ਚੰਡੀਗੜ੍ਹ ਤੋਂ ਮਾਰਕ ਹੋ ਕੇ ਆਉਂਦੀਆਂ ਸ਼ਿਕਾਇਤਾਂ ਨੂੰ ਵੀ ਦਬਾਈ ਬੈਠਾ ਸੀ ਨਿਗਮ

Thursday, Feb 08, 2024 - 11:19 AM (IST)

ਚੰਡੀਗੜ੍ਹ ਤੋਂ ਮਾਰਕ ਹੋ ਕੇ ਆਉਂਦੀਆਂ ਸ਼ਿਕਾਇਤਾਂ ਨੂੰ ਵੀ ਦਬਾਈ ਬੈਠਾ ਸੀ ਨਿਗਮ

ਜਲੰਧਰ (ਖੁਰਾਣਾ)-ਚੰਡੀਗੜ੍ਹ ਸਥਿਤ ਲੋਕਲ ਬਾਡੀਜ਼ ਵਿਭਾਗ ਦੇ ਚੀਫ਼ ਵਿਜੀਲੈਂਸ ਆਫਿਸਰ ਦੀ ਟੀਮ ਨੇ ਲਗਭਗ ਸਵਾ ਸਾਲ ਪਹਿਲਾਂ 15 ਦਸੰਬਰ 2022 ਨੂੰ ਜਲੰਧਰ ਆ ਕੇ ਕਈ ਨਾਜਾਇਜ਼ ਬਿਲਡਿੰਗਾਂ ’ਤੇ ਛਾਪੇਮਾਰੀ ਕਰਦੇ ਹੋਏ ਹੋਰ ਕਈ ਸ਼ਿਕਾਇਤਾਂ ’ਤੇ ਕਾਰਵਾਈ ਕਰਨ ਦੇ ਹੁਕਮ ਜਲੰਧਰ ਨਿਗਮ ਦੇ ਬਿਲਡਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੇ ਸਨ। ਉਸ ਤੋਂ ਬਾਅਦ ਵੀ ਚੰਡੀਗੜ੍ਹ ਤੋਂ ਮਾਰਕ ਹੋ ਕੇ ਬਿਲਡਿੰਗ ਵਿਭਾਗ ਕੋਲ ਕਈ ਸ਼ਿਕਾਇਤਾਂ ਪੁੱਜੀਆਂ ਪਰ ਜਲੰਧਰ ਨਿਗਮ ਦੇ ਅਧਿਕਾਰੀ ਇਨ੍ਹਾਂ ਸਾਰੀਆਂ ਸ਼ਿਕਾਇਤਾਂ ਨੂੰ ਦਬਾ ਕੇ ਰੱਖਦੇ ਰਹੇ, ਨਤੀਜੇ ਵਜੋਂ ਇਨ੍ਹਾਂ ਸ਼ਿਕਾਇਤਾਂ ਦੀ ਗਿਣਤੀ 150 ਦੇ ਲਗਭਗ ਪੁੱਜ ਗਈ।

