ ਦੱਸਿਆ ਕਿ ਟਰੱਸਟ ਵਿਚ ਪਿਛਲੇ 2 ਦਹਾਕਿਆਂ ਵਿਚ ਜਿੰਨੇ ਵੀ ਚੇਅਰਮੈਨ ਬਣੇ ਹਨ, ਉਨ੍ਹਾਂ ਨੇ ਗਲਤ ਪਾਲਿਸੀਆਂ ਬਣਾ ਕੇ ਟਰੱਸਟ ਨੂੰ ਭਾਰੀ ਵਿੱਤੀ ਨੁਕਸਾਨ ਪਹੁੰਚਾਇਆ ਹੈ ਜਾਂ ਟਰੱਸਟ ਨੂੰ ਜੰਮ ਕੇ ਲੁੱਟਿਆ ਹੈ। ਇਹੀ ਵਜ੍ਹਾ ਹੈ ਕਿ ਟਰੱਸਟ ਜ਼ਮੀਨ ਤੋਂ ਉੱਠਣ ਦੀ ਬਜਾਏ ਲਗਾਤਾਰ ਧਰਤੀ ਵਿਚ ਧਸਦਾ ਜਾ ਰਿਹਾ ਹੈ। ਆਹੂਜਾ ਨੇ ਦੱਸਿਆ ਕਿ ਟਰੱਸਟ ਦੇ ਖ਼ਿਲਾਫ਼ ਕੀਤੇ ਕੇਸਾਂ ਵਿਚੋਂ 300 ਦੇ ਲੱਗਭਗ ਕੇਸਾਂ ਦੇ ਫ਼ੈਸਲੇ ਅਲਾਟੀਆਂ ਦੇ ਪੱਖ ਵਿਚ ਆ ਚੁੱਕੇ ਹਨ ਅਤੇ ਅੱਜ ਵੀ 140 ਦੇ ਲਗਭਗ ਅਲਾਟੀਆਂ ਦੀ ਦੇਣਦਾਰੀ ਬਕਾਇਆ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਟਰੱਸਟ ਦੇ ਖ਼ਿਲਾਫ਼ 350 ਕੇਸ ਪੈਂਡਿੰਗ ਚੱਲ ਰਹੇ ਹਨ, ਜਿਨ੍ਹਾਂ ਦਾ ਫ਼ੈਸਲਾ ਵੀ ਅਗਲੇ ਮਹੀਨਿਆਂ ਵਿਚ ਆ ਜਾਵੇਗਾ। ਆਹੂਜਾ ਨੇ ਕਿਹਾ ਕਿ ਟਰੱਸਟ ਦੇ ਚੇਅਰਮੈਨ ਅਤੇ ਈ. ਓ. ਖ਼ਿਲਾਫ਼ ਵੱਖ-ਵੱਖ ਕੇਸਾਂ ਵਿਚ 170 ਗੈਰ-ਜ਼ਮਾਨਤੀ ਵਾਰੰਟ ਜਾਰੀ ਹੋ ਚੁੱਕੇ ਹਨ ਪਰ ਅਧਿਕਾਰੀਆਂ ਦੇ ਕੰਨ ’ਤੇ ਜੂੰ ਤਕ ਨਹੀਂ ਸਰਕ ਰਹੀ। ਉਨ੍ਹਾਂ ਕਿਹਾ ਕਿ ਕਮਿਸ਼ਨ ਨੇ 45 ਦਿਨਾਂ ਵਿਚ ਭੁਗਤਾਨ ਨਾ ਹੋਣ ’ਤੇ ਟਰੱਸਟ ਨੂੰ 9 ਦੀ ਬਜਾਏ 12 ਫ਼ੀਸਦੀ ਵਿਆਜ ਅਦਾ ਕਰਨ ਤਕ ਦੇ ਹੁਕਮ ਜਾਰੀ ਕਰ ਦਿੱਤੇ ਹਨ।

