ਸ਼ਹਿਰ ’ਚ ਸਾਫ਼-ਸਫ਼ਾਈ ਤੇ ਗੰਦਗੀ ਦੇ ਹਾਲਾਤ ਹੋਰ ਵਿਗੜਨ ਲੱਗੇ, ਸਵੱਛਤਾ ਰੈਂਕਿੰਗ ’ਚ ਗਿਰਾਵਟ ਆਉਣੀ ਯਕੀਨੀ

Friday, Aug 18, 2023 - 12:19 PM (IST)

ਸ਼ਹਿਰ ’ਚ ਸਾਫ਼-ਸਫ਼ਾਈ ਤੇ ਗੰਦਗੀ ਦੇ ਹਾਲਾਤ ਹੋਰ ਵਿਗੜਨ ਲੱਗੇ, ਸਵੱਛਤਾ ਰੈਂਕਿੰਗ ’ਚ ਗਿਰਾਵਟ ਆਉਣੀ ਯਕੀਨੀ

ਜਲੰਧਰ (ਖੁਰਾਣਾ)–ਸਮਾਰਟ ਸਿਟੀ ਮਿਸ਼ਨ ਅਤੇ ਸਵੱਛ ਭਾਰਤ ਤਹਿਤ ਜਲੰਧਰ ਨਿਗਮ ਨੂੰ ਕਰੋੜਾਂ-ਅਰਬਾਂ ਰੁਪਏ ਦੀ ਗਰਾਂਟ ਪ੍ਰਾਪਤ ਹੋ ਚੁੱਕੀ ਹੈ ਪਰ ਇਸ ਦੇ ਬਾਵਜੂਦ ਜਲੰਧਰ ਨਿਗਮ ਸ਼ਹਿਰ ਦੀ ਸਾਫ਼-ਸਫ਼ਾਈ ਵਿਵਸਥਾ ਨੂੰ ਸੁਧਾਰ ਨਹੀਂ ਸਕਿਆ, ਜਿਸ ਤੋਂ ਲੱਗਦਾ ਹੈ ਕਿ ਇਸ ਵਾਰ ਜਲੰਧਰ ਦੀ ਸਵੱਛਤਾ ਰੈਂਕਿੰਗ ਵਿਚ ਹੋਰ ਗਿਰਾਵਟ ਆਵੇਗੀ। ਅੱਜ ਵੀ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵਿਚ ਗੰਦਗੀ ਫੈਲੀ ਹੋਈ ਹੈ ਅਤੇ ਕੂੜੇ ਦਾ ਵੀ ਕੋਈ ਹੱਲ ਨਹੀਂ ਕੱਢਿਆ ਜਾ ਸਕਿਆ। ਬਰਸਾਤ ਦੇ ਸੀਜ਼ਨ ਦੇ ਮੱਦੇਨਜ਼ਰ ਜਲੰਧਰ ਨਿਗਮ ਦੇ ਅਧਿਕਾਰੀਆਂ ਨੇ ਪਿਛਲੇ ਮਹੀਨੇ ਫੀਲਡ ਵਿਚ ਨਿਕਲ ਕੇ ਜੋ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਸੀ, ਉਹ ਹੁਣ ਬੰਦ ਹੋ ਚੁੱਕੀ ਹੈ ਅਤੇ ਕੋਈ ਵੀ ਨਿਗਮ ਅਧਿਕਾਰੀ ਹੁਣ ਫੀਲਡ ਵਿਚ ਨਿਕਲ ਕੇ ਸਾਫ਼-ਸਫ਼ਾਈ ਦੀ ਵਿਵਸਥਾ ਨੂੰ ਨਹੀਂ ਵੇਖ ਰਿਹਾ। ਆਜ਼ਾਦੀ ਦਿਹਾੜੇ ਕਾਰਨ ਪਿਛਲੇ ਹਫਤੇ ਜਲੰਧਰ ਨਿਗਮ ਨੇ ਜਿਹੜੀ ਵਿਸ਼ੇਸ਼ ਮੁਹਿੰਮ ਚਲਾਈ, ਉਸ ਤਹਿਤ ਸਿਰਫ਼ ਕੁਝ ਸੜਕਾਂ ਦੀ ਸਫ਼ਾਈ ਕੀਤੀ ਗਈ, ਜਿਹੜੀਆਂ ਸਟੇਡੀਅਮ ਵੱਲ ਜਾਂਦੀਆਂ ਸਨ। ਬਾਕੀ ਸੜਕਾਂ ’ਤੇ ਕੂੜੇ ਦੇ ਢੇਰ ਲੱਗੇ ਰਹੇ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ ਨੂੰ ਕਾਂਗਰਸ ਮੁਕਤ ਕਰਨ ਲਈ ਭਾਜਪਾ ਤੇ ‘ਆਪ’ ਨੇ ਰਚਿਆ ਚੱਕਰਵਿਊ