ਲੰਬੇ ਸਮੇਂ ਤੋਂ ਨਾਜਾਇਜ਼ ਬਿਲਡਿੰਗਾਂ ’ਤੇ ਕਾਰਵਾਈ ਨਾ ਹੁੰਦੇ ਦੇਖ ਪੰਜਾਬ ਸਰਕਾਰ ਦੇ ਲੋਕਲ ਬਾਡੀਜ਼ ਵਿਭਾਗ ਦੇ ਚੀਫ਼ ਵਿਜੀਲੈਂਸ ਆਫਿਸਰ ਰਾਜੀਵ ਸੇਖੜੀ ਨੇ ਅੱਜ ਵਿਜੀਲੈਂਸ ਅਧਿਕਾਰੀਆਂ ਸੁਧੀਰ ਸ਼ਰਮਾ ਅਤੇ ਈਸ਼ਾਨ ਗੋਇਲ ਆਦਿ ’ਤੇ ਆਧਾਰਿਤ ਇਕ ਟੀਮ ਚੰਡੀਗੜ੍ਹ ਤੋਂ ਜਲੰਧਰ ਭੇਜੀ, ਜਿਸ ਨੇ ਨਿਗਮ ਅਧਿਕਾਰੀਆਂ ਨੂੰ ਨਾਲ ਲੈ ਕੇ ਸ਼ਹਿਰ ’ਚ ਨਾਜਾਇਜ਼ ਬਿਲਡਿੰਗਾਂ ਨਾਲ ਸਬੰਧਤ ਕਈ ਮੌਕੇ ਦੇਖੇ ਅਤੇ ਕਈਆਂ ਦੇ ਰਿਕਾਰਡ ਦੀ ਜਾਂਚ ਵੀ ਸ਼ੁਰੂ ਕੀਤੀ। ਇਹ ਟੀਮ ਕਈ ਘੰਟੇ ਨਿਗਮ ’ਚ ਰਹੀ ਅਤੇ ਸ਼ਾਮ ਨੂੰ ਫੀਲਡ ’ਚ ਨਿਕਲੀ ਜਿਸ ਕਾਰਨ ਬਿਲਡਿੰਗ ਵਿਭਾਗ ਦੇ ਅਧਿਕਾਰੀਆਂ ’ਚ ਭੜਥੂ ਮਚਿਆ ਰਿਹਾ। ਪਤਾ ਲੱਗਾ ਹੈ ਕਿ ਵਿਜੀਲੈਂਸ ਵਿਭਾਗ ਕੋਲ ਪੈਂਡਿੰਗ ਸ਼ਿਕਾਇਤਾਂ ਦੀ ਜੋ ਸੂਚੀ ਹੈ, ਉਸ ਦੇ ਆਧਾਰ ’ਤੇ ਜਾਂਚ ਸ਼ੁਰੂ ਹੋ ਗਈ ਹੈ ਜੋ ਇਕ-ਦੋ ਦਿਨ ਹੋਰ ਜਾਰੀ ਰਹੇਗੀ। ਇਹ ਟੀਮ ਅੱਜ ਨਾਰਥ ਵਿਧਾਨ ਸਭਾ ਖੇਤਰ ’ਚ ਕਈ ਥਾਵਾਂ ’ਤੇ ਗਈ ਜਿਸ ’ਚ ਗੋਪਾਲ ਨਗਰ ਸਥਿਤ ਬਤਰਾ ਪੈਲੇਸ ਦੇ ਸਾਹਮਣੇ ਵਾਲੀਆਂ ਦੁਕਾਨਾਂ ਵੀ ਸ਼ਾਮਲ ਹਨ। ਇੱਥੇ ਦੋ ਵਾਰ ਡਿਮੋਲਿਸ਼ਨ ਆਪ੍ਰੇਸ਼ਨ ਚੱਲਿਆ ਪਰ ਫਿਰ ਵੀ ਉੱਥੇ ਕੁਝ ਦੁਕਾਨਾਂ ਬਣਾ ਲਈਆਂ ਗਈਆਂ। ਇਸ ਦੇ ਇਲਾਵਾ ਟੀਮ ਨੇ ਮਾਡਲ ਟਾਊਨ ਮਾਰਕੀਟ ’ਚ ਰੈਟ੍ਰੋ ਕੈਫੇ ਵਾਲੀ ਬਿਲਡਿੰਗ ਦਾ ਵੀ ਰਿਕਾਰਡ ਦੇਖਿਆ ਅਤੇ ਪ੍ਰਕਾਸ਼ ਨਗਰ ਰੋਡ ’ਤੇ ਚੱਲ ਰਹੇ ਤਿੰਨ ਕਮਰਸ਼ੀਅਲ ਨਿਰਮਾਣ ਸਬੰਧੀ ਮੌਕੇ ਵੀ ਚੈੱਕ ਕੀਤੇ।

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ ਰੂਹ ਕੰਬਾਊ ਘਟਨਾ, ਕੁੱਤਿਆਂ ਨੇ ਨੋਚ-ਨੋਚ ਕੇ ਮੌਤ ਦੇ ਘਾਟ ਉਤਾਰੀ ਮਹਿਲਾ, ਖੋਲ੍ਹੀ ਖੋਪੜੀ ਤੇ ਕੱਢੀਆਂ ਅੱਖਾਂ

