ਮੱਕੀ ਦੇ ਲੱਗੇ ਅੰਬਾਰ: ਕਹਿਰ ਦੀ ਗਰਮੀ ਤੇ ਹੁੰਮਸ ਨੇ ਮੰਡੀ ਦੀ ਲੇਬਰ ਨੂੰ ਕੀਤਾ ਬੇਹਾਲ
Friday, Jun 23, 2023 - 03:33 PM (IST)

ਸੁਲਤਾਨਪੁਰ ਲੋਧੀ (ਸੋਢੀ)- ਨਵੀਂ ਦਾਨਾ ਮੰਡੀ ਸੁਲਤਾਨਪੁਰ ਲੋਧੀ ਵਿਚ ਇਕ ਪਾਸੇ ਮੱਕੀ ਦੀ ਫਸਲ ਵੱਡੀ ਪੱਧਰ 'ਤੇ ਪਿੰਡਾਂ ਤੋਂ ਕਟਾਈ ਕਰਵਾ ਕੇ ਕਿਸਾਨਾਂ ਵੱਲੋਂ ਲਿਆਂਦੀ ਜਾ ਰਹੀ ਹੈ ਅਤੇ ਦੂਜੇ ਪਾਸੇ ਜੂਨ ਦੇ ਆਖਰੀ ਹਫ਼ਤੇ ਦੌਰਾਨ ਪੈ ਰਹੀ ਅੱਤ ਦੀ ਗਰਮੀ ਅਤੇ ਹੁੰਮਸ ਨੇ ਮੰਡੀ ਦੀ ਲੇਬਰ ਨੂੰ ਵੀ ਬੇਹਾਲ ਕੀਤਾ ਹੋਇਆ ਹੈ। ਵੀਰਵਾਰ ਨਵੀਂ ਦਾਨਾ ਮੰਡੀ ਸੁਲਤਾਨਪੁਰ ਲੋਧੀ ਦਾ ਦੌਰਾ ਕਰਨ 'ਤੇ ਮੰਡੀ ਵਿਚ ਕੰਮ ਕਰ ਰਹੇ ਪੰਜਾਬੀ ਅਤੇ ਪ੍ਰਵਾਸੀ ਮਜਦੂਰਾਂ ਦੱਸਿਆ ਕਿ ਗਰਮੀ ਅਤੇ ਹੁੰਮਸ ਕਾਲ ਮੱਕੀ ਨੂੰ ਸੁਕਾਉਣ, ਢੇਰੀ ਲਗਾਉਣ, ਪੱਖਾ ਲਗਾਉਣ, ਤੁਲਾਈ ਕਰਨ ਦਾ ਕੰਮ ਅਤੇ ਲਿਫਟਿੰਗ ਦਾ ਕੰਮ ਕਾਫ਼ੀ ਮੁਸ਼ਕਿਲ ਹੋ ਗਿਆ ਹੈ। ਕਈ ਮਜਦੂਰ ਜ਼ਿਆਦਾ ਗਰਮੀ ਕਾਰਨ ਬੀਮਾਰ ਹੋ ਗਏ ਹਨ। ਮੰਡੀ ਵਿਚ ਲੇਬਰ ਦੀ ਪਹਿਲਾਂ ਹੀ ਕਾਫ਼ੀ ਕਮੀ ਹੈ ਕਿਉਂਕਿ ਅੱਤ ਦੀ ਗਰਮੀ ਦੇ ਮੌਸਮ ਵਿਚ ਤਿੱਖੀ ਧੁੱਪ ਵਿਚ ਕੰਮ ਕਰਨ ਵਾਲੀ ਲੇਬਰ ਬਹੁਤ ਘੱਟ ਮਿਲਦੀ ਹੈ।
