ਸਿਹਤਯਾਬ ਹੋਏ ਕੋਰੋਨਾ ਮਰੀਜ਼ਾਂ ਨੂੰ ਸਿਹਤ ਮੰਤਰੀ ਨੇ ਕੀਤੀ ਇਹ ਅਪੀਲ

Friday, May 14, 2021 - 10:24 PM (IST)

ਸਿਹਤਯਾਬ ਹੋਏ ਕੋਰੋਨਾ ਮਰੀਜ਼ਾਂ ਨੂੰ ਸਿਹਤ ਮੰਤਰੀ ਨੇ ਕੀਤੀ ਇਹ ਅਪੀਲ

ਭੋਗਪੁਰ (ਰਾਣਾ ਭੋਗਪੁਰੀਆ)-ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਕੋਵਿਡ-19 ਪ੍ਰਭਾਵਿਤ ਮਰੀਜ਼ਾਂ ਨੂੰ ਅਸਰਦਾਰ ਡਾਕਟਰੀ ਦੇਖਭਾਲ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਘਰਾਂ ’ਚ ਇਕਾਂਤਵਾਸ ਮਰੀਜ਼ਾਂ ਨੂੰ ‘ਕੋਰੋਨਾ ਫ਼ਤਿਹ ਕਿੱਟਾਂ’ ਮੁਹੱਈਆ ਕਰਵਾਉਣ ਦੀ ਪਹਿਲ ਕੀਤੀ ਗਈ ਸੀ। ਇਸ ਕਿੱਟ ’ਚ ਪਲਸ ਆਕਸੀਮੀਟਰ, ਸਟੀਮਰ, ਡਿਜੀਟਲ ਥਰਮਾਮੀਟਰ, ਦਵਾਈਆਂ, ਮਾਸਕ ਦੇ ਨਾਲ-ਨਾਲ ਕੋਵਿਡ-19 ਨਾਲ ਸਬੰਧਤ ਦਵਾਈਆਂ ਤੇ ਇਲਾਜ ਲਈ ਜਾਗਰੂਕਤਾ ਸਮੱਗਰੀ ਘਰਾਂ ’ਚ ਇਕਾਂਤਵਾਸ ਮਰੀਜ਼ਾਂ ਨੂੰ ਉਪਲੱਬਧ ਕਰਵਾਈ ਗਈ ਸੀ। ਪੰਜਾਬ ਸਰਕਾਰ ਵੱਲੋਂ ਹੁਣ ਤੱਕ ਸੂਬੇ ਦੇ ਇੱਕ ਲੱਖ ਤੋਂ ਵੱਧ ਲੋਕਾਂ ਨੂੰ ਪਲਸ ਆਕਸੀਮੀਟਰ ਵੰਡੇ ਜਾ ਚੁੱਕੇ ਹਨ। ਦੇਸ਼ ’ਚ ਕੋਵਿਡ-19 ਦੇ ਮਾਮਲਿਆਂ ’ਚ ਦੇਸ਼ ਭਰ ’ਚ ਹੋਏ ਤਾਜ਼ਾ ਵਾਧੇ ਕਾਰਨ ਨਵੇਂ ਪਲਸ ਆਕਸੀਮੀਟਰਾਂ ਦੀ ਉਪਲੱਬਧਤਾ ’ਚ ਭਾਰੀ ਕਮੀ ਆਈ ਹੈ, ਜਿਸ ਕਾਰਣ ਸਰਕਾਰ ਨੂੰ ਕੋਵਿਡ-19 ਮਰੀਜ਼ਾਂ ਨੂੰ ਇਨ੍ਹਾਂ ਦੀ ਖਰੀਦ ਕਰਨ ’ਚ ਮੁਸ਼ਕਿਲ ਪੇਸ਼ ਆ ਰਹੀ ਹੈ। ਇਸ ਸਬੰਧੀ ਹੁਣ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੁਸ਼ਕਿਲ ਘੜੀ ’ਚ ਅੱਗੇ ਆਉਣ ਅਤੇ ਸਰਕਾਰ ਦਾ ਸਹਿਯੋਗ ਕਰਨ ਤੇ ਕੋਵਿਡ-19 ਤੋਂ ਪ੍ਰਭਾਵਿਤ ਹੋਰ ਨਾਗਰਿਕਾਂ ਦੀ ਇਸ ਲੜਾਈ ਮਦਦ ਕਰਨ। 

ਇਸ ਅਣਚਾਹੇ ਮਾਹੌਲ ਨੂੰ ਮੱਦੇਨਜ਼ਰ ਰੱਖਦਿਆਂ ਉਨ੍ਹਾਂ ਸਾਰੇ ਸਿਹਤਯਾਬ ਹੋਏ ਕੋਵਿਡ-19 ਮਰੀਜ਼ਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਜਿਨ੍ਹਾਂ ਨੇ ਪਹਿਲਾਂ ਇਹ ਪਲਸ ਆਕਸੀਮੀਟਰ ਪ੍ਰਾਪਤ ਕੀਤੇ ਸਨ ਅਤੇ ਹੁਣ ਕੋਵਿਡ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ, ਉਹ ਪਲਸ ਆਕਸੀਮੀਟਰਾਂ ਨੂੰ ਆਪਣੇ ਨਜ਼ਦੀਕੀ ਸਰਕਾਰੀ ਸਿਹਤ ਸੰਸਥਾ ’ਚ ਵਾਪਸ ਭੇਜਣ ਤਾਂ ਜੋ ਸਿਹਤ ਵਿਭਾਗ ਸੈਨੇਟਾਈਜ਼ ਕਰ ਕੇ ਘਰਾਂ ’ਚ ਇਕਾਂਤਵਾਸ ਕੋਵਿਡ-19 ਪਾਜ਼ੇਟਿਵ ਮਰੀਜ਼ਾਂ ਨੂੰ ਉਪਲੱਬਧ ਕਰਵਾ ਸਕੇ।


author

Manoj

Content Editor

Related News