ਪਤਾ ਲੱਗਾ ਹੈ ਕਿ ਪਿਛਲੀ ਛਾਪੇਮਾਰੀ ਦੇ ਸਮੇਂ ਇਸੇ ਵਿਜੀਲੈਂਸ ਦੀ ਟੀਮ ਨੇ ਜਿਨ੍ਹਾਂ ਬਿਲਡਿੰਗਾਂ ਨੂੰ ਸੀਲ ਕੀਤਾ ਸੀ, ਉਨ੍ਹਾਂ ’ਚੋਂ ਕਈਆਂ ਦੀ ਸੀਲ ਕੁਝ ਦਿਨਾਂ ਬਾਅਦ ਹੀ ਖੋਲ੍ਹ ਦਿੱਤੀ ਗਈ ਸੀ ਅਤੇ ਬਾਕੀਆਂ ’ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸੀ। ਬਹੁਤ ਥੋੜ੍ਹੀਆਂ ਬਿਲਡਿੰਗਾਂ ਅਜਿਹੀਆਂ ਰਹੀਆਂ ਜਿਨ੍ਹਾਂ ਨੂੰ ਪੈਸੇ ਲੈ ਕੇ ਰੈਗੂਲਰ ਕਰ ਦਿੱਤਾ ਗਿਆ ਪਰ ਉੱਥੇ ਵੀ ਨਾਜਾਇਜ਼ ਨਿਰਮਾਣਾਂ ਨੂੰ ਤੋੜਿਆ ਨਹੀਂ ਗਿਆ। ਹੁਣ ਮੰਨਿਆ ਜਾ ਰਿਹਾ ਹੈ ਕਿ ਕਈ ਅਧਿਕਾਰੀਆਂ ਦੀ ਜ਼ਿੰਮੇਵਾਰੀ ਫਿਕਸ ਕੀਤੀ ਜਾ ਸਕਦੀ ਹੈ ਅਤੇ ਕਈ ਬਿਲਡਿੰਗਾਂ ਨੂੰ ਸੀਲ ਵੀ ਕੀਤਾ ਜਾ ਸਕਦਾ ਹੈ।