ਇਹ ਵੀ ਪੜ੍ਹੋ-  ਜ਼ਿਮਨੀ ਚੋਣ ’ਚ ਕੀਤੇ ਸਾਰੇ ਵਾਅਦੇ ਪੂਰੇ ਹੋਣਗੇ : ਭਗਵੰਤ ਮਾਨ

ਉਨ੍ਹਾਂ ਕਿਹਾ ਕਿ ਅੱਜ ਦਰਜਨਾਂ ਅਲਾਟੀ ਟਰੱਸਟ ਤੋਂ ਇਨਸਾਫ਼ ਲੈਣ ਦੀ ਲੜਾਈ ਵਿਚ ਆਪਣੀਆਂ ਜ਼ਿੰਦਗੀਆਂ ਗੁਆ ਚੁੱਕੇ ਹਨ ਅਤੇ ਸੈਂਕੜੇ ਸੀਨੀਅਰ ਸਿਟੀਜ਼ਨ ਇਸ ਉਮੀਦ ਵਿਚ ਲੜਾਈ ਲੜ ਰਹੇ ਹਨ ਕਿ ਸ਼ਾਇਦ ਜ਼ਿੰਦਗੀ ਜੀਅ ਉਨ੍ਹਾਂ ਨੂੰ ਆਪਣਾ ਘਰ ਜਾਂ ਉਨ੍ਹਾਂ ਵੱਲੋਂ ਜਮ੍ਹਾ ਕਰਵਾਈ ਪ੍ਰਿੰਸੀਪਲ ਅਮਾਊਂਟ ਉਨ੍ਹਾਂ ਨੂੰ ਵਾਪਸ ਮਿਲ ਜਾਵੇ। ਉਨ੍ਹਾਂ ਕਿਹਾ ਕਿ ਅਲਾਟੀਆਂ ਨੂੰ ਉਮੀਦ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਨੂੰ ਇਨਸਾਫ਼ ਮਿਲੇਗਾ ਅਤੇ ਕਰੋੜਾਂ ਰੁਪਏ ਦਾ ਗਬਨ ਕਰਨ ਵਾਲੇ ਅਧਿਕਾਰੀਆਂ ਅਤੇ ਉਨ੍ਹਾਂ ਦੇ ਆਕਾਵਾਂ ਨੂੰ ਜੇਲ ਦੀਆਂ ਸੀਖਾਂ ਪਿੱਛੇ ਧੱਕ ਕੇ ਉਨ੍ਹਾਂ ਨੂੰ ਬਣਦੀ ਅਦਾਇਗੀ ਕਰਵਾਈ ਜਾਵੇਗੀ ਪਰ ‘ਆਪ’ ਦੀ ਸਰਕਾਰ ਨੂੰ ਬਣਿਆਂ ਵੀ ਢਾਈ ਸਾਲ ਹੋ ਚੁੱਕੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ।

ਉਨ੍ਹਾਂ ਕਿਹਾ ਕਿ ਵੱਖ-ਵੱਖ ਸਕੀਮਾਂ ਦੇ ਅਲਾਟੀਆਂ ਵੱਲੋਂ ਕਰੋੜਾਂ ਦੀ ਅਦਾਇਗੀ ਲੈਣ ਲਈ ਟਰੱਸਟ ਦੇ ਮੌਜੂਦਾ ਚੇਅਰਮੈਨ ਜਗਤਾਰ ਿਸੰਘ ਸੰਘੇੜਾ ਨਾਲ ਕਈ ਵਾਰ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ ਪਰ ਹਰ ਵਾਰ ਅਲਾਟੀਆਂ ਨਾਲ ਵਾਅਦਾ ਕਰ ਕੇ ਮੁੱਕਰਦੇ ਆ ਰਹੇ ਹਨ ਪਰ ਹੁਣ ਤਾਂ ਹਾਲਾਤ ਇਹ ਹੋ ਚੁੱਕੇ ਹਨ ਕਿ ਟਰੱਸਟ ਨੇ ਇਕ ਤਰ੍ਹਾਂ ਨਾਲ ਉਨ੍ਹਾਂ ਦੀ ਬਣਦੀ ਅਦਾਇਗੀ ਕਰਨ ਤੋਂ ਕਿਨਾਰਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਜਲਦ ਬੀਬੀ ਭਾਨੀ ਕੰਪਲੈਕਸ, ਇੰਦਰਾਪੁਰਮ, ਸੂਰਿਆ ਐਨਕਲੇਵ ਐਕਸਟੈਨਸ਼ਨ ਸਮੇਤ ਟਰੱਸਟ ਦੀਆਂ ਹੋਰਨਾਂ ਸਕੀਮਾਂ ਦੇ ਅਲਾਟੀ ਆਪਣੇ ਨਾਲ ਹੋਈ ਧੋਖਾਦੇਹੀ ਖ਼ਿਲਾਫ਼ ਸੜਕਾਂ ’ਤੇ ਉਤਰ ਕੇ ਨਵੀਂ ਲੜਾਈ ਲੜਨ ਲਈ ਤਿਆਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਹੱਲ ਨਾ ਕੀਤਾ ਤਾਂ ਉਹ ਟਰੱਸਟ ਦੀ ਇੱਟ ਨਾਲ ਇੱਟ ਵਜਾ ਦੇਣਗੇ ਅਤੇ ਮਰਨ ਵਰਤ ਤਕ ’ਤੇ ਬੈਠਣ ਤੋਂ ਵੀ ਪਿੱਛੇ ਨਹੀਂ ਹਟਣਗੇ।

