ਬਰਲਟਨ ਪਾਰਕ ’ਚ ਸਪੋਰਟਸ ਹੱਬ ਬਣਾਉਣ ਵਾਲੇ ਠੇਕੇਦਾਰ ਨੇ ਛੱਡਿਆ ਕੰਮ

Saturday, Oct 01, 2022 - 01:00 PM (IST)

ਬਰਲਟਨ ਪਾਰਕ ’ਚ ਸਪੋਰਟਸ ਹੱਬ ਬਣਾਉਣ ਵਾਲੇ ਠੇਕੇਦਾਰ ਨੇ ਛੱਡਿਆ ਕੰਮ

ਜਲੰਧਰ (ਖੁਰਾਣਾ)–ਤਤਕਾਲੀ ਮੇਅਰ ਰਾਕੇਸ਼ ਰਾਠੌਰ ਦੇ ਡ੍ਰੀਮ ਪ੍ਰਾਜੈਕਟ ਬਰਲਟਨ ਪਾਰਕ ਸਪੋਰਟਸ ਹੱਬ ਨੂੰ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਸ਼ੁਰੂ ਨਹੀਂ ਕੀਤਾ ਜਾ ਸਕਿਆ ਸੀ ਕਿਉਂਕਿ ਉਨ੍ਹਾਂ ਦੀ ਆਪਣੀ ਹੀ ਪਾਰਟੀ ਦੇ ਆਗੂ ਕ੍ਰੈਡਿਟ ਵਾਰ ਵਿਚ ਉਲਝ ਕੇ ਰਹਿ ਗਏ ਸਨ ਪਰ ਪਿਛਲੇ 5 ਸਾਲ ਪੰਜਾਬ ਅਤੇ ਜਲੰਧਰ ਦੀ ਸੱਤਾ ’ਤੇ ਕਬਜ਼ਾ ਕਰਕੇ ਬੈਠੀ ਰਹੀ ਕਾਂਗਰਸ ਪਾਰਟੀ ਦੇ ਆਗੂਆਂ ਨੇ ਵੀ ਸਪੋਰਟਸ ਹੱਬ ਪ੍ਰਾਜੈਕਟ ਨੂੰ ਲੈ ਕੇ ਸ਼ਹਿਰ ਨਿਵਾਸੀਆਂ ਨਾਲ ਸਿਰਫ਼ ਝੂਠੇ ਵਾਅਦੇ ਹੀ ਕੀਤੇ।

ਇਥੇ ਹੀ ਬਸ ਨਹੀਂ, ਕਾਂਗਰਸ ਸਰਕਾਰ ਦੌਰਾਨ ਸਮਾਰਟ ਸਿਟੀ ਜਲੰਧਰ ਦੇ ਅਧਿਕਾਰੀਆਂ ਨੇ ਜਿਹੜੀ ਲਾਪਰਵਾਹੀ ਅਤੇ ਨਾਲਾਇਕੀ ਵਿਖਾਈ ਹੈ, ਉਸ ਕਾਰਨ ਸਮਾਰਟ ਸਿਟੀ ਦੇ ਸਭ ਤੋਂ ਮਹੱਤਵਪੂਰਨ ਮੰਨੇ ਜਾ ਰਹੇ ਸਪੋਰਟਸ ਹੱਬ ਪ੍ਰਾਜੈਕਟ ਦੇ ਠੇਕੇਦਾਰ ਨੇ ਹੁਣ ਕੰਮ ਛੱਡਣ ਦਾ ਅਧਿਕਾਰਤ ਤੌਰ ’ਤੇ ਐਲਾਨ ਕਰ ਦਿੱਤਾ ਹੈ ਅਤੇ ਸਮਾਰਟ ਸਿਟੀ ਦੇ ਅਧਿਕਾਰੀਆਂ ਨੂੰ ਇਕ ਚਿੱਠੀ ਲਿਖ ਕੇ ਸਾਫ਼ ਕਿਹਾ ਕਿ ਉਹ ਅਫ਼ਸਰਾਂ ਦੇ ਅਜਿਹੇ ਨਾ-ਮਿਲਵਰਤਣ ਵਾਲੇ ਰਵੱਈਏ ਵਿਚਕਾਰ ਕੰਮ ਨਹੀਂ ਕਰ ਸਕਦਾ। ਇਸ ਲਈ ਉਸ ਦੀ ਬੈਂਕ ਗਾਰੰਟੀ ਵਾਪਸ ਕੀਤੀ ਜਾਵੇ ਅਤੇ ਹੁਣ ਤੱਕ ਹੋਏ ਥੋੜ੍ਹੇ-ਬਹੁਤ ਕੰਮ ਦਾ ਭੁਗਤਾਨ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਇਸ ਹੱਬ ਨੂੰ ਬਣਾਉਣ ਦਾ ਠੇਕਾ ਲੈਣ ਵਾਲੀ ਕੰਪਨੀ ਏ. ਐੱਸ. ਐਂਟਰਪ੍ਰਾਈਜ਼ਿਜ਼ ਨੇ ਸਮਾਰਟ ਸਿਟੀ ਦੇ ਅਫ਼ਸਰਾਂ ਨੂੰ ਪਹਿਲਾਂ ਨੋਟਿਸ ਭੇਜੇ ਸਨ ਕਿ ਉਹ ਇਨ੍ਹਾਂ ਹਾਲਾਤ ਵਿਚ ਪ੍ਰਾਜੈਕਟ ਦਾ ਕੰਮ ਅੱਗੇ ਨਹੀਂ ਵਧਾ ਸਕੇਗੀ। ਖਾਸ ਗੱਲ ਇਹ ਹੈ ਕਿ ਜਿਹੜਾ ਪ੍ਰਾਜੈਕਟ ਇਕ ਸਾਲ ਦੇ ਅੰਦਰ ਖਤਮ ਹੋਣਾ ਸੀ, 9 ਮਹੀਨੇ ਬੀਤਣ ਦੇ ਬਾਵਜੂਦ ਅਜੇ ਤੱਕ ਉਥੇ ਚਾਰਦੀਵਾਰੀ ਦਾ ਕੰਮ ਵੀ ਪੂਰਾ ਨਹੀਂ ਹੋਇਆ ਅਤੇ ਉਹ ਵੀ ਅਧੂਰਾ ਪਿਆ ਹੋਇਆ ਹੈ। ਕੰਪਨੀ ਦਾ ਦੋਸ਼ ਹੈ ਕਿ ਜਲੰਧਰ ਅਤੇ ਚੰਡੀਗੜ੍ਹ ਬੈਠੇ ਅਧਿਕਾਰੀ ਉਨ੍ਹਾਂ ਨੂੰ ਕਈ ਕੰਮਾਂ ਦੀ ਮਨਜ਼ੂਰੀ ਹੀ ਨਹੀਂ ਦੇ ਰਹੇ, ਜਿਸ ਕਾਰਨ ਉਹ ਕੰਮ ਸ਼ੁਰੂ ਕਰਨ ਦੀ ਸਥਿਤੀ ਵਿਚ ਪਹੁੰਚੇ ਹੀ ਨਹੀਂ।

ਇਹ ਵੀ ਪੜ੍ਹੋ: ਥਾਣੇਦਾਰ ਦੇ ਪੁੱਤ ਨੇ USA 'ਚ ਚਮਕਾਇਆ ਪੰਜਾਬ ਦਾ ਨਾਂ, ਹਾਸਲ ਕੀਤੀ ਇਹ ਵੱਡੀ ਡਿਗਰੀ