ਇਨ੍ਹਾਂ ’ਚੋਂ ਕਈ ਬਿਲਡਿੰਗਾਂ ਦਾ ਰਿਕਾਰਡ ਜਾਂਚ ਰਹੀ ਹੈ ਵਿਜੀਲੈਂਸ ਦੀ ਟੀਮ
- ਚਾਰਕੋਲ, ਦੇਸੀ ਮੂਡ, ਰੈਟ੍ਰੋ ਕੈਫੇ ਵਾਲੀਆਂ ਬਿਲਡਿੰਗਾਂ
- ਲੈਦਰ ਕੰਪਲੈਕਸ ਰੋਡ ’ਤੇ ਬਣੀਆਂ ਦੁਕਾਨਾਂ
- ਆਦਰਸ਼ ਨਗਰ ਪਾਰਕ ਦੇ ਸਾਹਮਣੇ ਰਿੰਪੀ ਰੇਡੀਓਜ਼ ਵਾਲੀ ਬਿਲਡਿੰਗ
- ਸਿਗਮਾ ਹਸਪਤਾਲ, ਪੀ.ਐੱਮ.ਜੀ. ਹਸਪਤਾਲ ਵਾਲੀਆਂ ਬਿਲਡਿੰਗਾਂ
- ਗੀਤਾ ਮੰਦਰ ਮਾਡਲ ਟਾਊਨ ਨੇੜੇ ਕੋਠੀ ਵਿਚ ਬਣੀਆਂ ਕਮਰਸ਼ੀਅਲ ਬਿਲਡਿੰਗਾਂ
- ਕੂਲ ਰੋਡ ’ਤੇ ਟੀ.ਐੱਮ.ਐੱਸ. ਰੀਅਲ ਅਸਟੇਟਸ ਵਾਲੀ ਬਿਲਡਿੰਗ
- ਏਕਤਾ ਵਿਹਾਰ ਵਿਚ ਬਣੀਆਂ ਪੰਜ ਦੁਕਾਨਾਂ
- ਵਿਜੇ ਰਿਜ਼ਾਰਟ ਮਕਸੂਦਾਂ ਦੇ ਨੇੜੇ ਹੋਏ ਨਿਰਮਾਣ
-ਟੈਗੋਰ ਹਸਪਤਾਲ ਨੇੜੇ ਏ.ਬੀ.ਸੀ. ਮੈਡੀਸਨ ਸ਼ਾਪ
- ਕਾਸਮੋ ਹੁੰਡਈ ਸ਼ੋਅਰੂਮ ਦੇ ਸਾਹਮਣੇ ਕਮਰਸ਼ੀਅਲ ਕੰਸਟਰੱਕਸ਼ਨ
- ਬੀ.ਐੱਮ.ਸੀ. ਚੌਕ ਨੇੜੇ ਬੈਰਿਸਟਾ ਅਤੇ ਸਬਵੇਅ ਕੋਲ ਹੋਏ ਨਿਰਮਾਣ
- ਸਪੋਰਟਸ ਮਾਰਕੀਟ ਪੀ.ਐੱਨ.ਬੀ. ਬੈਂਕ ਦੇ ਨਾਲ ਬਣੀ ਬਿਲਡਿੰਗ
- ਫਗਵਾੜਾ ਗੇਟ ਲਵਲੀ ਇਲੈਕਟ੍ਰੀਕਲ ਦੇ ਨੇੜੇ ਹੋਏ ਨਿਰਮਾਣ
- ਹੋਟਲ ਰਾਜਨ ਨੇੜੇ ਨਾਜਾਇਜ਼ ਬਿਲਡਿੰਗ
- ਨਰੂਲਾ ਪੈਲੇਸ, ਆਦਰਸ਼ ਹਸਪਤਾਲ ਦੇ ਨੇੜੇ ਬਣੀ ਬਿਲਡਿੰਗ
- ਚੌਕ ਬਾਜ਼ਾਰ ਨੌਹਰੀਆਂ ਨੇੜੇ ਹਰਕ੍ਰਿਸ਼ਨ ਹੱਬ ਦੇ ਨਾਲ ਬਿਲਡਿੰਗ
- ਮਖਦੂਮਪੁਰਾ ’ਚ ਦੀਪਕ ਫਾਈਨਾਂਸ ਨੇੜੇ ਫਰਨੀਚਰ ਦਾ ਗੋਦਾਮ
- ਫਗਵਾੜਾ ਗੇਟ ਪੁਰਾਣੇ ਬਿਜਲੀ ਘਰ ਦੇ ਅੰਦਰ ਹੋਈ ਉਸਾਰੀ
- ਸਾਈਂਦਾਸ ਸਕੂਲ ਪਟੇਲ ਚੌਕ ਨੇੜੇ ਮੋਬਾਈਲ ਵਰਲਡ ਸ਼ੋਅਰੂਮ
- ਹੋਟਲ ਬਸੰਤ ਆਦਰਸ਼ ਨਗਰ ਨੇੜੇ ਹੋਏ ਮਾਰਕੀਟ ਦੇ ਨਿਰਮਾਣ
- ਮਾਈ ਹੀਰਾਂ ਗੇਟ ਤੋਂ ਮਿੱਠਾ ਬਾਜ਼ਾਰ ਨੂੰ ਜਾਂਦੀ ਸੜਕ ਦੇ ਕਾਰਨਰ ’ਤੇ ਬਣੀ ਬਿਲਡਿੰਗ
- ਗੁੱਡਵਿਲ ਹਸਪਤਾਲ, ਰਾਮਾ ਮੰਡੀ ਹੁਸ਼ਿਆਰਪੁਰ ਰੋਡ।