ਇਹ ਵੀ ਪੜ੍ਹੋ- 4 ਦਿਨ ਪਹਿਲਾਂ ਚਾਵਾਂ ਨਾਲ ਇਕਲੌਤਾ ਪੁੱਤ ਭੇਜਿਆ ਸੀ ਕੈਨੇਡਾ, 5ਵੇਂ ਦਿਨ ਮਿਲੀ ਮੌਤ ਦੀ ਖ਼ਬਰ ਨੇ ਮਾਤਮ 'ਚ ਬਦਲੀਆਂ ਖ਼ੁਸ਼ੀਆਂ

ਭ੍ਰਿਸ਼ਟ ਅਧਿਕਾਰੀਆਂ ਨੇ ਮਿਲੀਭੁਗਤ ਕਰਕੇ ਟਰੱਸਟ ਦੀਆਂ ਅਨੇਕ ਕਰੋੜਾਂ ਦੀਆਂ ਜਾਇਦਾਦਾਂ ਕੌਡੀਆਂ ਦੇ ਭਾਅ ਵੇਚੀਆਂ
ਇੰਪਰੂਵਮੈਂਟ ਟਰੱਸਟ ਦੀ ਸੂਰਿਆ ਐਨਕਲੇਵ ਐਕਸਟੈਨਸ਼ਨ ਵਿਚ ਕਈ ਅਜਿਹੀਆਂ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਹਨ, ਜਿਨ੍ਹਾਂ ਨੂੰ ਮਿਲੀਭੁਗਤ ਕਰ ਕੇ ਕਰੋੜਾਂ ਰੁਪਏ ਵਿਚ ਵੇਚ ਦਿੱਤਾ ਿਗਆ ਹੈ। ਇਸ ਤੋਂ ਇਲਾਵਾ ਕਈ ਅਜਿਹੀਆਂ ਬੇਸ਼ਕੀਮਤੀ ਜਾਇਦਾਦਾਂ ਹਨ, ਜਿਨ੍ਹਾਂ ਦੇ ਮਾਲਕਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਟਰੱਸਟ ਦੇ ਅਧਿਕਾਰੀਆਂ ਨੇ ਉਨ੍ਹਾਂ ਦੇ ਪਲਾਟ ਕਿਸੇ ਹੋਰ ਦੇ ਹੱਥ ਵੇਚ ਦਿੱਤੇ। ਇੰਨਾ ਹੀ ਨਹੀਂ, ਫਾਈਲਾਂ ਵਿਚ ਵੀ ਨਵੇਂ ਮਾਲਕਾਂ ਦੇ ਨਾਂ ਜਾਇਦਾਦ ਦਰਜ ਹੋ ਗਈ ਪਰ ਜਦੋਂ ਉਨ੍ਹਾਂ ਨੂੰ ਸੱਚਾਈ ਦਾ ਪਤਾ ਲੱਗਾ ਤਾਂ ਭ੍ਰਿਸ਼ਟਾਚਾਰ ਦੀ ਦਲਦਲ ਵਿਚ ਡੁੱਬੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਜਲਦ ਹੋਰ ਪਲਾਟ ਦਿਵਾਉਣ ਦਾ ਲਾਲੀਪਾਪ ਦੇ ਕੇ ਚੁੱਪ ਕਰਵਾ ਦਿੱਤਾ ਪਰ ਹੁਣ ਲੰਮਾ ਸਮਾਂ ਬੀਤ ਜਾਣ ਦੇ ਬਾਅਦ ਵੀ ਉਨ੍ਹਾਂ ਦੇ ਹੱਥ ਖਾਲੀ ਹਨ। ਸੂਰਿਆ ਐਨਕਲੇਵ ਐਕਸਟੈਨਸ਼ਨ ਦੇ ਕੁਝ ਅਜਿਹੇ ਅਲਾਟੀ ਆਉਣ ਵਾਲੇ ਦਿਨਾਂ ਵਿਚ ਖੁੱਲ੍ਹ ਕੇ ਆਪਣੇ ਨਾਲ ਹੋਈ ਨਾਇਨਸਾਫ਼ੀ ਦੇ ਰਾਜ਼ ਖੋਲ੍ਹਣ ਦੀ ਤਿਆਰੀ ਵਿਚ ਜੁਟ ਗਏ ਹਨ ਅਤੇ ਲੱਗਦਾ ਹੈ ਕਿ ਕੁਝ ਦਿਨਾਂ ਵਿਚ ਸਫੈਦਪੋਸ਼ ਲੋਕਾਂ ਦੇ ਚਿਹਰਿਆਂ ਤੋਂ ਨਕਾਬ ਉਤਰਨ ਵਾਲਾ ਹੈ।

ਇਹ ਵੀ ਪੜ੍ਹੋ- ਡਾਇਗਨੋਸਟਿਕ ਸੈਂਟਰ ’ਚ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ, ਸਕੈਨ ਮਸ਼ੀਨ ਵਾਲੇ ਕਮਰੇ 'ਚੋਂ ਮਿਲੀ ਲਾਸ਼
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News