ਉੱਧਰ ਦੂਜੇ ਪਾਸੇ ਪੱਕੀ ਹੋਈ ਮੱਕੀ ਦੀ ਫਸਲ ਦੀ ਕਟਾਈ ਕਰਨ ਲਈ ਕਿਸਾਨਾਂ ਵੱਲੋਂ ਸਾਫ ਮੌਸਮ ਦਾ ਲਾਹਾ ਲਿਆ ਜਾ ਰਿਹਾ ਹੈ ਤੇ ਆਧੁਨਿਕ ਕਟਰ ਵਾਲੀਆਂ ਕੰਬਾਈਨ ਮਸ਼ੀਨਾਂ ਨਾਲ ਝੱਟ ਪਟ ਹੀ ਕਈ ਏਕੜ ਮੱਕੀ ਕੱਟ ਕੇ ਟਰਾਲੀਆਂ ਭਰੀਆਂ ਜਾ ਰਹੀਆਂ ਹਨ ਤੇ ਕਿਸਾਨ ਨਾਲੋ ਨਾਲ ਮੰਡੀ ਲਿਆ ਕੇ ਵੇਚਣ ਲਈ ਕਾਹਲੇ ਹਨ ਤਾਂ ਜੋ ਉਹ ਝੋਨੇ ਦੀ ਬਿਜਾਈ ਵੀ ਖੇਤ ਤਿਆਰ ਕਰਕੇ ਨਾਲੋ ਨਾਲ ਹੀ ਕਰਵਾ ਸਕਣ। ਮੰਡੀਆਂ ਵਿਚ ਮੱਕੀ ਦੇ ਲੱਗੇ ਅੰਬਾਰ ਕਾਰਨ ਬਹੁਤ ਸਾਰੇ ਪਿੰਡਾਂ ਦੇ ਆੜ੍ਹਤੀਆਂ ਵੱਲੋਂ ਆਪਣੇ ਖੇਤਾਂ ਨੇੜੇ ਪੱਕੇ ਫੜ੍ਹ ਤਿਆਰ ਕਰਵਾ ਲਏ ਹਨ ਤਾਂ ਜੋ ਉਹ ਆਪਣੀ ਆੜ੍ਹਤ ਤੇ ਆਉਦੇ ਕਿਸਾਨਾਂ ਨੂੰ ਨਾਲੋ ਨਾਲ ਮੱਕੀ ਸੁਕਾ ਕੇ ਤੋਲਣ ਦੀ ਸਹੂਲਤ ਉਨ੍ਹਾਂ ਦੇ ਖੇਤਾਂ ਨੇੜੇ ਹੀ ਦੇ ਸਕਣ । ਫਿਰ ਵੀ ਸੁਲਤਾਨਪੁਰ ਲੋਧੀ ਮੰਡੀ ਇਸ ਸਮੇ ਮੱਕੀ ਨੂੰ ਸੁਕਾਉਣ ਲਈ ਖਿਲਾਰਨ ਵਾਸਤੇ ਫੜ੍ਹ ਨਹੀਂ ਮਿਲ ਰਹੇ।
ਇਹ ਵੀ ਪੜ੍ਹੋ: ਉੱਜੜਿਆ ਹੱਸਦਾ-ਵੱਸਦਾ ਪਰਿਵਾਰ, ਲਾਪਤਾ ਹੋਏ ਸਾਢੇ 3 ਸਾਲਾ ਬੱਚੇ ਦੀ ਲਾਸ਼ ਤੀਜੀ ਮੰਜ਼ਿਲ ਤੋਂ ਮਿਲੀ
ਇਸ ਦੇ ਨਾਲ-ਨਾਲ ਸ਼ਹਿਰ ਦੇ ਕੁਝ ਸ਼ੈਲਰ ਮਾਲਕਾਂ ਵੱਲੋਂ ਗਿੱਲੀ ਮੱਕੀ ਦੀ ਕਿਸਾਨਾਂ ਕੋਲੋਂ ਖ਼ਰੀਦ ਕਰਕੇ ਆਪਣੇ ਸ਼ੈਲਰਾਂ ਨੇੜੇ ਢੇਰੀ ਕਰਵਾਈ ਜਾ ਰਹੀ ਹੈ । ਜਿਨ੍ਹਾਂ ਨੇ ਆਪਣੇ ਆਧੁਨਿਕ ਸਹੂਲਤਾਂ ਵਾਲੇ ਯੰਤਰ ਲਗਵਾਏ ਹੋਏ ਹਨ ਜੋ ਝਟਪਟ ਮੱਕੀ ਦੀਆਂ ਟਰਾਲੀਆਂ ਸੁਕਾ ਦਿੰਦੇ ਹਨ । ਉਹ ਵੀ ਰੋਜ਼ਾਨਾ 20 ਦੇ ਕਰੀਬ ਟਰਾਲੀਆਂ ਗਿੱਲੀ ਮੱਕੀ ਦੀਆਂ ਖ਼ਰੀਦ ਕਰ ਰਹੇ ਹਨ।