ਇਹ ਵੀ ਪੜ੍ਹੋ: ਸਸਤੀ ਦਾਲ ਤੇ ਆਟੇ ਤੋਂ ਬਾਅਦ ਹੁਣ ਜਲੰਧਰ ਦੀ ਇਸ ਮੰਡੀ 'ਚ ਮਿਲ ਰਹੇ ਸਸਤੇ ਚੌਲ

ਫਗਵਾੜਾ ਗੇਟ ’ਚ ਪੁਰਾਣੀ ਹਵੇਲੀ ਨੂੰ ਤੋੜ ਕੇ ਬਣਾਈ ਨਾਜਾਇਜ਼ ਮਾਰਕੀਟ, ਨਿਗਮ ਕੋਲ ਪਹੁੰਚੀ ਸ਼ਿਕਾਇਤ
ਫਗਵਾੜਾ ਗੇਟ ਵਰਗੇ ਰਿਹਾਇਸ਼ੀ ਇਲਾਕੇ ਵਿਚ ਪਿਛਲੇ ਲੰਮੇ ਸਮੇਂ ਤੋਂ ਪੁਰਾਣੇ ਘਰਾਂ ਨੂੰ ਤੋਡ਼ ਕੇ ਨਾਜਾਇਜ਼ ਤੌਰ ’ਤੇ ਕਮਰਸ਼ੀਅਲ ਨਿਰਮਾਣ ਕੀਤੇ ਜਾਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਪਰ ਹੁਣ ਇਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਬੇਦੀ ਇਲੈਕਟ੍ਰੀਕਲਜ਼ ਦੇ ਠੀਕ ਪਿੱਛੇ ਇਕ ਪੁਰਾਣੀ ਹਵੇਲੀ ਨੂੰ ਤੋੜ ਕੇ ਉਥੇ ਅੰਦਰਖਾਤੇ ਇਕ ਪੂਰੀ ਮਾਰਕੀਟ ਦਾ ਨਿਰਮਾਣ ਕਰ ਲਿਆ ਗਿਆ ਹੈ। ਪਤਾ ਲੱਗਾ ਹੈ ਕਿ 4-5 ਦੁਕਾਨਾਂ ਵਾਲੀ ਇਸ ਮਾਰਕੀਟ ਦੇ ਨਿਰਮਾਣ ਵਿਚ ਨਿਗਮ ਅਧਿਕਾਰੀਆਂ ਦੀ ਮਿਲੀਭੁਗਤ ਰਹੀ ਅਤੇ ਬਾਹਰੀ ਤੇ ਪੁਰਾਣੀਆਂ ਕੰਧਾਂ ਨੂੰ ਤੋੜੇ ਬਗੈਰ ਹੀ ਅੰਦਰ ਦੁਕਾਨਾਂ ਬਣਾ ਲਈਆਂ ਗਈਆਂ। ਅਜੇ ਉਨ੍ਹਾਂ ਵਿਚ ਸ਼ਟਰ ਨਹੀਂ ਲਗਾਏ ਗਏ। ਪਤਾ ਲੱਗਾ ਹੈ ਕਿ ਬੁੱਧਵਾਰ ਜਦੋਂ ਚੰਡੀਗੜ੍ਹ ਤੋਂ ਆਈ ਚੀਫ਼ ਵਿਜੀਲੈਂਸ ਆਫਿਸਰ ਦੀ ਟੀਮ ਨਿਗਮ ਵਿਚ ਬੈਠੀ ਹੋਈ ਸੀ ਤਾਂ ਇਸ ਨਾਜਾਇਜ਼ ਨਿਰਮਾਣ ਨੂੰ ਲੈ ਕੇ ਨਿਗਮ ਅਧਿਕਾਰੀਆਂ ਕੋਲ ਸ਼ਿਕਾਇਤ ਪਹੁੰਚੀ ਪਰ ਸ਼ਿਕਾਇਤਕਰਤਾ ਨੂੰ ਉਥੋਂ ਚਲਦਾ ਕਰ ਦਿੱਤਾ ਗਿਆ ਤਾਂ ਕਿ ਇਹ ਮਾਮਲਾ ਵਿਜੀਲੈਂਸ ਤਕ ਨਾ ਪਹੁੰਚੇ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਇਸ ਨਾਜਾਇਜ਼ ਨਿਰਮਾਣ ਕਾਰਨ ਬਿਲਡਰ ਜਾਂ ਪ੍ਰਾਪਰਟੀ ਡੀਲਰ ਨੂੰ ਤਾਂ ਲੱਖਾਂ-ਕਰੋੜਾਂ ਦਾ ਫਾਇਦਾ ਹੋ ਜਾਵੇਗਾ ਪਰ ਨਿਗਮ ਦੇ ਖਜ਼ਾਨੇ ਵਿਚ ਇਕ ਚਵੰਨੀ ਤਕ ਨਹੀਂ ਆਵੇਗੀ ਅਤੇ ਲੱਖਾਂ ਰੁਪਏ ਦੇ ਟੈਕਸ ਦੀ ਚੋਰੀ ਹੋਵੇਗੀ।

ਇਹ ਵੀ ਪੜ੍ਹੋ: ਗੜ੍ਹਸ਼ੰਕਰ 'ਚ ਸੈਕਸ ਰੈਕੇਟ ਦਾ ਪਰਦਾਫ਼ਾਸ਼, 6 ਔਰਤਾਂ ਸਣੇ 11 ਵਿਅਕਤੀ ਇਤਰਾਜ਼ਯੋਗ ਹਾਲਾਤ 'ਚ ਗ੍ਰਿਫ਼ਤਾਰ

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News