ਸਰਕਾਰ ਦਾ ਮੂੰਹ ਚਿੜਾ ਰਿਹੈ ਸਰਕਾਰੀ ਸਕੂਲ ਦੇ ਗੇਟ ਦੇ ਸਾਹਮਣੇ ਬਣਾਇਆ ਗਿਆ ਕੂੜੇ ਦਾ ਡੰਪ
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿਹਤ ਤੋਂ ਇਲਾਵਾ ਸੂਬੇ ਦੀਆਂ ਸਿੱਖਿਆ ਸੰਸਥਾਵਾਂ ਦਾ ਕਾਇਆ-ਕਲਪ ਕਰਨ ਦੀ ਮੁਹਿੰਮ ਛੇੜੀ ਹੋਈ ਹੈ। ਇਸ ਮੁਹਿੰਮ ਤਹਿਤ ਪੰਜਾਬ ਦੇ ਹਜ਼ਾਰਾਂ ਸਕੂਲਾਂ ਦੀ ਦਸ਼ਾ ਸੁਧਾਰੀ ਜਾ ਚੁੱਕੀ ਹੈ ਪਰ ਜਲੰਧਰ ਨਿਗਮ ਇਸ ਮਾਮਲੇ ਵਿਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਅਕਸ ਖਰਾਬ ਕਰ ਰਿਹਾ ਹੈ। ਲਾਡੋਵਾਲੀ ਰੋਡ ’ਤੇ ਪੈਂਦੇ ਅਲਾਸਕਾ ਚੌਕ ਨੇੜੇ ਸਰਕਾਰੀ ਮਾਡਲ ਕੋ-ਐਜੂਕੇਸ਼ਨ ਸੀਨੀਅਰ ਸਕੂਲ ਦਾ ਪਿਛਲਾ ਗੇਟ ਮਾਸਟਰ ਤਾਰਾ ਸਿੰਘ ਨਗਰ ਵੱਲ ਖੁੱਲ੍ਹਦਾ ਹੈ, ਉਸ ਗੇਟ ਦੇ ਬਿਲਕੁਲ ਸਾਹਮਣੇ ਨਿਗਮ ਨੇ ਕੂੜੇ ਦੇ ਵੱਡੇ-ਵੱਡੇ ਢੇਰ ਲਾਏ ਹੋਏ ਹਨ ਅਤੇ ਉਥੇ ਪੱਕਾ ਡੰਪ ਬਣ ਚੁੱਕਾ ਹੈ। ਇਥੋਂ ਹੋ ਕੇ ਬੱਚਿਆਂ ਨੂੰ ਸਕੂਲ ਆਉਣਾ-ਜਾਣਾ ਪੈਂਦਾ ਹੈ।