ਮੱਕੀ ਦੀ ਖ਼ਰੀਦ ਸਰਕਾਰੀ ਖ਼ਰੀਦ ਏਜੰਸੀਆਂ ਵੱਲੋਂ ਨਹੀਂ ਹੋ ਰਹੀ
ਕੇਂਦਰ ਸਰਕਾਰ ਵੱਲੋਂ ਇਸ ਵਾਰ ਹੋਰ ਦਾਲਾਂ ਤੇ ਫਸਲਾਂ ਦੇ ਨਾਲ ਨਾਲ ਮੱਕੀ ਦੇ ਰੇਟ ਦੇ ਘੱਟੋ ਘੱਟ ਸਮਰਥਨ ਮੁੱਲ ''ਚ 128 ਰੁਪਏ ਪ੍ਰਤੀ ਕੁਇੰਟਲ ਵਾਧਾ ਕੀਤਾ ਗਿਆ ਹੈ, ਜਿਸ ਨਾਲ ਮੱਕੀ ਦਾ ਘੱਟੋ ਘੱਟ ਸਰਕਾਰੀ ਰੇਟ 2090 ਰੁਪਏ ਤੈਅ ਕੀਤਾ ਗਿਆ ਹੈ ਪਰ ਸਰਕਾਰੀ ਖ਼ਰੀਦ ਏਜੰਸੀਆਂ ਵੱਲੋਂ ਨਾ ਤਾਂ ਪਿਛਲੀਆਂ ਸਰਕਾਰਾਂ ਸਮੇ ਮੱਕੀ ਦੀ ਸਰਕਾਰੀ ਖਰੀਦ ਕੀਤੀ ਗਈ ਸੀ ਤੇ ਨਾ ਹੀ ਇਸ ਵਾਰ ਮੱਕੀ ਦੀ ਸਰਕਾਰੀ ਖਰੀਦ ਹੋਈ ਹੈ। ਇਸ ਕਾਰਨ ਪ੍ਰਾਈਵੇਟ ਵਪਾਰੀਆਂ ਵੱਲੋਂ 1400 ਤੋਂ 1600 ਰੁਪਏ ਤੱਕ ਹੀ ਸੁੱਕੀ ਮੱਕੀ ਖਰੀਦ ਕੀਤੀ ਜਾ ਰਹੀ ਹੈ ਜਦਕਿ ਗਿੱਲੀ ਮੱਕੀ ਦਾ ਰੇਟ ਪ੍ਰਾਈਵੇਟ ਵਪਾਰੀ ਵੱਲੋਂ 800 ਤੋਂ 900 ਤੱਕ ਲਗਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ ਪਾਵਰਕਾਮ ਦੀ ਵੱਡੀ ਉਪਲੱਬਧੀ: PSPCL ਨੇ 15000 ਮੈਗਾਵਾਟ ਦੀ ਡਿਮਾਂਡ ਪੂਰੀ ਕਰਕੇ ਬਣਾਇਆ ਰਿਕਾਰਡ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani