ਜੱਜਾ ਖੁਰਦ ਨਹਿਰ ’ਚੋਂ ਲੜਕੀ ਦੀ ਗਲ਼ੀ-ਸੜੀ ਹਾਲਤ ’ਚ ਮਿਲੀ ਲਾਸ਼

Thursday, Jun 30, 2022 - 10:24 PM (IST)

ਜੱਜਾ ਖੁਰਦ ਨਹਿਰ ’ਚੋਂ ਲੜਕੀ ਦੀ ਗਲ਼ੀ-ਸੜੀ ਹਾਲਤ ’ਚ ਮਿਲੀ ਲਾਸ਼

ਅੱਪਰਾ (ਦੀਪਾ)-ਅੱਜ ਸਵੇਰੇ ਲੱਗਭਗ 7 ਵਜੇ ਅੱਪਰਾ ਪੁਲਸ ਨੂੰ ਪਿੰਡ ਜੱਜਾ ਖੁਰਦ ਤੋਂ ਤੇਹਿੰਗ ਰੋਡ ’ਤੇ ਸਥਿਤ ਨਹਿਰ ਤੋਂ ਇਕ 10-12 ਸਾਲਾ ਉਮਰ ਦੀ ਲੜਕੀ ਦੀ ਗਲ਼ੀ-ਸੜੀ ਲਾਸ਼ ਬਰਾਮਦ ਹੋਈ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਪਰਮਜੀਤ ਸਿੰਘ ਚੌਕੀ ਇੰਚਾਰਜ ਅੱਪਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਪਿੰਡ ਦੀ ਮਹਿਲਾ ਸਰਪੰਚ ਨੇ ਪਿੰਡ ਦੇ ਨੇੜਿਓਂ ਗੁਜ਼ਰਦੀ ਨਹਿਰ ’ਚ ਲਾਸ਼ ਪਈ ਹੋਣ ਦੀ ਸੂਚਨਾ ਪੁਲਸ ਨੂੰ ਦਿੱਤੀ |

ਪੁਲਸ ਪਾਰਟੀ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲਾਸ਼ ਨੂੰ ਨਹਿਰ ’ਚੋਂ ਬਾਹਰ ਕੱਢਿਆ, ਜੋ ਨਹਿਰ ਪੁਲ ਦੀਆਂ ਬੁਰਜੀਆਂ ਕੋਲ ਫਸੀ ਹੋਈ ਸੀ | ਏ. ਐੱਸ. ਆਈ. ਪਰਮਜੀਤ ਸਿੰਘ ਚੌਕੀ ਇੰਚਾਰਜ ਅੱਪਰਾ ਨੇ ਦੱਸਿਆ ਕਿ ਉਕਤ ਲਾਸ਼ ਇਕ 10-12 ਸਾਲ ਦੀ ਲੜਕੀ ਦੀ ਹੈ, ਜੋ ਕਿ ਬੁਰੀ ਤਰ੍ਹਾਂ ਗਲ਼-ਸੜ ਚੁੱਕੀ ਹੈ | ਮ੍ਰਿਤਕ ਲੜਕੀ ਨੇ ਮਹਿਰੂਨ ਰੰਗ ਦੀ ਟੀ-ਸ਼ਰਟ ਤੇ ਹਲਕੇ ਨੀਲੇ ਰੰਗ ਦੀ ਕੈਪਰੀ ਪਹਿਨੀ ਹੋਈ ਹੈ | ਉਨ੍ਹਾਂ ਕਿਹਾ ਕਿ ਮ੍ਰਿਤਕ ਲੜਕੀ ਦੀ ਅਜੇ ਤੱਕ ਸ਼ਨਾਖਤ ਨਹੀਂ ਹੋ ਸਕੀ ਹੈ | ਇਸ ਲਈ ਉਸ ਦੀ ਲਾਸ਼ ਦੀ ਸ਼ਨਾਖਤ ਲਈ 72 ਘੰਟੇ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਰੱਖ ਕੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ |


author

Manoj

Content Editor

Related News