ਨਰਕ ਵਰਗਾ ਜੀਵਨ ਜਿਊਣ ਲਈ ਮਜਬੂਰ ਹਨ ਕੀਰਤੀ ਨਗਰ ਵਾਸੀ

07/22/2019 1:58:32 AM

ਹੁਸ਼ਿਆਰਪੁਰ, (ਘੁੰਮਣ)- ਨਗਰ ਨਿਗਮ ਵੱਲੋਂ ਭਾਵੇਂ ਸ਼ਹਿਰ ਵਿਚ ਵਿਕਾਸ ਕਰਵਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪ੍ਰੰਤੂ ਮੁਹੱਲਾ ਕੀਰਤੀ ਨਗਰ ਦੇ ਵਾਸੀ ਅੱਜ ਵੀ ਨਰਕ ਵਰਗਾ ਜੀਵਨ ਜਿਊਣ ਲਈ ਮਜਬੂਰ ਹਨ। ਮੁਹੱਲੇ ਦੇ ਮੋਹਤਬਰ ਵਿਅਕਤੀਆਂ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਦੇ ਵਾਰਡ ਦਾ ਕੌਂਸਲਰ ਨਗਰ ਨਿਗਮ ’ਚ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ’ਤੇ ਹੋਣ ਦੇ ਬਾਵਜੂਦ ਉਨ੍ਹਾਂ ਦੇ ਵਾਰਡ ਦੀ ਹਾਲਤ ਤਰਸਯੋਗ ਹੈ। ਉਨ੍ਹਾਂ ਕਿਹਾ ਕਿ ਕੀਰਤੀ ਨਗਰ ਮੁਹੱਲੇ ਦੀਆਂ ਪੰਜ ਗਲੀਆਂ ਦੇ ਘਰ ਅਜਿਹੇ ਹਨ ਜੋ ਅੱਜ ਵੀ ਮੁਢਲੀਆਂ ਸਹੂਲਤਾਂ ਨੂੰ ਤਰਸ ਰਹੇ ਹਨ। ਮੁਹੱਲਾ ਵਾਸੀਆਂ ਨੇ ਇਲਾਕੇ ਦੀਆਂ ਸਮੱਸਿਆਵਾਂ ਨੂੰ ਲੈ ਕੇ ਨਗਰ ਨਿਗਮ, ਜ਼ਿਲਾ ਪ੍ਰਸ਼ਾਸਨ ਤੇ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਜ਼ਬਰਦਸਤ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਮੁਹੱਲਾ ਵਾਸੀਆਂ, ਜਿਨ੍ਹਾਂ ਵਿਚ ਸ਼ਹੀਦ ਭਗਤ ਸਿੰਘ ਵੈੱਲਫੇਅਰ ਸੋਸਾਇਟੀ ਕੀਰਤੀ ਨਗਰ ਦੇ ਪ੍ਰਧਾਨ ਕੁਲਦੀਪ ਸਿੰਘ ਧਾਮੀ, ਰਾਮ ਲੁਭਾਇਆ, ਮਨੋਜ ਭਾਰਤੀ, ਰਤੇਸ਼ ਗੁਪਤਾ, ਮਹੇਸ਼ ਕੌਸ਼ਲ, ਜਸਵਿੰਦਰ ਸਿੰਘ, ਪਟੇਲ ਲਾਲ, ਜਸਵੰਤ ਜੱਸੀ, ਪ੍ਰਗਟ ਰਾਮ, ਸੁਖਵਿੰਦਰ ਨਿੱਕਾ, ਅਜੀਤ ਰਾਜ, ਸੰਜੀਵ ਕੁਮਾਰ, ਬਿੰਦਰ ਕੁਮਾਰ, ਅਮਨ ਸ਼ਰਮਾ, ਨਿਰਮਲ ਸਿੰਘ, ਪੰਨਾ ਲਾਲ, ਭੂਦੇਵ, ਅਮੀ ਚੰਦ, ਗੁਰਮੇਲ ਕੌਰ, ਕੁਲਵਿੰਦਰ ਕੌਰ, ਅਸ਼ੋਕ ਕੁਮਾਰ, ਰਵਿੰਦਰ ਕੁਮਾਰ, ਜੋਤੀ ਦੇਵੀ, ਹਰਬੰਸ ਕੌਰ, ਇੰਦਰ, ਸੰਗੀਤ, ਬਿਮਲਾ ਆਦਿ ਸ਼ਾਮਲ ਸਨ, ਨੇ ਕਿਹਾ ਕਿ ਬਰਸਾਤ ਦੇ ਮੌਸਮ ਦੌਰਾਨ ਪਾਣੀ ਦੀ ਕੋਈ ਨਿਕਾਸੀ ਨਾ ਹੋਣ ਕਰਕੇ ਗੰਦਾ ਪਾਣੀ ਗਲੀਆਂ ’ਚ ਖਡ਼੍ਹਾ ਰਹਿੰਦਾ ਹੈ ਅਤੇ ਮੱਛਰ-ਮੱਖੀ ਪੈਦਾ ਹੋਣ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਟਿਊਬਵੈੱਲ ਨੂੰ ਠੀਕ ਕਰਵਾਉਣ ਦਾ ਯਤਨ ਕਰਨਾ ਤਾਂ ਦੂਰ ਉਸਦਾ ਬਿਜਲੀ ਦਾ ਕੁਨੈਕਸ਼ਨ ਵੀ ਕੱਟਵਾ ਦਿੱਤਾ ਗਿਆ ਹੈ, ਜਿਸ ਕਾਰਨ ਲੋਕ ਪੀਣ ਵਾਲੇ ਪਾਣੀ ਲਈ ਵੀ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਇਸ ਤੋਂ ਇਲਾਵਾ ਹੋਰ ਕਈ ਸਮੱਸਿਆਵਾਂ ਨਾਲ ਮੁਹੱਲਾ ਵਾਸੀ ਜੂਝ ਰਹੇ ਹਨ।

ਉਨ੍ਹਾਂ ਕਿਹਾ ਕਿ ਸਬੰਧਤ ਕੌਂਸਲਰ ਤੇ ਨਗਰ ਨਿਗਮ ਨੂੰ ਕਈ ਵਾਰ ਫਰਿਅਾਦ ਕੀਤੇ ਜਾਣ ਦੇ ਬਾਵਜੂਦ ਉਨ੍ਹਾਂ ਦੀਆਂ ਸਮੱਸਿਆਵਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਪੰਜਾਬ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਜਲਦ ਹੱਲ ਕਰਨ ਦੇ ਸਬੰਧਤ ਵਿਭਾਗ ਨੂੰ ਨਿਰਦੇਸ਼ ਦਿੱਤੇ ਜਾਣ।


Bharat Thapa

Content Editor

Related News