PunjabKesari

ਸਿਰਫ਼ ਚੋਣ ਫਾਇਦੇ ਲਈ ਹੋਇਆ ਸੀ ਉਦਘਾਟਨ
ਪ੍ਰਾਜੈਕਟ ਬੰਦ ਹੋ ਜਾਣ ਨਾਲ ਇਨ੍ਹਾਂ ਦੋਸ਼ਾਂ ਨੂੰ ਬਲ ਮਿਲਿਆ ਹੈ ਕਿ ਫਰਵਰੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ ਉਮੀਦਵਾਰ ਬਾਵਾ ਹੈਨਰੀ ਨੂੰ ਚੋਣ ਫਾਇਦਾ ਦਿਵਾਉਣ ਲਈ ਹੀ ਸਮਾਰਟ ਸਿਟੀ ਦੇ ਉਸ ਸਮੇਂ ਦੇ ਅਧਿਕਾਰੀਆਂ ਨੇ ਇਸ ਪ੍ਰਾਜੈਕਟ ਦਾ ਜਲਦਬਾਜ਼ੀ ਵਿਚ ਉਦਘਾਟਨ ਕਰਵਾ ਲਿਆ ਸੀ, ਜਿਹੜਾ ਕੋਡ ਆਫ ਕੰਡਕਟ ਲੱਗਣ ਤੋਂ ਕੁਝ ਹੀ ਘੰਟੇ ਪਹਿਲਾਂ 7 ਜਨਵਰੀ ਨੂੰ ਕੀਤਾ ਗਿਆ। ਸ਼ੁਰੂਆਤੀ ਪੜਾਅ ਵਿਚ ਹੀ ਪ੍ਰਾਜੈਕਟ ਦੀ ਡਰਾਇੰਗ ਵਿਚ ਤਬਦੀਲੀ ਕਰਵਾਉਣ ਦੀਆਂ ਕੋਸ਼ਿਸ਼ਾਂ ਹੋਣ ਲੱਗੀਆਂ। ਇਕ ਮੌਕੇ ’ਤੇ ਤਾਂ ਨਿਗਮ ਕਮਿਸ਼ਨਰ ਦੇ ਅਹੁਦੇ ’ਤੇ ਰਹੀ ਦੀਪਸ਼ਿਪਾ ਸ਼ਰਮਾ ਨੇ ਇਸ ਪ੍ਰਾਜੈਕਟ ਦੀ ਲਾਗਤ ਵਧਾਉਣ ਤੋਂ ਇਨਕਾਰ ਕਰ ਦਿਤਾ ਅਤੇ ਉਸ ਤੋਂ ਬਾਅਦ ਸਮਾਰਟ ਸਿਟੀ ਦੇ ਅਧਿਕਾਰੀ ਇਸ ਦੀ ਡਰਾਇੰਗ ਨੂੰ ਵੀ ਫਾਈਨਲ ਨਹੀਂ ਕਰ ਸਕੇ।

ਸਾਰੀਆਂ ਪਾਰਟੀਆਂ ਤੋਂ ਨਿਰਾਸ਼ ਹਨ ਖੇਡ ਪ੍ਰੇਮੀ
ਬਰਲਟਨ ਪਾਰਕ ਸਪੋਰਟਸ ਹੱਬ ਪ੍ਰਾਜੈਕਟ ਬੰਦ ਹੋਣ ਲਈ ਸਾਰੀਆਂ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਨੂੰ ਬਰਾਬਰ ਦਾ ਦੋਸ਼ੀ ਮੰਨਿਆ ਜਾ ਰਿਹਾ ਹੈ। ਜਦੋਂ ਭਾਜਪਾ ਦੇ ਮੇਅਰ ਰਾਕੇਸ਼ ਰਾਠੌਰ ਨੇ ਇਸ ਪ੍ਰਾਜੈਕਟ ਦੀ ਯੋਜਨਾ ਬਣਾਈ ਤਾਂ ਉਨ੍ਹਾਂ ਦੀ ਪਾਰਟੀ ਵਿਚ ਹੀ ਉਨ੍ਹਾਂ ਦੇ ਕੁਝ ਦੁਸ਼ਮਣਾਂ ਨੇ ਇਸ ਪ੍ਰਾਜੈਕਟ ਦਾ ਵਿਰੋਧ ਸ਼ੁਰੂ ਕਰ ਦਿੱਤਾ, ਜਿਸ ਕਾਰਨ ਉਹ ਅੱਗੇ ਨਹੀਂ ਵਧ ਸਕੇ। ਉਸ ਤੋਂ ਬਾਅਦ ਭਾਜਪਾ ਦੇ ਹੀ ਸੁਨੀਲ ਜੋਤੀ ਮੇਅਰ ਬਣੇ ਪਰ ਉਹ ਵੀ ਇਸ ਪ੍ਰਾਜੈਕਟ ਨੂੰ ਚਲਾ ਨਹੀਂ ਸਕੇ। 5 ਸਾਲ ਰਾਜ ਕਰਨ ਵਾਲੀ ਕਾਂਗਰਸ ਨੇ ਵੀ ਖੇਡ ਪ੍ਰੇਮੀਆਂ ਨੂੰ ਸਿਰਫ਼ ਸੁਫ਼ਨੇ ਹੀ ਵਿਖਾਏ ਅਤੇ ਜਿਹੜਾ ਪ੍ਰਾਜੈਕਟ 500 ਕਰੋੜ ਰੁਪਏ ਦਾ ਦੱਸਿਆ ਜਾ ਰਿਹਾ ਸੀ, ਉਹ ਸਿਰਫ 77 ਕਰੋੜ ਤੱਕ ਸਿਮਟ ਗਿਆ। ਇਸ ਪ੍ਰਾਜੈਕਟ ਤਹਿਤ ਇਕ ਹੋਰ ਹਾਕੀ ਗਰਾਊਂਡ ਦੀ ਟਰਫ ਵਿਛਾਉਣ, ਕ੍ਰਿਕਟ ਸਟੇਡੀਅਮ ਬਣਾਉਣ, ਮਲਟੀਪਰਪਜ਼ ਹਾਲ, ਪਾਰਕਿੰਗ ਏਰੀਆ, ਪਾਰਕਾਂ ਦੇ ਸੁਧਾਰ ਆਦਿ ਦੇ ਦਾਅਵੇ ਕੀਤੇ ਗਏ ਪਰ ਕਿਸੇ ਵੀ ਸਰਕਾਰ ਕੋਲੋਂ ਕੁਝ ਨਹੀਂ ਹੋ ਸਕਿਆ। ਹੁਣ 6 ਮਹੀਨੇ ਪੂਰੇ ਕਰ ਚੁੱਕੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਸਪੋਰਟਸ ਹੱਬ ਨੂੰ ਲੈ ਕੇ ਕੋਈ ਖਾਸ ਕੋਸ਼ਿਸ਼ ਨਹੀਂ ਕੀਤੀ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਹੁਣ ਜਲੰਧਰ ਸ਼ਾਇਦ ਹੀ ਖੇਡਾਂ ਵਿਚ ਅੱਗੇ ਵਧ ਸਕੇ।

