2 ਘੰਟੇ ਪਏ ਮੋਹਲੇਧਾਰ ਮੀਂਹ ਨਾਲ ਸ਼ਹਿਰ ਜਲ-ਥਲ

08/20/2019 1:49:40 AM

ਹੁਸ਼ਿਆਰਪੁਰ, (ਘੁੰਮਣ)- ਅੱਜ ਸਵੇਰੇ ਲਗਭਗ 2 ਘੰਟੇ ਪਏ ਮੋਹਲੇਧਾਰ ਮੀਂਹ ਨੇ ਸ਼ਹਿਰ ’ਚ ਜਲ-ਥਲ ਇਕ ਕਰ ਦਿੱਤਾ। ਸਵੇਰੇ ਕਰੀਬ 7 ਵਜੇ ਸ਼ੁਰੂ ਹੋਏ ਤੇਜ਼ ਮੀਂਹ ਕਾਰਣ ਬੱਸ ਸਟੈਂਡ ਰੋਡ, ਜਲੰਧਰ ਰੋਡ, ਸਰਕਾਰੀ ਕਾਲਜ ਰੋਡ, ਸੁਤਹਿਰੀ ਰੋਡ, ਘੰਟਾਘਰ, ਰੈੱਡ ਰੋਡ, ਬਾਲ ਕ੍ਰਿਸ਼ਨ ਰੋਡ, ਪ੍ਰਭਾਤ ਚੌਕ, ਚੰਡੀਗਡ਼੍ਹ ਰੋਡ ਆਦਿ ਸਮੇਤ ਸ਼ਹਿਰ ਦੀਆਂ ਪ੍ਰਮੁੱਖ ਸਡ਼ਕਾਂ ਅਤੇ ਮੁਹੱਲਿਆਂ ਵਿਚ ਪਾਣੀ ਭਰ ਗਿਆ, ਜਿਸ ਕਾਰਨ ਆਵਾਜਾਈ ਕਾਫੀ ਪ੍ਰਭਾਵਿਤ ਹੋਈ ਅਤੇ ਡਿਊਟੀਆਂ ਤੇ ਹੋਰ ਕੰਮਾਂ-ਕਾਰਾਂ ’ਤੇ ਜਾਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਈ ਮੁਹੱਲਿਆਂ ’ਚ ਤਾਂ ਝੀਲ ਵਰਗਾ ਨਜ਼ਾਰਾ ਦੇਖਣ ਨੂੰ ਮਿਲਿਆ ਅਤੇ ਲੋਕਾਂ ਦੇ ਘਰਾਂ ’ਚ ਵੀ ਪਾਣੀ ਦਾਖ਼ਲ ਹੋ ਗਿਆ।

ਨਗਰ ਨਿਗਮ ਨੂੰ ਨਿੰਦ ਰਹੇ ਨੇ ਲੋਕ

ਬਰਸਾਤਾਂ ਦੇ ਦਿਨਾਂ ਵਿਚ ਹਰ ਸਾਲ ਥੋਡ਼੍ਹਾ ਸਮਾਂ ਹੀ ਤੇਜ਼ ਮੀਂਹ ਪੈਣ ਨਾਲ ਸ਼ਹਿਰ ਅੰਦਰ ਥਾਂ-ਥਾਂ ’ਤੇ ਗੋਡੇ-ਗੋਡੇ ਪਾਣੀ ਇਕੱਠਾ ਹੋ ਜਾਂਦਾ ਹੈ। ਨਗਰ ਨਿਗਮ ਵੱਲੋਂ ਡਰੇਨ ਸਿਸਟਮ ਕੰਟਰੋਲ ’ਚ ਨਾ ਕੀਤੇ ਜਾ ਸਕਣ ਕਾਰਣ ਸ਼ਹਿਰ ਵਾਸੀਆਂ ’ਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਕਈ ਮੁਹੱਲਿਆਂ ’ਚ ਸੀਵਰੇਜ ਨੀਵਾਂ ਹੋਣ ਕਾਰਨ ਮੀਂਹ ਦੌਰਾਨ ਗੰਦਾ ਪਾਣੀ ਓਵਰਫਲੋਅ ਹੋ ਕੇ ਘਰਾਂ ’ਚ ਦਾਖ਼ਲ ਹੋ ਜਾਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਨਗਰ ਨਿਗਮ ਸਮੇਂ-ਸਮੇਂ ’ਤੇ ਨਾਲਿਆਂ ਅਤੇ ਸੀਵਰੇਜ ਦੀ ਸਫ਼ਾਈ ਵਿਵਸਥਾ ਵੱਲ ਧਿਆਨ ਦੇਵੇ ਤਾਂ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।


Bharat Thapa

Content Editor

Related News