PunjabKesari

ਪੀ. ਐਂਡ ਟੀ. ਕਾਲੋਨੀ ਤੋਂ ਮਾਸਟਰ ਤਾਰਾ ਸਿੰਘ ਨਗਰ ਵੱਲ ਜਾਂਦੀ ਇਸ ਸੜਕ ’ਤੇ ਇੰਨੀ ਗੰਦਗੀ ਹੈ, ਜਿਵੇਂ ਇਥੇ ਕਦੀ ਸਫ਼ਾਈ ਹੀ ਨਾ ਹੋਈ ਹੋਵੇ। ਇਸ ਇਲਾਕੇ ਦੇ ਸਫਾਈ ਸੇਵਕ ਸੁਪਰਵਾਈਜ਼ਰ, ਸੈਨੇਟਰੀ ਇੰਸਪੈਕਟਰ, ਚੀਫ ਇੰਸਪੈਕਟਰ ਅਤੇ ਇਸ ਤੋਂ ਵੀ ਉੱਪਰ ਬੈਠੇ ਅਧਿਕਾਰੀਆਂ ਦੀ ਜਵਾਬਤਲਬੀ ਕੀਤੀ ਜਾਣੀ ਚਾਹੀਦੀ ਕਿ ਜੇਕਰ ਸਰਕਾਰੀ ਸਕੂਲਾਂ ਦੀ ਦਸ਼ਾ ਬਦਲਣ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਲੱਗੀ ਹੋਈ ਹੈ ਤਾਂ ਉਨ੍ਹਾਂ ਦੇ ਗੇਟਾਂ ਦੇ ਸਾਹਮਣੇ ਗੰਦਗੀ ਕਿਉਂ ਫੈਲਾਈ ਜਾ ਰਹੀ ਹੈ ਅਤੇ ਸਰਕਾਰੀ ਸਕੂਲਾਂ ਦੇ ਗੇਟ ਦੇ ਠੀਕ ਸਾਹਮਣੇ ਕੂੜੇ ਦਾ ਡੰਪ ਬਣਉਣ ਦੀ ਤੁਕ ਹੀ ਕੀ ਹੈ।

ਕਾਲਾ ਸੰਘਿਆਂ ਰੋਡ ’ਤੇ ਈਸ਼ਵਰ ਕਾਲੋਨੀ ਨਰਕ ਦਾ ਰੂਪ ਧਾਰਨ ਕਰਨ ਲੱਗੀ
ਇਸ ਸਮੇਂ ਨਗਰ ਨਿਗਮ ਦਾ ਕਮਿਸ਼ਨਰ ਹਾਊਸ ਭੰਗ ਹੈ ਅਤੇ ਸਾਰੇ ਸਾਬਕਾ ਕੌਂਸਲਰ ਘਰਾਂ ਵਿਚ ਬੈਠੇ ਆਰਾਮ ਕਰ ਰਹੇ ਹਨ। ਦੂਜੇ ਪਾਸੇ ਨਗਰ ਨਿਗਮ ਦੇ ਅਧਿਕਾਰੀ ਕੰਮ ਨਹੀਂ ਕਰ ਰਹੇ, ਇਸ ਕਾਰਨ ਵਧੇਰੇ ਕਾਲੋਨੀਆਂ ਵਿਚ ਸਾਫ-ਸਫਾਈ ਦੀ ਹਾਲਤ ਵਿਗੜਨ ਲੱਗੀ ਹੈ। ਕਾਲਾ ਸੰਘਿਆਂ ਰੋਡ ’ਤੇ ਸ਼ੂਰ ਮਾਰਕੀਟ ਦੇ ਸਾਹਮਣੇ ਈਸ਼ਵਰ ਕਾਲੋਨੀ ਦੀ ਗਲੀ ਨੰਬਰ 1 ਤਾਂ ਨਰਕ ਦਾ ਰੂਪ ਧਾਰਨ ਕਰ ਚੁੱਕੀ ਹੈ। ਇਥੇ ਗਲੀਆਂ ਵਿਚ ਹੀ ਸੀਵਰੇਜ ਦਾ ਗੰਦਾ ਪਾਣੀ ਖੜ੍ਹਾ ਬਦਬੂ ਮਾਰਦਾ ਹੈ। ਖਾਲੀ ਪਲਾਟਾਂ ਵਿਚ ਵੀ ਕੂੜੇ ਦੇ ਢੇਰ ਲੱਗੇ ਹੋਏ ਹਨ ਅਤੇ ਬਰਸਾਤ ਦਾ ਪਾਣੀ ਜਮ੍ਹਾ ਹੈ, ਜਿਸ ਵਿਚ ਮੱਛਰਾਂ ਦਾ ਲਾਰਵਾ ਪੈਦਾ ਹੋ ਰਿਹਾ ਹੈ।
ਇਹ ਵੀ ਪੜ੍ਹੋ- ਅਬੋਹਰ ਵਿਖੇ ਘਰ ਦੇ ਬਾਹਰ ਖੇਡ ਰਿਹਾ ਬੱਚਾ ਸੀਵਰੇਜ 'ਚ ਡਿੱਗਿਆ, CCTV 'ਚ ਕੈਦ ਹੋਈ ਘਟਨਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News