ਇਹ ਵੀ ਪੜ੍ਹੋ: SHO ਦੇ ਸ਼ਾਤਿਰ ਦਿਮਾਗ ਦੇ ਜਲੰਧਰ 'ਚ ਚਰਚੇ, ਹੋਣਾ ਪਿਆ ਲਾਈਨ ਹਾਜ਼ਰ, ਜਾਣੋ ਪੂਰਾ ਮਾਮਲਾ

‘ਜਗ ਬਾਣੀ’ ਨੇ ਪਹਿਲਾਂ ਹੀ ਦੇ ਦਿੱਤੀ ਸੀ ਵਾਰਨਿੰਗ
ਅੱਜ ਤੋਂ ਠੀਕ ਇਕ ਮਹੀਨਾ ਪਹਿਲਾਂ 27 ਅਗਸਤ ਦੇ ਅੰਕ ’ਚ ‘ਜਗ ਬਾਣੀ’ ਨੇ ਪਹਿਲਾਂ ਹੀ ਵਾਰਨਿੰਗ ਦੇ ਦਿੱਤੀ ਸੀ ਕਿ ਅਫਸਰਾਂ ਦੇ ਨਾ-ਮਿਲਵਰਤਣ ਵਾਲੇ ਵਤੀਰੇ ਕਾਰਨ ਬਰਲਟਨ ਪਾਰਕ ਸਪੋਰਟਸ ਹੱਬ ਪ੍ਰਾਜੈਕਟ ਦਾ ਬਿਸਤਰਾ ਗੋਲ ਹੋ ਸਕਦਾ ਹੈ। ਕੰਪਨੀ ਵੱਲੋਂ ਇਸ ਮਾਮਲੇ ਵਿਚ ਹੁਣ ਰਸਮੀ ਚਿੱਠੀ ਜਾਰੀ ਕਰ ਦਿੱਤੇ ਜਾਣ ਨਾਲ ‘ਜਗ ਬਾਣੀ’ ਦਾ ਖਦਸ਼ਾ ਸੱਚ ਸਾਬਿਤ ਹੋਇਆ ਹੈ।

ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ’ਚ ਸੱਤਾ ਧਿਰ ਤੇ ਵਿਰੋਧੀ ਧਿਰ ਆਹਮੋ-ਸਾਹਮਣੇ, ਕਾਰਵਾਈ ਸੋਮਵਾਰ ਤੱਕ ਮੁਲਤਵੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News